ਬਿਮਾਰੀਆਂ ਦੀ ਲਪੇਟ ਵਿੱਚ ਆਉਣ ਲੱਗੇ ਪਸ਼ੂ
ਹਤਿੰਦਰ ਮਹਿਤਾ
ਜਲੰਧਰ, 23 ਜੁਲਾਈ
ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪਸ਼ੂਆਂ ਨੂੰ ਹੋ ਰਹੀਆਂ ਬਿਮਾਰੀਆਂ ਕਾਰਨ ਪੀੜਤਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹ ਪ੍ਰਭਵਿਤ ਇਲਾਕੇ ਵਿੱਚ ਜ਼ਿਆਦਾਤਰ ਪਸ਼ੂ ਅਜੇ ਵੀ ਸੜਕ ਕਨਿਾਰੇ ਖੜ੍ਹੇ ਆਮ ਦਿਖਾਈ ਦੇ ਰਹੇ ਹਨ। ਪਸ਼ੂਆਂ ਨੂੰ ਪੀਣ ਲਈ ਸਾਫ ਪਾਣੀ ਦੇਣਾ ਵੀ ਲੋਕਾਂ ਲਈ ਚਿੰਤਾ ਦੀ ਵਿਸ਼ਾ ਬਣਿਆ ਹੋਇਆ ਹੈ। ਲੋਹੀਆ ਬਲਾਕ ਦੇ ਮੁੰਡੀ ਚੋੋਹਲੀਆਂ, ਮੰਡਾਲਾ ਛੰਨਾ, ਨਵਾਂ ਪਿੰਡ ਗਿਦੜਪਿੰਡੀ, ਮਹਿਜਰਾਜ ਵਾਲਾ, ਜਲਾਲਪੁਰ ਖੁਰਦ ਤੇ ਹੋਰ ਪਿੰਡਾਂ ਵਿਚ ਪਸ਼ੂਆਂ ਦੀ ਹਾਲਤ ਬਹੁਤ ਹੀ ਤਰਸਯੋਗ ਹੋ ਗਈ ਹੈ। ਪਸ਼ੂਆਂ ਨੂੰ ਪੀਣ ਵਾਲੇ ਪਾਣੀ ਦੇ ਨਾਲ ਨਾਲ ਚਾਰੇ ਦੀ ਵੀ ਦਿੱਕਤ ਆ ਰਹੀ ਹੈ। ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲੋਕ ਹੁਣ ਚਾਰਾ ਲੈ ਕੇ ਆ ਰਹੇ ਹਨ।
ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪਸ਼ੂ ਨੂੰ ਬੈਕਟੀਰੀਆ, ਵਾਇਰਸ, ਪਰਜੀਵੀ, ਫੰਜਾਈ, ਪੋਸ਼ਣ ਦੀ ਘਾਟ, ਰਸਾਇਣਕ ਜ਼ਹਿਰ, ਵਾਲਾਂ ਦਾ ਨੁਕਸਾਨ, ਪੈਰਾਂ ਦੀਆਂ ਬਿਮਾਰੀਆਂ, ਚਮੜੀ ਦੀ ਬਿਮਾਰੀ, ਪੇਟ ਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਇਹ ਬਿਮਾਰੀਆਂ ਪਸ਼ੂਆਂ ਨੂੰ ਜ਼ਿਆਦਾ ਸਮਾਂ ਪਾਣੀ ਵਿੱਚ ਖੜ੍ਹੇ ਰਹਿਣ ਕਾਰਨ ਹੋ ਰਹੀਆਂ ਹਨ। ਹੜ੍ਹ ਪੀੜਤਾਂ ਦੇ ਘਰਾਂ ਵਿਚ ਪਾਣੀ ਵੜ ਜਾਣ ਕਾਰਨ ਕਈ ਤਾਂ ਧੁੱਸੀ ਬੰਨ੍ਹ ’ਤੇ ਹੀ ਰਹਿ ਗੁਜ਼ਾਰਾ ਕਰ ਰਹੇ ਹਨ ਤੇ ਕਈ ਆਪਣੇ ਰਿਸ਼ਤੇਦਾਰਾਂ ਦੇ ਘਰ ਸ਼ਰਨ ਲੈਣ ਚਲੇ ਗਏ ਹਨ ਤੇ ਪਸ਼ੂਆਂ ਦੀ ਕੋਈ ਸਾਰ ਨਹੀਂ ਲੈ ਸਕਦੇ। ਇਸ ਕਾਰਨ ਉਨ੍ਹਾਂ ਦੇ ਪਸ਼ੂ ਹੁਣ ਸਹਾਇਤਾ ਕਰਨ ਵਾਲਿਆਂ ਦੇ ਸਹਾਰੇ ਹੀ ਜਿਉਂਦੇ ਹਨ।
ਸਰਕਾਰ ਵੱਲੋਂ ਵੀ ਪਸ਼ੂਆਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਵੱਖ ਵੱਖ ਥਾਵਾਂ ’ਤੇ ਟੀਮਾਂ ਭੇਜ ਕੇ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਅਨੁਸਾਰ ਪੀੜਤ ਪਸ਼ੂਆਂ ਨੂੰ ਸੁੱਕੀ ਥਾਂ ’ਤੇ ਹੀ ਰੱਖਿਆ ਜਾਵੇ। ਹੜ੍ਹ ਪੀੜਤਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਲਾਕੇ ਵਿਚ ਜ਼ਿਆਦਾ ਡਾਕਟਰਾਂ ਦੀਆਂ ਟੀਮਾਂ ਭੇਜੇ।