ਸਰਕਾਰੀ ਗਊਸ਼ਾਲਾ ’ਚ ਪਸ਼ੂਆਂ ਨੂੰ ਨਹੀਂ ਮਿਲਦਾ ਚਾਰਾ
ਜਸਵੰਤ ਜੱਸ
ਫਰੀਦਕੋਟ, 1 ਦਸੰਬਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਵਿੱਚ ਬਣਾਈ ਗਈ ਸਰਕਾਰੀ ਗਊਸ਼ਾਲਾ ਵਿੱਚ ਸੈਂਕੜੇ ਪਸ਼ੂਆਂ ਨੂੰ ਕਈ ਦਿਨਾਂ ਤੋਂ ਚਾਰਾ ਨਹੀਂ ਮਿਲ ਰਿਹਾ ਜਿਸ ਕਰਕੇ ਇਨ੍ਹਾਂ ਪਸ਼ੂਆਂ ਦੀ ਸਿਹਤ ਬੇਹੱਦ ਮਾੜੀ ਹੋ ਗਈ ਹੈ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਲਿਖਤੀ ਰਿਪੋਰਟ ਸੌਂਪੀ ਸੀ ਅਤੇ ਦੱਸਿਆ ਸੀ ਕਿ ਬੇਸਹਾਰਾ ਪਸ਼ੂਆਂ ਨੂੰ ਇਸ ਗਊਸ਼ਾਲਾ ਵਿੱਚ ਰੱਖਿਆ ਜਾਂਦਾ ਹੈ ਪ੍ਰੰਤੂ ਉਨ੍ਹਾਂ ਨੂੰ ਲੋੜ ਅਨੁਸਾਰ ਚਾਰਾ ਅਤੇ ਹੋਰ ਦਵਾਈਆਂ ਵਗੈਰਾ ਨਹੀਂ ਦਿੱਤੀਆਂ ਜਾ ਰਹੀਆਂ। ਡਿਪਟੀ ਕਮਿਸ਼ਨਰ ਨੇ ਰਿਪੋਰਟ ਮਿਲਣ ਤੋਂ ਬਾਅਦ ਗਊਸ਼ਾਲਾ ਦੇ ਛੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਦੋ ਦਿਨਾਂ ਵਿੱਚ ਸਪੱਸ਼ਟੀਕਰਨ ਮੰਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇ ਅਧਿਕਾਰੀਆਂ ਦੇ ਪੱਧਰ ’ਤੇ ਕਿਸੇ ਤਰ੍ਹਾਂ ਦੀ ਕੁਤਾਹੀ ਪਾਈ ਗਈ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਫਰੀਦਕੋਟ ਅਤੇ ਕੋਟਕਪੂਰਾ ਦੀਆਂ ਕਈ ਗਊਸ਼ਾਲਾਵਾਂ ਵਿੱਚ ਪਸ਼ੂਆਂ ਦੀ ਮਾੜੀ ਹਾਲਤ ਬਾਰੇ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਿਪੋਰਟ ਮਿਲ ਚੁੱਕੀ ਹੈ। ਸ਼ਹਿਰਾਂ ਵਿੱਚ ਘੁੰਮਦੇ ਆਵਾਰਾ ਤੇ ਬੇਸਹਾਰਾ ਪਸ਼ੂਆਂ ਨੂੰ ਸਾਂਭਣ ਲਈ ਗੋਲੇਵਾਲਾ ਵਿੱਚ 25 ਏਕੜ ਵਿੱਚ ਸਰਕਾਰੀ ਗਊਸ਼ਾਲਾ ਬਣਾਈ ਗਈ ਸੀ, ਇਸ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ’ਤੇ ਅਵਾਰਾ ਪਸ਼ੂਆਂ ਦੀ ਆਮਦ ਨਹੀਂ ਘਟੀ ਅਤੇ ਜਿਹੜੇ ਪਸ਼ੂ ਗਊਸ਼ਾਲਾ ਵਿੱਚ ਰੱਖੇ ਗਏ ਹਨ ਉਨ੍ਹਾਂ ਦੀ ਵੀ ਸਾਂਭ ਸੰਭਾਲ ਨਹੀਂ ਹੋ ਰਹੀ। ਜਦੋਂ ਕਿ ਇੱਥੇ ਇਲਾਕੇ ਦੇ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਦਾਨ ਵਜੋਂ ਚਾਰਾ ਦਿੱਤਾ ਜਾਂਦਾ ਹੈ।