For the best experience, open
https://m.punjabitribuneonline.com
on your mobile browser.
Advertisement

ਵੈਟਰਨਰੀ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ

08:08 AM Mar 11, 2024 IST
ਵੈਟਰਨਰੀ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ
Advertisement

ਡਾ. ਹਰਪ੍ਰੀਤ ਸਿੰਘ ਹੀਰੋ*

Advertisement

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਸਾਲ ਵਿੱਚ ਦੋ ਵਾਰ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿੱਚ ਪਸ਼ੂ ਪਾਲਣ ਮੇਲਾ ਕਰਵਾਉਂਦੀ ਹੈ। ਇਹ ਮੇਲਾ ਮਾਰਚ ਅਤੇ ਸਤੰਬਰ ਦੇ ਮਹੀਨੇ ਲਗਾਇਆ ਜਾਂਦਾ ਹੈ। ਮਾਰਚ ਦੇ ਮਹੀਨੇ ਲਗਾਇਆ ਜਾਣਾ ਵਾਲਾ ਇਸ ਵਾਰ ਦਾ ਮੇਲਾ 14-15 ਮਾਰਚ 2024 ਨੂੰ ਕਰਵਾਇਆ ਜਾਵੇਗਾ। ਇਸ ਵਾਰ ਦੇ ਮੇਲੇ ਵਿੱਚ ਮੱਝਾਂ ਪਾਲਣ, ਮੱਛੀ ਪਾਲਣ, ਸੂਰ ਪਾਲਣ ਅਤੇ ਬੱਕਰੀ ਪਾਲਣ ਦੇ ਖੇਤਰ ਵਿਚ ਜੇਤੂ ਪ੍ਰਗਤੀਸ਼ੀਲ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ। ਇਨ੍ਹਾਂ ਇਨਾਮਾਂ ਵਿਚ ਨਗਦ ਰਕਮ ਅਤੇ ਸਨਮਾਨ ਪੱਤਰ ਭੇਟ ਕੀਤੇ ਜਾਣਗੇ।
ਇਸ ਮੇਲੇ ਵਿੱਚ ਵਿਸ਼ੇਸ਼ ਤੌਰ ’ਤੇ ਵਧੀਆ ਨਸਲ ਦੇ ਜਾਨਵਰਾਂ ਜਿਵੇਂ ਮੱਝਾਂ, ਗਾਵਾਂ, ਬੱਕਰੀਆਂ, ਖਰਗੋਸ਼, ਬਰਾਇਲਰ, ਬਟੇਰੇ, ਮੁਰਗੀਆਂ ਅਤੇ ਮੱਛੀਆਂ ਆਦਿ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਪਸ਼ੂਆਂ ਦੀ ਨਸਲ ਸੁਧਾਰ ਲਈ ਵਰਤੇ ਜਾਣ ਵਾਲੇ ਸਾਨ੍ਹਾਂ, ਝੋਟਿਆਂ, ਬੱਕਰਿਆਂ ਆਦਿ ਦੀ ਨੁਮਾਇਸ਼ ਲੱਗੇਗੀ। ਮਸਨੂਈ ਗਰਭਦਾਨ ਅਤੇ ਭਰੂਣ ਤਬਾਦਲੇ ਦੀ ਵਿਧੀ ਬਾਰੇ ਪੂਰਨ ਜਾਣਕਾਰੀ ਮੁਹੱਈਆ ਹੋਵੇਗੀ। ਵੱਖ ਵੱਖ ਕਿਸਮ ਦੇ ਪਸ਼ੂਆਂ ਲਈ ਆਰਾਮਦੇਹ ਅਤੇ ਸਸਤੇ ਸ਼ੈੱਡ ਬਣਾਉਣ ਬਾਰੇ ਗਿਆਨ ਸਾਂਝਾ ਕੀਤਾ ਜਾਵੇਗਾ। ਸਾਫ਼-ਸੁਥਰੇ ਦੁੱਧ ਦੀ ਪੈਦਾਵਾਰ, ਚੁਆਈ ਦਾ ਸਹੀ ਤਰੀਕਾ ਅਤੇ ਮਸ਼ੀਨ ਨਾਲ ਦੁੱਧ ਦੀ ਚੁਆਈ ਬਾਰੇ ਜਾਗਰੂਕਤਾ ਲਿਆਂਦੀ ਜਾਵੇਗੀ। ਭਵਿੱਖ ਦੀ ਬੁਨਿਆਦ ਕਟੜੂਆਂ/ਵਛੜੂਆਂ ਦਾ ਸੁਚੱਜਾ ਪ੍ਰਬੰਧ ਕਰਨ ਬਾਰੇ ਮਾਹਿਰ ਜਾਣਕਾਰੀ ਦੇਣਗੇ। ਵੱਖ ਵੱਖ ਜਾਨਵਰਾਂ ਦੀ ਵਧੀਆ ਸਾਂਭ-ਸੰਭਾਲ ਦੇ ਤਰੀਕੇ ਅਤੇ ਸੰਤੁਲਿਤ ਵੰਡ ਦਾਣਾ ਬਣਾਉਣ ਬਾਰੇ ਤਕਨੀਕਾਂ ਦੱਸੀਆਂ ਜਾਣਗੀਆਂ। ਪਸ਼ੂ ਖ਼ੁਰਾਕ ਵਿੱਚ ਧਾਤਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਜਾਵੇਗਾ। ਦੁਧਾਰੂਆਂ ਲਈ ਧਾਤਾਂ ਦਾ ਮਿਸ਼ਰਨ ਸਸਤੀ ਕੀਮਤ ’ਤੇ ਉਪਲੱਬਧ ਹੋਵੇਗਾ। ਯੂਰੋਮਿਨ ਚਾਟ ਅਤੇ ਧਾਤਾਂ ਦਾ ਮਿਸ਼ਰਨ ਬਣਾਉਣ ਦੀ ਵਿਧੀ ਤੋਂ ਪਸ਼ੂ ਪਾਲਕਾਂ ਨੂੰ ਜਾਣੂ ਕਰਾਇਆ ਜਾਵੇਗਾ।
ਪਸ਼ੂ ਪਾਲਣ ਕਿੱਤਿਆਂ ਵਿਚ ਮਸਨੂਈ ਗਿਆਨ ਦੀ ਉੱਭਰ ਰਹੀ ਮਹੱਤਤਾ ਬਾਰੇ ਵੀ ਮਾਹਿਰ ਜਾਣਕਾਰੀ ਦੇਣਗੇ। ਇਸ ਖੇਤਰ ਵਿੱਚ ਆ ਰਹੇ ਸਮਾਰਟ ਕਾਲਰ, ਪੈਡੋਮੀਟਰ, ਚਿਹਰੇ ਦੀ ਪਛਾਣ ਪ੍ਰਣਾਲੀ, ਪਸ਼ੂ ਦੀ ਚਾਲ ਨਿਰੀਖਣ ਢਾਂਚਾ, ਆਟੋਮੈਟਿਕ ਫੀਡ ਮੈਨੇਜਰ, ਰੋਬੋਟ ਕੈਮਰੇ ਅਤੇ ਹੋਰ ਕਈ ਢੰਗਾਂ, ਤਕਨੀਕਾਂ ਬਾਰੇ ਜਾਣੂ ਕੀਤਾ ਜਾਵੇਗਾ। ਫਾਰਮਾਂ ਦੀ ਜੈਵਿਕ ਸੁਰੱਖਿਆ ਸਬੰਧੀ ਅਤੇ ਬਿਮਾਰੀ ਪੈਦਾ ਕਰਨ ਵਾਲੇ ਜੀਵਾਂ ਦੀ ਪਛਾਣ ਅਤੇ ਉਨ੍ਹਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਸਬੰਧੀ ਜਾਗਰੂਕਤਾ ਲਈ ਜਾਣਕਾਰੀ ਦਿੱਤੀ ਜਾਵੇਗੀ। ਇਸ ਮਕਸਦ ਲਈ ਵਰਤੇ ਜਾਣ ਵਾਲੇ ਢੰਗ ਅਤੇ ਅਭਿਆਸ ਪਸ਼ੂ ਪਾਲਕਾਂ ਨੂੰ ਦੱਸੇ ਜਾਣਗੇ।
ਤੂੜੀ ਅਤੇ ਪਰਾਲੀ ਦੀ ਯੂਰੀਆ ਨਾਲ ਸੋਧ ਕਰਨ ਦੀ ਵਿਧੀ ਵਿਹਾਰਕ ਤੌਰ ’ਤੇ ਦੱਸੀ ਜਾਵੇਗੀ। ਪਸ਼ੂ ਪਾਲਣ ਲਈ ਹਰੇ-ਚਾਰੇ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ। ਫ਼ਾਲਤੂ ਹਰੇ ਚਾਰੇ ਨੂੰ ਲੰਬੇ ਅਰਸੇ ਤੱਕ ਸੰਭਾਲਣ ਦੇ ਤਰੀਕੇ ਅਤੇ ਆਚਾਰ/ਸਾਈਲੇਜ ਬਣਾਉਣ ਬਾਰੇ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਪਸ਼ੂ ਖ਼ੁਰਾਕ ਅਤੇ ਖ਼ੁਰਾਕੀ ਵਸਤਾਂ ਨੂੰ ਪ੍ਰਯੋਗਸ਼ਾਲਾ ਰਾਹੀਂ ਪਰਖ ਕਰਨ ਦੀ ਸੇਵਾ ਵੀ ਮੇਲੇ ਵਿੱਚ ਪ੍ਰਦਾਨ ਕੀਤੀ ਜਾਵੇਗੀ। ਪਸ਼ੂਆਂ ਵਿੱਚ ਸਿਹਤ ਸਮੱਸਿਆ ਸਮੇਂ ਮੁੱਢਲੀ ਸਹਾਇਤਾ ਬਾਰੇ ਮਾਹਿਰ ਹਰ ਤਰ੍ਹਾਂ ਦੀ ਜਾਣਕਾਰੀ ਦੇਣਗੇ।
ਪਸ਼ੂਆਂ ਦੀਆਂ ਸਿਹਤ ਸਮੱਸਿਆਵਾਂ ਜਿਵੇਂ ਅਫਾਰਾ, ਮੋਕ, ਲੰਙ ਮਾਰਨਾ, ਖੁਰ ਵਧਣੇ, ਲੇਵੇ ਦੀ ਸੋਜ, ਲਹੂ ਮੂਤਣਾ, ਧਾਤਾਂ ਦੀ ਘਾਟ ਤੋਂ ਬਚਾਅ ਅਤੇ ਰੋਕਥਾਮ ਬਾਰੇ ਵੀ ਮਾਹਿਰ ਗਿਆਨ ਦੇਣਗੇ। ਮਲੱਪਾਂ ਅਤੇ ਚਿੱਚੜਾਂ ਤੋਂ ਉਤਪੰਨ ਹੋਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਉਪਰਾਲੇ ਦੱਸੇ ਜਾਣਗੇ। ਅਪਰੇਸ਼ਨ ਰਾਹੀਂ ਇਲਾਜਯੋਗ ਰੋਗਾਂ ਦੇ ਇਲਾਜ ਦੀਆਂ ਸਹੂਲਤਾਂ ਜਿਵੇਂ ਰਸੌਲੀ, ਸਰਨ, ਟੁੱਟੀ ਹੱਡੀ, ਬੰਨ੍ਹ ਪੈਣਾ, ਹਰਨੀਆਂ, ਪਿਸ਼ਾਬ ਦਾ ਬੰਨ੍ਹ, ਥਣ ਦਾ ਬੰਦ ਹੋਣਾ ਬਾਰੇ ਡਾਕਟਰ ਮੌਕੇ ’ਤੇ ਹੀ ਇਲਾਜ ਦੱਸਣਗੇ। ਪ੍ਰਜਣਨ ਸਬੰਧੀ ਸਮੱਸਿਆਵਾਂ ਜਿਵੇਂ ਗੂੰਗਾ ਹੇਹਾ, ਹੇਹੇ ਵਿੱਚ ਨਾ ਆਉਣਾ, ਵਾਰ ਵਾਰ ਫਿਰਨਾ, ਪਿੱਛਾ ਮਾਰਨਾ, ਬੱਚਾ ਸੁੱਟਣਾ, ਔਖੀ ਸੁਆਈ, ਜੇਰ ਨਾ ਪੈਣਾ, ਬੱਚੇਦਾਨੀ ਦਾ ਵਲੇਵਾਂ ਆਦਿ ਦੇ ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਮੁਹੱਈਆ ਕਰਾਈ ਜਾਵੇਗੀ।
ਪਸ਼ੂਆਂ ਨੂੰ ਸਿਹਤਮੰਦ ਰੱਖਣ ਲਈ ਕਿਰਮ ਰਹਿਤ ਕਰਨ ਦੀ ਵਿਧੀ, ਬਿਮਾਰੀਆਂ ਦੇ ਬਚਾਅ ਲਈ ਟੀਕਾਕਰਨ ਦੇ ਢੰਗ-ਤਰੀਕਿਆਂ ਅਤੇ ਸਮਾਂ ਸਾਰਨੀ ਬਾਰੇ ਜਾਗਰੂਕ ਕੀਤਾ ਜਾਵੇਗਾ। ਪਸ਼ੂਆਂ ਵਿੱਚ ਬਿਮਾਰੀਆਂ ਦੀ ਮੂਲ ਜੜ੍ਹ ਲੱਭਣ ਲਈ ਦੁੱਧ, ਗੋਹਾ, ਖੂਨ, ਤਾਰਾਂ, ਪਿਸ਼ਾਬ, ਵੀਰਜ ਅਦਿ ਦੀ ਮੌਕੇ ’ਤੇ ਹੀ ਜਾਂਚ ਦੀ ਸਹੂਲਤ ਉਪਲਬਧ ਹੋਵੇਗੀ। ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਵਿੱਚ ਮੌਜੂਦ ਇਲਾਜ, ਐਕਸ-ਰੇਅ, ਅਲਟਰਾਸਾਊਂਡ, ਪ੍ਰਯੋਗਸ਼ਾਲਾ, ਪੋਸਟ ਮਾਰਟਮ ਆਦਿ ਸੇਵਾਵਾਂ ਬਾਰੇ ਚਾਨਣਾ ਪਾਇਆ ਜਾਵੇਗਾ। ਪਸ਼ੂਆਂ ਤੋਂ ਇਨਸਾਨਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹਲਕਾਅ, ਤਪਦਿਕ, ਤੂਅ ਜਾਣਾ ਆਦਿ ਦੀ ਜਾਂਚ ਅਤੇ ਬਚਾਅ ਲਈ ਸੁਚੇਤ ਕੀਤਾ ਜਾਵੇਗਾ। ਚਾਰਿਆਂ ਦੇ ਜ਼ਹਿਰਬਾਦ ਅਤੇ ਹੋਰ ਜ਼ਹਿਰਾਂ ਤੋਂ ਬਚਾਅ ਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਜਾਨਵਰਾਂ ਵਿੱਚ ਕੀਟਨਾਸ਼ਕ ਵਰਤਣ ਦੇ ਸਹੀ ਢੰਗ ਤਰੀਕੇ ਅਤੇ ਸਾਵਧਾਨੀਆਂ ਬਾਰੇ ਪਸ਼ੂ ਪਾਲਕਾਂ ਨੂੰ ਤਕਨੀਕਾਂ ਦੱਸੀਆਂ ਜਾਣਗੀਆਂ। ਨਵੀਆਂ ਤੇ ਉੱਭਰਦੀਆਂ ਬਿਮਾਰੀਆਂ ਜਿਵੇਂ ਸਵਾਈਨ ਫਲੂ, ਅਫਰੀਕਨ ਸਵਾਈਨ ਫੀਵਰ, ਲੰਪੀ ਸਕਿਨ ਆਦਿ ਬਾਰੇ ਗਿਆਨ ਦਿੱਤਾ ਜਾਵੇਗਾ। ਉੱਲੀ ਅਤੇ ਉੱਲੀ ਰੋਗਾਂ ਦੀ ਸਮੱਸਿਆ ਤੋਂ ਬਚਾਅ ਅਤੇ ਛੁਟਕਾਰੇ ਬਾਰੇ ਉਪਾਅ ਦੱਸੇ ਜਾਣਗੇ। ਦੁੱਧ, ਆਂਡਿਆਂ ਅਤੇ ਮਾਸ ਦੇ ਪਦਾਰਥ ਬਣਾਉਣ ਬਾਰੇ ਗਿਆਨ ਦਿੱਤਾ ਜਾਵੇਗਾ। ਵੱਖ-ਵੱਖ ਤਰ੍ਹਾਂ ਦੀਆਂ ਤਕਨੀਕਾਂ ਜਿਵੇਂ ਥਣਾਂ ਨੂੰ ਡੋਬਾ ਦੇਣਾ, ਦੁੱਧ ਦੀ ਸਹੀ ਚੁਆਈ, ਖੁਰਾਂ ਦੀ ਕਟਾਈ ਕਰ ਕੇ ਸਹੀ ਆਕਾਰ ਦੇਣ ਬਾਰੇ ਪ੍ਰਦਰਸ਼ਨੀ ਲਗਾਈ ਜਾਏਗੀ। ਐਮਰਜੈਂਸੀ ਵਿੱਚ ਯੂਨੀਵਰਸਿਟੀ ਤੋਂ ਉਪਲਬਧ ਸਹਾਇਤਾ ਅਤੇ ਐਂਬੂਲੈਂਸ ਦੀ ਸਹੂਲਤ ਬਾਰੇ ਵੇਰਵੇ ਸਹਿਤ ਜਾਣਕਾਰੀ ਮੁਹੱਈਆ ਹੋਵੇਗੀ। ਮੱਛੀ ਪਾਲਣ, ਝੀਂਗਾ ਮੱਛੀ ਅਤੇ ਸਜਾਵਟੀ ਮੱਛੀਆਂ ਦੀ ਸਾਂਭ-ਸੰਭਾਲ, ਬਿਮਾਰੀਆਂ ਅਤੇ ਕਿੱਤਾ ਕਰਨ ਬਾਰੇ ਮਾਹਿਰ ਪੂਰਨ ਜਾਣਕਾਰੀ ਦੇਣਗੇ। ਪਾਲਤੂ ਜਾਨਵਰ ਕੁੱਤੇ, ਬਿੱਲੀਆਂ ਆਦਿ ਨੂੰ ਪਾਲਣ ਅਤੇ ਸਹੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਪਸ਼ੂ ਪਾਲਣ, ਬੱਕਰੀ ਪਾਲਣ, ਸੂਰ ਪਾਲਣ, ਮੁਰਗੀ ਪਾਲਣ, ਮੱਛੀ ਪਾਲਣ ਆਦਿ ਧੰਦਿਆਂ ਬਾਰੇ ਲਗਾਏ ਜਾਣ ਵਾਲੇ ਸਿਖਲਾਈ ਕੋਰਸਾਂ ਵਿੱਚ ਦਾਖ਼ਲੇ ਬਾਰੇ ਵੀ ਸੂਚਿਤ ਕੀਤਾ ਜਾਵੇਗਾ। ਪਸ਼ੂ ਪਾਲਣ ਧੰਦਿਆਂ ਨੂੰ ਵਿਗਿਆਨਕ ਤਰੀਕੇ ਨਾਲ ਕਰਨ ਲਈ ਕਿਤਾਬਾਂ ਅਤੇ ਰਸਾਲੇ ਸਸਤੀ ਕੀਮਤ ’ਤੇ ਉਪਲੱਬਧ ਹੋਣਗੇ। ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਰਸਾਲੇ ‘ਵਿਗਿਆਨਕ ਪਸ਼ੂ ਪਾਲਣ’ ਲਈ ਵੀ ਕਿਸਾਨ ਚੰਦਾ ਜਮ੍ਹਾਂ ਕਰਵਾ ਸਕਦੇ ਹਨ। ਪਸ਼ੂ ਭਲਾਈ ਕੈਂਪ ਅਤੇ ਦਿਵਸ ਲਗਾਉਣ ਲਈ ਵੀ ਪਸ਼ੂ ਪਾਲਕ ਮਾਹਿਰਾਂ ਨਾਲ ਸਲਾਹ ਕਰ ਸਕਣਗੇ।
ਮੇਲੇ ਵਿੱਚ ਆਏ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਦੇਣ ਲਈ ਵੱਖਰੇ ਸਵਾਲ-ਜਵਾਬ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਦਾ ਲਾਹਾ ਕਿਸਾਨ ਵੀਰ ਬਾਖ਼ੂਬੀ ਲੈ ਸਕਣਗੇ। ਪਸ਼ੂਧਨ ਨਾਲ ਸਬੰਧਤ ਵੱਖ ਵੱਖ ਸਰਕਾਰੀ ਵਿਭਾਗ ਜਿਵੇਂ ਪਸ਼ੂ ਪਾਲਣ ਵਿਭਾਗ, ਡੇਅਰੀ ਵਿਕਾਸ ਵਿਭਾਗ, ਮੱਛੀ ਪਾਲਣ ਵਿਭਾਗ, ਮਿਲਕਫੈੱਡ, ਮਾਰਕਫੈੱਡ ਵੀ ਆਪਣੇ ਵਿਭਾਗਾਂ ਦੀਆਂ ਸਹੂਲਤਾਂ ਦੱਸਣ ਲਈ ਸ਼ਿਰਕਤ ਕਰਨਗੇ। ਨੁਮਾਇਸ਼ ਵਿੱਚ ਦਵਾਈਆਂ, ਖ਼ੁਰਾਕ ਅਤੇ ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਆਪੋ-ਆਪਣੇ ਉਤਪਾਦਾਂ ਬਾਰੇ ਜਾਣਕਾਰੀ ਦੇਣਗੀਆਂ। ਯੂਨੀਵਰਸਿਟੀ ਦੇ ਸਹਿਯੋਗ ਅਧੀਨ ਕੰਮ ਕਰਦੀਆਂ ਪਸ਼ੂ ਪਾਲਕਾਂ ਦੀਆਂ ਵੱਖੋ-ਵੱਖ ਜਥੇਬੰਦੀਆਂ ਵੀ ਮੇਲੇ ਵਿੱਚ ਆਪੋ-ਆਪਣੇ ਸਟਾਲ ਸਜਾਉਣਗੀਆਂ। ਯੂਨੀਵਰਸਿਟੀ ਵਿੱਚ ਪੜ੍ਹਾਈ ਕਰਵਾਉਣ ਜਾਂ ਬੱਚਿਆਂ ਨੂੰ ਦਾਖ਼ਲੇ ਬਾਰੇ ਦੱਸਿਆ ਜਾਵੇਗਾ।
ਪਸ਼ੂ ਪਾਲਕ ਆਪੋ-ਆਪਣੇ ਧੰਦੇ ਦੀ ਬਿਹਤਰੀ ਲਈ ਨਵੀਂ ਜਾਣਕਾਰੀ ਵਿਗਿਆਨੀਆਂ ਤੋਂ ਹਾਸਲ ਕਰ ਕੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਨ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕਰ ਸਕਦੇ ਹਨ। ਯੂਨੀਵਰਸਿਟੀ ਵੱਲੋਂ ਇਹ ਉਪਰਾਲੇ ਕਿਸਾਨ ਭਾਈਚਾਰੇ ਲਈ ਕੀਤੇ ਜਾਂਦੇ ਹਨ ਜਿਸ ਦਾ ਪਸ਼ੂ ਪਾਲਕ ਵੱਧ ਤੋਂ ਵੱਧ ਫ਼ਾਇਦਾ ਲੈਣ। ਆਪ ਆਉ, ਘਰ ਦੀਆਂ ਔਰਤਾਂ ਨੂੰ ਲਿਆਓ, ਗੁਆਂਢੀ ਅਤੇ ਦੋਸਤਾਂ ਨੂੰ ਲੈ ਕੇ ਆਉ, ਮੇਲੇ ਦੀ ਰੌਣਕ ਵਧਾਓ ਤੇ ਗਿਆਨ ਅਤੇ ਪਸ਼ੂ ਪਾਲਣ ਕਿੱਤੇ ਨਾਲ ਜੁੜਿਆ ਸਾਮਾਨ ਵੀ ਲੈ ਕੇ ਜਾਉ। ਸਾਇੰਸਦਾਨ ਬੜੇ ਚਾਅ ਨਾਲ ਉਡੀਕ ਕਰਦੇ ਹਨ ਕਿ ਕਿਸਾਨਾਂ ਨਾਲ ਮਿਲਾਂਗੇ, ਕੁਝ ਗਿਆਨ ਦੇਵਾਂਗੇ ਤੇ ਕੁਝ ਜ਼ਮੀਨੀ ਹਕੀਕਤ ਜਾਣਾਗੇ, ਫਿਰ ਉਨ੍ਹਾਂ ’ਤੇ ਖੋਜ ਕਰਾਂਗੇ ਤੇ ਤੁਹਾਡੇ ਲਈ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਾਂਗੇ।
*ਐਸੋਸੀਏਟ ਪ੍ਰੋਫੈਸਰ (ਸੰਚਾਰ), ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ।
ਸੰਪਰਕ: 98159-09003

Advertisement
Author Image

Advertisement
Advertisement
×