ਅਨਿਲ ਕਪੂਰ ਦੀ ਫ਼ਿਲਮ ‘ਤਾਲ’ ਦੇ 25 ਸਾਲ ਮੁਕੰਮਲ
ਮੁੰਬਈ:
ਬੌਲੀਵੁੱਡ ਦੇ ਉੱਘੇ ਅਦਾਕਾਰ ਅਨਿਲ ਕਪੂਰ ਦੀ ਫ਼ਿਲਮ ‘ਤਾਲ’ ਨੂੰ ਸਿਨੇ ਜਗਤ ’ਚ ਰਿਲੀਜ਼ ਹੋਇਆਂ ਅੱਜ 25 ਸਾਲ ਹੋ ਗਏ ਹਨ। ਅਦਾਕਾਰ ਨੇ ਫ਼ਿਲਮ ਦੀ ਸ਼ੂਟਿੰਗ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕੀਤਾ ਹੈ। ਅਨਿਲ ਕਪੂਰ ਨੇ ਦੱਸਿਆ ਕਿ ਸਾਲ 1999 ’ਚ ਆਈ ਫ਼ਿਲਮ ‘ਤਾਲ’ ਦੇ ਗੀਤ ‘ਰਮਤਾ ਜੋਗੀ’ ਦੀ ਸ਼ੂਟਿੰਗ ਉਨ੍ਹਾਂ ਨੇ ਬਿਨਾਂ ਕਿਸੇ ਰਿਹਰਸਲ ਤੋਂ ਪੂਰੀ ਕੀਤੀ ਸੀ। ਅਦਾਕਾਰ ਨੇ ਇੰਸਟਾਗ੍ਰਾਮ ’ਤੇ ਗੀਤ ਦੀ ਸ਼ੂਟਿੰਗ ਨਾਲ ਸਬੰਧਤ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਦੱਸਣਯੋਗ ਹੈ ਕਿ ‘ਰਮਤਾ ਜੋਗੀ’ ਗੀਤ ਨੂੰ ਬੋਲ ਸੁਖਵਿੰਦਰ ਸਿੰਘ ਤੇ ਅਲਕਾ ਯਾਗਨਿਕ ਨੇ ਦਿੱਤੇ ਸਨ। ਇੰਸਟਾਗ੍ਰਾਮ ’ਤੇ ਇਹ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਆਖਿਆ, ‘‘25 ਸਾਲ ਪਹਿਲਾਂ, ਮੈਨੂੰ ਇੱਕ ਸਿਨੇਮੈਟਿਕ ਮਾਸਟਰਪੀਸ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਜੋ ਅੱਜ ਵੀ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ। ਫ਼ਿਲਮ ‘ਤਾਲ’ ’ਚ ਵਿਕਰਾਂਤ ਕਪੂਰ ਵਜੋਂ ਨਿਭਾਇਆ ਕਿਰਦਾਰ ਮੇਰੇ ਕਰੀਅਰ ਦਾ ਅਭੁੱਲ ਪਲ ਸੀ ਅਤੇ ਮੈਂ ਇਸ ਸਨਮਾਨ ਲਈ ਸੁਭਾਸ਼ ਘਈ ਦਾ ਸਦਾ ਧੰਨਵਾਦੀ ਹਾਂ। ਉਨ੍ਹਾਂ ਮੇਰੇ ’ਤੇ ਭਰੋਸਾ ਕੀਤਾ।’’ ਅਦਾਕਾਰ ਨੇ ਕਿਹਾ ਕਿ ‘ਰਮਤਾ ਜੋਗੀ’ ਉਸ ਦਾ ਪੰਸਦੀਦਾ ਗੀਤ ਹੈ। ਉਨ੍ਹਾਂ ਕਿਹਾ ਕਿ ਇਸ ਗੀਤ ਦੀ ਕੋਰੀਓਗ੍ਰਾਫੀ ਪਹਿਲਾਂ ਫ਼ਰਹਾ ਖ਼ਾਨ ਨੇ ਕਰਨੀ ਸੀ ਪਰ ਮੌਕੇ ’ਤੇ ਉਨ੍ਹਾਂ ਨਾਂਹ ਕਰ ਦਿੱਤੀ। ਫਿਰ ਮਾਰੂਫ਼ ਕੋਰੀਓਗ੍ਰਾਫਰ ਸਰੋਜ ਖ਼ਾਨ ਨੇ ਗੀਤ ਦੀ ਕੋਰੀਓਗ੍ਰਾਫੀ ਕੀਤੀ। ਅਨਿਲ ਨੇ ਇਹ ਵੀ ਕਿਹਾ, ‘‘ਮੈਂ ਬਿਨਾਂ ਕਿਸੇ ਰਿਹਰਸਲ ਤੋਂ ਇਹ ਗੀਤ ਮੁਕੰਮਲ ਕੀਤਾ। ਸ਼ਾਨਦਾਰ ਡਾਂਸਰ ਐਸ਼ਵਰਿਆ ਰਾਏ ਬੱਚਨ ਨਾਲ ਕੰਮ ਕਰਨਾ ਆਪਣੇ ਆਪ ਵਿੱਚ ਰੋਮਾਂਚਕ ਸੀ।” -ਆਈਏਐੱਨਐੱਸ