ਆਂਗਣਵਾੜੀ ਵਰਕਰਾਂ ਨੇ ਵਿਧਾਇਕ ਦਾ ਘਰ ਘੇਰਿਆ
ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 13 ਅਗਸਤ
ਇੱਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਵਰਕਰਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਅੱਜ ਇੱਥੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਅੱਗੇ ਕਾਲੀਆਂ ਚੁੰਨੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ।
ਯੂਨੀਅਨ ਦੀਆਂ ਆਗੂਆਂ ਨੇ ਦੋਸ਼ ਲਾਇਆ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇ ਕਰੀਬ 10 ਮਹੀਨਿਆਂ ਤੋਂ ਮਾਣ ਭੱਤਾ ਨਹੀਂ ਮਿਲਿਆ, ਜਿਸ ਕਰਕੇ ਉਨ੍ਹਾਂ ਦਾ ਘਰ ਦਾ ਗੁਜ਼ਾਰਾ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਜਦੋਂ ਦੀ ‘ਆਪ’ ਦੀ ਸਰਕਾਰ ਬਣੀ ਹੈ, ਉਦੋਂ ਤੋਂ ਤਨਖਾਹਾਂ ਸਮੇਂ ਸਿਰ ਨਹੀਂ ਮਿਲ ਰਹੀਆਂ। ਉਨ੍ਹਾਂ ਮੰਗ ਕੀਤੀ ਕਿ ਪਿਛਲਾ ਬਕਾਇਆ ਦੇਣ ਸਣੇ ਅੱਗੇ ਤੋਂ ਹਰ ਮਹੀਨੇ ਦੀ 3 ਤਰੀਕ ਨੂੰ ਮਾਣ ਭੱਤਾ ਦੇਣਾ ਯਕੀਨੀ ਬਣਾਇਆ ਜਾਵੇ।ਉਨ੍ਹਾਂ ਤਿੰਨ ਬਲਾਕਾਂ ਬਠਿੰਡਾ, ਤਰਸਿੱਕਾ ਅਤੇ ਸਿੱਧਵਾਂ ਬੇਟ ਨੂੰ ਬਾਲ ਭਲਾਈ ਕੌਂਸਲ ਐੱਨਜੀਓ ਤੋਂ ਬਾਹਰ ਕਰਕੇ ਮੁੱਖ ਵਿਭਾਗ ਵਿੱਚ ਸ਼ਾਮਲ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਪੀਐਮਐਮਵੀਵਾਈ ਅਤੇ ਸੀਬੀਈ ਦੇ ਪੈਸੇ ਹਰ ਮਹੀਨੇ ਦਿੱਤੇ ਜਾਣ ਅਤੇ ਰਹਿੰਦੀ ਰਕਮ ਦਾ ਤੁਰੰਤ ਭੁਗਤਾਨ ਕੀਤਾ ਜਾਵੇ। ਇਸ ਦੇ ਨਾਲ ਹੀ ਆਂਗਣਵਾੜੀ ਕੇਂਦਰਾਂ ਦੇ ਕਿਰਾਏ ਦਾ ਭੁਗਤਾਨ ਤੁਰੰਤ ਕਰਨ ਅਤੇ ਪਿਛਲੇ ਸਾਲ ਦਾ ਵਰਦੀ ਭੱਤਾ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ।