ਆਂਗਣਵਾੜੀ ਵਰਕਰਾਂ ’ਚ ਕੇਂਦਰ ਦੀਆਂ ਨੀਤੀਆਂ ਖ਼ਿਲਾਫ਼ ਰੋਸ
ਪੱਤਰ ਪ੍ਰੇਰਕ
ਮਾਨਸਾ, 30 ਸਤੰਬਰ
ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਰੇਟਾ ਦੀ ਅਗਵਾਈ ਵਿੱਚ ਸੈਂਕੜੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਇਥੇ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਵਿੱਚ ਰੋਹ ਭਰਪੂਰ ਰੈਲੀ ਕੀਤੀ। ਇਸ ਰੈਲੀ ਤੋਂ ਪਹਿਲਾਂ ਪੰਜਾਬ ਸਰਕਾਰ ਖਿਲਾਫ਼ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਆਗੂ ਸ਼ਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਆਈ.ਸੀ.ਡੀ.ਐਸ. ਸਕੀਮ ਵੈਟੀਲੇਟਰ ’ਤੇ ਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਸਕੀਮ 2 ਅਕਤੂਬਰ 1975 ਤੋਂ ਸ਼ੁਰੂ ਹੋਕੇ ਅੱਜ 50 ਵੇਂ ਸਾਲ ਵਿੱਚ ਸ਼ਾਮਲ ਹੋ ਗਈ ਹੈ, ਪਰ ਕੇਂਦਰ ਸਰਕਾਰ ਨੇ ਸਿਵਾਏ ਇਸ ਸਕੀਮ ਨੂੰ ਸੋਹਣੇ ਨਾਮ ਦੇਣ ਦੇ ਬਾਵਜੂਦ ਇਸ ਸਕੀਮ ਨੂੰ ਪੂਰਨ ਸਮਰੱਥ ਕਰਨ ਲਈ ਬਜਟ ਨਹੀਂ ਅਲਾਟ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਆਂਗਣਵਾੜੀ ਨੂੰ ਨਿਗੂਣਾ ਜਿਹਾ ਪੈਸਾ ਦਿੱਤਾ ਜਾਂਦਾ ਹੈ, ਜਿਸ ਨਾਲ ਇਸ ਸਕੀਮ ਅਧੀਨ ਸਾਰੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਸਕਦੀਆਂ ਹੈ।
ਮਨਜੀਤ ਕੌਰ ਬੀਰੋਕੇ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਦੇ ਪਿਛਲੇ ਬਕਾਏ ਜਾਰੀ ਨਹੀਂ ਕੀਤੇ ਹਨ, ਜਦੋਂ ਕਿ ਹੁਣ ਇਸ਼ਤਿਹਾਰਬਾਜ਼ੀ ਕਰਕੇ ਲੱਖਾਂ ਰੁਪਏ ਬਿਨਾਂ ਵਜ੍ਹਾ ਰੋੜ੍ਹੇ ਜਾ ਰਹੇ ਹਨ।