ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ 2.94 ਲੱਖ ਕਰੋੜ ਦਾ ਬਜਟ ਪੇਸ਼
ਅਮਰਾਵਤੀ, 11 ਨਵੰਬਰ
ਆਂਧਰਾ ਪ੍ਰਦੇਸ਼ ਸਰਕਾਰ ਨੇ ਅੱਜ ਵਿੱਤੀ ਵਰ੍ਹੇ 2024-25 ਲਈ 2.94 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਪਯਾਵੁਲਾ ਕੇਸ਼ਵ ਨੇ ਕਿਹਾ ਕਿ ਇਸ ਬਜਟ ਦਾ ਮਕਸਦ ਸੂਬੇ ਦੀ ਵਿੱਤੀ ਹਾਲਤ ਨੂੰ ਮੁੜ ਲੀਹ ’ਤੇ ਲਿਆਉਣਾ ਹੈ। ਬਜਟ ਵਿੱਚ ਪੰਚਾਇਤ ਰਾਜ ਅਤੇ ਪੇਂਡੂ ਵਿਕਾਸ ਲਈ 16,739 ਕਰੋੜ ਰੁਪਏ ਰੱਖੇ ਗਏ ਹਨ। ਇਸ ਵਿਭਾਗ ਦਾ ਚਾਰਜ ਉਪ ਮੁੱਖ ਮੰਤਰੀ ਪਵਨ ਕਲਿਆਣ ਕੋਲ ਹੈ। ਇਸੇ ਤਰ੍ਹਾਂ ਸਕੂਲੀ ਸਿੱਖਿਆ ਲਈ 29,909 ਕਰੋੜ ਰੁਪਏ ਅਤੇ ਸਿਹਤ ਸੰਭਾਲ ਅਤੇ ਪਰਿਵਾਰ ਭਲਾਈ ਲਈ 18,421 ਕਰੋੜ ਰੁਪਏ ਰੱਖੇ ਗਏ ਹਨ।
ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਚਾਲੂ ਵਿੱਤੀ ਵਰ੍ਹੇ ਲਈ ਸੰਭਾਵੀ ਮਾਲੀਆ ਘਾਟਾ ਕਰੀਬ 34,743 ਕਰੋੜ ਰੁਪਏ (ਜੀਐੱਸਡੀਪੀ ਦਾ 2.12 ਫੀਸਦੀ) ਅਤੇ ਵਿੱਤੀ ਘਾਟਾ ਲਗਪਗ 68,743 ਕਰੋੜ ਰੁਪਏ (ਜੀਐੱਸਡੀਪੀ ਦਾ 4.19 ਫੀਸਦ) ਰਹਿਣ ਦਾ ਅਨੁਮਾਨ ਹੈ। ਕੇਸ਼ਵ ਨੇ ਨਵੀਂ ਬਣੀ ਐੱਨਡੀਏ ਸਰਕਾਰ ਦੇ ਦੂਜੇ ਵਿਧਾਨ ਸਭਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ, ‘ਅੱਜ ਮੈਂ ਜੋ ਬਜਟ ਪ੍ਰਸਤਾਵ ਪੇਸ਼ ਕਰ ਰਿਹਾ ਹਾਂ, ਉਹ ਸੂਬੇ ਦੀ ਵਿੱਤੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਅਤੇ ਇਸ ਨੂੰ ਵਿੱਤੀ ਰੂਪ ਵਿੱਚ ਮੁੜ ਖੜ੍ਹਾ ਕਰਨ ਲਈ ਤਿਆਰ ਕੀਤਾ ਗਿਆ ਹੈ।’ ਸਰਕਾਰ ਵੱਲੋਂ ਪੇਸ਼ ਕੀਤੇ ਗਏ 2.94 ਲੱਖ ਕਰੋੜ ਰੁਪਏ ਦੇ ਬਜਟ ਵਿੱਚ ਮਾਲੀਆ ਖਰਚੇ 2.36 ਲੱਖ ਕਰੋੜ ਰੁਪਏ ਅਤੇ ਪੂੰਜੀਗਤ ਖਰਚੇ 32,713 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। -ਪੀਟੀਆਈ