For the best experience, open
https://m.punjabitribuneonline.com
on your mobile browser.
Advertisement

..ਤੇ ਫਿਰ ਇੰਜ ਬੰਦ ਹੋਇਆ ਲਾਊਡ ਸਪੀਕਰ

07:38 AM Jun 17, 2024 IST
  ਤੇ ਫਿਰ ਇੰਜ ਬੰਦ ਹੋਇਆ ਲਾਊਡ ਸਪੀਕਰ
Advertisement

ਸੁਮੀਤ ਸਿੰਘ
ਕੋਈ ਛੇ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਮੇਰੀ ਚਾਚੀ ਸੱਸ ਦੇ ਭੋਗ ਉਤੇ ਪਤਨੀ ਨਾਲ ਧੂਰੀ ਜਾਣਾ ਪਿਆ। ਉਥੇ ਜਾ ਕੇ ਪਤਾ ਲੱਗਾ ਕਿ ਬੁਖਾਰ ਅਤੇ ਛਾਤੀ ਦੇ ਇਨਫੈਕਸ਼ਨ ਕਾਰਨ ਸੱਸ ਮਾਂ ਦੀ ਤਬੀਅਤ ਵੀ ਕਾਫ਼ੀ ਖ਼ਰਾਬ ਹੈ। ਭਾਵੇਂ ਦਿਨ ਵੇਲੇ ਜਾ ਕੇ ਮੇਰੇ ਸਹੁਰਾ ਸਾਹਿਬ ਨੇ ਕਿਸੇ ਪ੍ਰਾਈਵੇਟ ਡਾਕਟਰ ਕੋਲੋਂ ਦਵਾਈ ਲੈ ਆਂਦੀ ਸੀ ਪਰ ਦੋ ਖੁਰਾਕਾਂ ਲੈਣ ਬਾਅਦ ਵੀ ਕੋਈ ਖਾਸ ਫਰਕ ਨਹੀਂ ਸੀ ਪਿਆ। ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਮਾਤਾ ਜੀ ਬਿਮਾਰੀ ਕਾਰਨ ਲਗਾਤਾਰ ਬੇਚੈਨੀ ਮਹਿਸੂਸ ਕਰਦੇ ਹੋਏ ਹੂੰਘ ਰਹੇ ਸਨ। ਇਸਦੇ ਨਾਲ ਹੀ ਪਿਛਲੇ ਦੋ ਘੰਟਿਆਂ ਤੋਂ ਕਿਸੇ ਸਮਾਗਮ ’ਚ ਉੱਚੀ ਸੁਰ ’ਚ ਵੱਜਦੇ ਲਾਊਡ ਸਪੀਕਰ ਦੀ ਆਵਾਜ਼ ਹੋਰ ਪ੍ਰੇਸ਼ਾਨ ਕਰਦੀ ਜਾ ਰਹੀ ਸੀ। ਮੈਂ ਪਿਛਲੇ ਇਕ ਘੰਟੇ ਤੋਂ ਉਸਲਵੱਟੇ ਲੈਂਦਾ ਇਸ ਉਮੀਦ ’ਚ ਸੀ ਕਿ ਲਾਊਡ ਸਪੀਕਰ ਸਾਢੇ ਦਸ ਵਜੇ ਤਕ ਬੰਦ ਹੋ ਹੀ ਜਾਵੇਗਾ ਪਰ ਅਜਿਹਾ ਨਹੀਂ ਹੋਇਆ।
ਮੈਂ ਸੋਚਿਆ ਕਿ ਇਸ ਤਰ੍ਹਾਂ ਤਾਂ ਸਾਰੀ ਰਾਤ ਜਾਗ ਕੇ ਕੱਟਣੀ ਬਹੁਤ ਮੁਸ਼ਕਿਲ ਹੋਵੇਗੀ ਸੋ ਇਸਦਾ ਕੋਈ ਨਾ ਕੋਈ ਹੱਲ ਜ਼ਰੂਰ ਕਰਨਾ ਚਾਹੀਦਾ ਹੈ। ਨਾਲ ਦੇ ਮੰਜੇ ਉਤੇ ਪਈ ਮੇਰੀ ਪਤਨੀ ਵੀ ਪਾਸੇ ਮਾਰਦੀ ਹੋਈ ਮੇਰੀ ਪ੍ਰੇਸ਼ਾਨੀ ਮਹਿਸੂਸ ਕਰ ਰਹੀ ਸੀ ਅਤੇ ਆਪਣੀ ਮਾਤਾ ਜੀ ਨੂੰ ਠੀਕ ਹੋਣ ਦਾ ਹੌਸਲਾ ਦੇ ਰਹੀ ਸੀ। ਬਿਨਾਂ ਕੋਈ ਹੋਰ ਇੰਤਜ਼ਾਰ ਕਰਦਿਆਂ ਮੈਂ ਪੁਲੀਸ ਦੇ ਕੰਟਰੋਲ ਰੂਮ ਨੰਬਰ 100 ਉਤੇ ਫੋਨ ਮਿਲਾਇਆ। ਉਨ੍ਹਾਂ ਮੇਰੀ ਸਮੱਸਿਆ ਪੁੱਛਦਿਆਂ ਕਿਹਾ ਕਿ ਉਹ ਚੰਡੀਗੜ੍ਹ ਦੇ ਕੰਟਰੋਲ ਰੂਮ ਤੋਂ ਬੋਲ ਰਹੇ ਹਨ ਅਤੇ ਮੈਨੂੰ ਸੰਗਰੂਰ ਪੁਲੀਸ ਦੇ ਕੰਟਰੋਲ ਰੂਮ ਦਾ ਫੋਨ ਨੰਬਰ ਦਿੰਦਿਆਂ ਉਨ੍ਹਾਂ ਨਾਲ ਸੰਪਰਕ ਕਰਨ ਨੂੰ ਕਿਹਾ। ਮੈਂ ਸੰਗਰੂਰ ਪੁਲੀਸ ਨੂੰ ਘਰ ਵਿਚ ਬਜ਼ੁਰਗ ਮਾਤਾ ਜੀ ਦੇ ਗੰਭੀਰ ਬਿਮਾਰ ਹੋਣ ਅਤੇ ਲਾਊਡ ਸਪੀਕਰ ਦੀ ਉੱਚੀ ਆਵਾਜ਼ ਆਉਣ ਦੀ ਸਮੱਸਿਆ ਬਾਰੇ ਦੱਸਿਆ। ਉਨ੍ਹਾਂ ਨੇ ਥੋੜ੍ਹਾ ਇੰਤਜ਼ਾਰ ਕਰਨ ਨੂੰ ਕਿਹਾ ਪਰ ਸਪੀਕਰ ਬੰਦ ਨਹੀਂ ਹੋਇਆ। ਅੱਧੇ ਘੰਟੇ ਬਾਅਦ ਦੁਬਾਰਾ ਫੋਨ ਕਰਨ ਉਤੇ ਉਨ੍ਹਾਂ ਮੈਨੂੰ ਧੂਰੀ ਪੁਲੀਸ ਕੰਟਰੋਲ ਰੂਮ ਨਾਲ ਸੰਪਰਕ ਕਰਨ ਲਈ ਕਿਹਾ। ਇਸ ਦੌਰਾਨ ਰਾਤ ਦੇ ਸਾਢੇ ਬਾਰਾਂ ਵੱਜ ਚੁੱਕੇ ਸਨ ਅਤੇ ਮਾਤਾ ਜੀ ਦੀ ਬਿਮਾਰੀ ਅਤੇ ਸਪੀਕਰ ਬੰਦ ਨਾ ਕਰਵਾ ਸਕਣ ਕਾਰਨ ਮੇਰੀ ਬੇਚੈਨੀ ਹੋਰ ਵਧ ਗਈ ਸੀ।
ਮੇਰੀ ਪਤਨੀ ਪਿਛਲੇ ਇਕ ਘੰਟੇ ਤੋਂ ਮੇਰੀ ਵੱਖ-ਵੱਖ ਪੁਲੀਸ ਵਾਲਿਆਂ ਨਾਲ ਹੁੰਦੀ ਵਾਰਤਾਲਾਪ ਸੁਣ ਰਹੀ ਸੀ। ਉਸਦਾ ਕਹਿਣਾ ਸੀ ਕਿ ਪੁਲੀਸ ਜਾਂ ਸਪੀਕਰ ਲਾਉਣ ਵਾਲਿਆਂ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਹੋਣਾ, ਮੈਂ ਇਥੋਂ ਦੀ ਜੰਮਪਲ ਹਾਂ, ਇਥੇ ਇਸੇ ਤਰਾਂ ਚੱਲਦਾ ਰਹਿੰਦਾ ਹੈ। ਮੈਂ ਚਾਹੁੰਦਾ ਸੀ ਕਿ ਘੱਟੋ-ਘੱਟ ਜੇਕਰ ਲਾਊਡ ਸਪੀਕਰ ਹੀ ਬੰਦ ਹੋ ਜਾਵੇ ਤਾਂ ਇਸ ਨਾਲ ਮਾਤਾ ਜੀ ਦੀ ਬੇਚੈਨੀ ਘਟਣ ਨਾਲ ਉਨ੍ਹਾਂ ਨੂੰ ਨੀਂਦ ਤਾਂ ਆ ਹੀ ਜਾਊਗੀ।
ਇਸ ਲਈ ਮੈਂ ਧੂਰੀ ਪੁਲੀਸ ਨੂੰ ਆਪਣੀ ਸੱਸ ਮਾਂ ਦੇ ਜ਼ਿਆਦਾ ਬਿਮਾਰ ਹੋਣ ਅਤੇ ਦੋ ਘੰਟਿਆਂ ਤੋਂ ਕੀਤੀ ਸ਼ਿਕਾਇਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਵਾਜ਼ ਪ੍ਰਦੂਸ਼ਣ ਰੋਕੂ ਕਾਨੂੰਨ 2005 ਤਹਿਤ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਰਾਤ 10 ਵਜੇ ਤੋਂ 6 ਵਜੇ ਤੱਕ ਲਾਊਡ ਸਪੀਕਰ ਸਮੇਤ ਕਿਸੇ ਤਰ੍ਹਾਂ ਦਾ ਆਵਾਜ਼ ਪ੍ਰਦੂਸ਼ਣ ਕਰਨਾ ਗੈਰਕਾਨੂੰਨੀ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਇਲਾਕੇ ਵਿਚ ਵੱਜ ਰਿਹਾ ਸਪੀਕਰ ਬੰਦ ਕਰਵਾਉਣ ਦੀ ਨਿਮਰਤਾ ਸਹਿਤ ਅਪੀਲ ਵੀ ਕੀਤੀ। ਪੁਲੀਸ ਕੰਟਰੋਲ ਰੂਮ ਧੂਰੀ ਨੇ ਮੇਰੀ ਸ਼ਿਕਾਇਤ ਤਾਂ ਸੁਣ ਲਈ ਪਰ ਲਾਊਡ ਸਪੀਕਰ ਫਿਰ ਵੀ ਬੰਦ ਨਾ ਹੋਇਆ। ਮੈਂ ਸੰਗਰੂਰ ਅਤੇ ਧੂਰੀ ਪੁਲੀਸ ਕੰਟਰੋਲ ਰੂਮ ਦੇ ਟਾਲਮਟੋਲ ਦੇ ਵਤੀਰੇ ਦੇ ਖ਼ਿਲਾਫ਼ ਇਕ ਵਾਰ ਫਿਰ ਪੁਲੀਸ ਕੰਟਰੋਲ ਰੂਮ ਚੰਡੀਗੜ੍ਹ ਵਿਖੇ ਫੋਨ ਮਿਲਾ ਕੇ ਪਿਛਲੇ ਦੋ ਘੰਟੇ ਤੋਂ ਆਪਣੇ ਵਲੋਂ ਕੀਤੀ ਜੱਦੋਜਹਿਦ ਦੀ ਜਾਣਕਾਰੀ ਦਿੰਦਿਆਂ ਸ਼ਿਕਾਇਤ ਦਰਜ ਕਰਨ, ਉਸਦਾ ਡਾਇਰੀ ਨੰਬਰ ਦੇਣ ਅਤੇ ਪੁਲੀਸ ਦੇ ਕਿਸੇ ਉੱਚ ਅਧਿਕਾਰੀ ਨਾਲ ਗੱਲ ਕਰਵਾਉਣ ਉਤੇ ਜ਼ੋਰ ਦਿੱਤਾ।
ਕੁਝ ਦੇਰ ਬਾਅਦ ਹੀ ਪੁਲੀਸ ਕੰਟਰੋਲ ਰੂਮ ਚੰਡੀਗੜ੍ਹ ਨੇ ਮੇਰਾ ਅੰਮ੍ਰਿਤਸਰ ਦਾ ਪੂਰਾ ਪਤਾ ਦੱਸਦਿਆਂ ਕਿਹਾ ਕਿ ਕੁਝ ਦੇਰ ਬਾਅਦ ਪੁਲੀਸ ਮੁਲਾਜ਼ਮ ਤੁਹਾਡੇ ਘਰ ਆ ਰਹੇ ਹਨ। ਮੈਂ ਉਨ੍ਹਾਂ ਨੂੰ ਫਿਰ ਦੱਸਿਆ ਕਿ ਮੈਂ ਅੰਮ੍ਰਿਤਸਰ ਤੋਂ ਨਹੀਂ ਬਲਕਿ ਧੂਰੀ ਤੋਂ ਬੋਲ ਰਿਹਾ ਹਾਂ ਅਤੇ ਮੇਰੇ ਘਰ ਪੁਲੀਸ ਮੁਲਾਜ਼ਮ ਭੇਜਣ ਦੀ ਥਾਂ ਧੂਰੀ ਦੇ ਜਿਸ ਇਲਾਕੇ ਵਿਚ ਲਾਊਡ ਸਪੀਕਰ ਵੱਜ ਰਿਹਾ ਹੈ, ਉਹ ਬੰਦ ਕਰਵਾਇਆ ਜਾਵੇ। ਸ਼ਾਇਦ ਪੁਲੀਸ ਮੁਲਾਜ਼ਮਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਜਿਹੜਾ ਵਿਅਕਤੀ ਪਿਛਲੇ ਦੋ ਢਾਈ ਘੰਟੇ ਤੋਂ ਲਗਾਤਾਰ ਸਿਰ ਖਪਾਈ ਕਰਦੇ ਹੋਏ ਰਾਤ ਦੇ ਡੇਢ ਵਜੇ ਤਕ ਪੁਲੀਸ ਨੂੰ ਸ਼ਿਕਾਇਤ ਕਰ ਰਿਹਾ ਹੈ, ਉਸਨੂੰ ਹੋਰ ਜ਼ਿਆਦਾ ਟਾਲਣਾ ਹੁਣ ਸੰਭਵ ਨਹੀਂ ਹੋਵੇਗਾ।
ਮੇਰੇ ਯਤਨਾਂ ਨੂੰ ਵਾਕਈ ਬੂਰ ਪਿਆ ਅਤੇ ਰਾਤ ਦੇ ਦੋ ਵਜੇ ਲਾਊਡ ਸਪੀਕਰ ਵੱਜਣਾ ਬੰਦ ਹੋ ਗਿਆ। ਮੇਰੇ ਲਈ ਸ਼ਹਿਰ ਦਾ ਮਾਹੌਲ ਇੰਜ ਸ਼ਾਂਤ ਹੋ ਗਿਆ ਸੀ ਜਿਵੇਂ ਕੋਈ ਮਰੀਜ਼ ਐੱਮਆਰਆਈ ਕਰਨ ਵਾਲੀ ਮਸ਼ੀਨ ਦੀਆਂ ਸਿਰ ਪਾੜਵੀਆਂ ਆਵਾਜ਼ਾਂ ਵਿੱਚੋਂ ਬਾਹਰ ਆ ਗਿਆ ਹੋਵੇ। ਮੈਂ ਪੁਲੀਸ ਦਾ ਧੰਨਵਾਦ ਕਰਨ ਲਈ ਦੁਬਾਰਾ ਫੋਨ ਕੀਤਾ ਪਰ ਅੱਗੋਂ ਕਿਸੇ ਨੇ ਫੋਨ ਨਹੀਂ ਚੁੱਕਿਆ।
ਸੰਪਰਕ: 76960-30173

Advertisement

Advertisement
Author Image

Advertisement
Advertisement
×