For the best experience, open
https://m.punjabitribuneonline.com
on your mobile browser.
Advertisement

...ਤੇ ਇਕ ਚੰਦ ਲੋਕ-ਮਨ ਦਾ

08:04 AM Aug 27, 2023 IST
   ਤੇ ਇਕ ਚੰਦ ਲੋਕ ਮਨ ਦਾ
Advertisement

ਸਵਰਾਜਬੀਰ

ਦੇਸ਼ ਦੇ ਵਿਗਿਆਨੀਆਂ ਦੇ ਬਣਾਏ ਚੰਦਰਯਾਨ-3 ਦੇ ਜ਼ਰੀਏ ਵਿਕਰਮ ਲੈਂਡਰ ਚੰਦ ’ਤੇ ਪਹੁੰਚ ਗਿਆ ਹੈ। ਚੰਦ ਦੀ ਸਤ੍ਵਾ ’ਤੇ ਘੁੰਮਣ ਵਾਲਾ ਪ੍ਰਗਿਆਨ ਉੱਥੋਂ ਤਸਵੀਰਾਂ ਭੇਜ ਰਿਹਾ ਹੈ ਅਤੇ ਖੋਜੀ ਤੇ ਵਿਗਿਆਨੀ ਖੋਜ ਕਰ ਰਹੇ ਹਨ। 140 ਕਰੋੜ ਹਿੰਦੋਸਤਾਨੀਆਂ ਦੇ ਮਨਾਂ ਵਿਚ ਚਾਅ ਹੈ, ਅਜੀਬ ਤਰ੍ਹਾਂ ਦੀ ਖ਼ੁਸ਼ੀ; ਤੇ ਹੋਵੇ ਵੀ ਕਿਉਂ ਨਾ, ਇਸ ਵਿਚ ਹਰ ਦੇਸ਼ ਵਾਸੀ ਦਾ ਹਿੱਸਾ ਏ, ਉਸ ਦੀ ਕਿਰਤ-ਕਮਾਈ ਦਾ ਹਿੱਸਾ। ਸਦੀਆਂ ਤੋਂ ਲੋਕਾਂ ਦੇ ਦਿਲਾਂ ਵਿਚ ਚੰਨ ਦੀ ਕਲਪਨਾ ਦੇ ਦੀਵੇ ਲਟ ਲਟ ਬਲਦੇ ਰਹੇ ਹਨ।
ਚੰਨ ਪੰਜਾਬੀਆਂ ਦੇ ਮਨਾਂ ਵਿਚ ਵੀ ਅਜ਼ਲਾਂ ਤੋਂ ਵਸਿਆ ਹੋਇਆ ਹੈ, ‘‘ਚੰਨਾ ਵੇ ਤੇਰੀ ਚਾਨਣੀ/ ਤਾਰਿਆ ਵੇ ਤੇਰੀ ਲੋਅ/ ਚੰਨ ਪਕਾਵੇ ਰੋਟੀਆਂ/ ਤਾਰਾ ਕਰੇ ਰਸੋ।’’ ਇਹ ਬੋਲ ਸਦੀਆਂ ਪੁਰਾਣੇ ਨੇ ਤੇ ਪ੍ਰੇਮ ਤੇ ਬ੍ਰਿਹਾ ’ਚ ਕੁੱਠੀ ਪੰਜਾਬਣ ਕਹਿੰਦੀ ਏ, ‘‘ਚਿੱਠੀਏ ਦਰਦ ਫਿਰਾਕ ਵਾਲੀਏ/ ਲੈ ਜਾ, ਲੈ ਜਾ, ਸੁਨੇਹੜਾ ਸੋਹਣੇ ਯਾਰ ਦਾ/ ਚੰਨ ਚੜ੍ਹਿਆ ਕੁੱਲ ਆਲਮ ਦੇਖੇ/ ਮੈਂ ਵੀ ਤਾਂ ਵੇਖਾਂ ਮੁੱਖ ਯਾਰ ਦਾ।’’ ਸਦੀਆਂ ਤੋਂ ਪੰਜਾਬੀ ਕੁੜੀ ਦੇ ਮਨ ਵਿਚ ਪ੍ਰੇਮੀ ਚੰਨ ਹੈ; ਭਰਾ ਚੰਨ ਵਰਗਾ ਹੈ।
ਲੋਕ-ਮਨ ਦੀ ਉਡਾਣ ਅਥਾਹ ਹੈ। ਬਾਬਲ ਧੀ ਨੂੰ ਪੁੱਛਦਾ ਹੈ, ‘‘ਬੇਟੀ, ਕਿਹੋ ਜਿਹਾ ਵਰ ਲੋੜੀਏ।’’ ਧੀ ਜਵਾਬ ਦਿੰਦੀ ਹੈ, ‘‘ਬਾਬਲ ਜਿਉਂ ਤਾਰਿਆਂ ’ਚੋਂ ਚੰਨ/ ਚੰਨਾਂ ਵਿਚੋਂ ਕਾਨ੍ਹ ਕਨ੍ਹੱਈਆ ਵਰ ਲੋੜੀਏ।’’ ਚੰਨ ਤਾਰਿਆਂ ਤੋਂ ਸੋਹਣਾ ਹੈ ਅਤੇ ਚੰਨ ਤੋਂ ਵੀ ਸੋਹਣਾ ਹੈ ਕਾਨ੍ਹ ਕਨ੍ਹੱਈਆ ਕਲਪਿਤ-ਹਕੀਕੀ ਪ੍ਰੇਮੀ; ਧੀ ਨੂੰ ਉਹੋ ਜਿਹਾ ਜਿਹਾ ਵਰ ਚਾਹੀਦਾ ਹੈ। ਤੇ ਚੰਨ ਵਿਯੋਗ ਵਿਚ ਵੀ ਆਉਂਦਾ ਹੈ; ਪੰਜਾਬੀ ਕੁੜੀ ਚੰਨ ਨਾਲ ਗੱਲਾਂ ਕਰਦੀ ਏ, ‘‘ਚੰਨਾ ਵੇ, ਰਾਤਾਂ ਚਾਨਣੀਆਂ ਲੰਘ ਗਈਆਂ।’’ ਉਸ ਦੇ ਮਨ ਵਿਚ ਚੰਨ ਤੇ ਮਾਹੀ ਇਕੱਠੇ ਹੋ ਕੇ ਚੰਨ-ਮਾਹੀ ਬਣ ਜਾਂਦੇ ਨੇ; ਚੰਨ ਦੀ ਦੂਰੀ ਤੇ ਮਾਹੀ ਦੀ ਦੂਰੀ ਇਕਮਿੱਕ ਹੋ ਜਾਂਦੀਆਂ ਨੇ, ‘‘ਚੰਨਾ ਦੂਰ ਵਸੇਂਦਿਆਂ, ਛਮ ਛਮ ਵਰਸਣ ਨੈਣ/ ਤੈਨੂੰ ਤੱਕਣ ਵਾਸਤੇ, ਨਿਸ ਦਿਨ ਤਰਲੇ ਲੈਣ।’’ ਚੰਨ ਨਾਲ ਔਰਤ-ਮਨ ਦਾ ਰਿਸ਼ਤਾ ਡੂੰਘਾ ਹੈ; ਉਹ ਕਹਿੰਦੀ ਹੈ, ‘‘ਚੰਦ ਚੜ੍ਹਾ ਕੇ ਚੜ੍ਹੀ ਆਂ ਚੁਬਾਰੇ/ ਵੇਖਾਂ ਚੁਫੇਰੇ, ਚੰਨ (ਭਾਵ ਮਾਹੀ) ਨਜ਼ਰ ਨਾ ਆਵੇ।’’ ਪ੍ਰੇਮੀ/ਮਾਹੀ ਚੰਨ ਜਿਹਾ ਹੈ, ਬਹੁਤ ਸੋਹਣਾ ਤੇ ਕੁਝ ਅਪਹੁੰਚ ਜਿਹਾ।
ਅਪਹੁੰਚ ਨੂੰ ਪਾਉਣ ਦੀ ਤਾਂਘ ਦੇ ਨਾਲ ਨਾਲ ਚੰਨ ਲੋਕ-ਮਨ ਦਾ ਸਾਥੀ ਵੀ ਹੈ, ‘‘ਫੁੱਲ ਖਿੜੇ ਕਚਨਾਰ ਦੇ, ਪੈਲਾਂ ਪਾਵਣ ਮੋਰ/ ਚੰਨ ਚੁਫੇਰੇ ਭਾਲਦੇ, ਮੇਰੇ ਨੈਣ ਚਕੋਰ।’’ ਲੋਕ-ਮਨ ਨੂੰ ਚੰਦ ਤੇ ਸੂਰਜ ਭਰਾ ਲੱਗਦੇ ਹਨ, ‘‘ਯਾਰੀ ਦੇਖੀ ਚੰਦ ਸੂਰਜ ਦੀ, ਚੜ੍ਹਦੇ ਵਾਰੋ ਵਾਰੀ/ ਯਾਰੀ ਦੇਖੀ ਹੀਰ ਰਾਂਝੇ ਦੀ/ ਫਿਰਦੇ ਜੰਗਲ ਉਜਾੜੀ।’’
ਤੇ ਭਰਾਵਾਂ ਦੇ ਮਿਲਣ ਨਾਲ ਭੈਣਾਂ ਦੇ ਮਨਾਂ ਵਿਚ ਚੰਦ ਚੜ੍ਹ ਜਾਂਦਾ ਏ, ‘‘ਗੱਡੀ ਦਿਆ ਗੱਡਵਾਣੀਆ/ ਗੱਡੀ ਹੌਲੀ ਹੌਲੀ ਛੇੜ ਵੇ/ ਇਨ੍ਹਾਂ ਰਾਹਾਂ ਦੇ ਡੂੰਘੇ ਡੂੰਘੇ ਪੰਧ ਵੇ/ ਵੀਰਾਂ ਮਿਲਿਆ ਤੇ ਚੜ੍ਹ ਜਾਂਦੇ ਚੰਨ ਵੇ।’’ ਤੇ ਭਰਜਾਈ ਵੀ ਚੰਦ ਵਰਗੀ ਹੈ, ‘‘ਚੰਦ ਵਰਗੀ ਭਰਜਾਈ ਮੇਰੀ/ ਵੀਰ ਵਿਆਹ ਕੇ ਲਿਆਇਆ।’’ ਤੇ ਭਰਾ ਘਰ ਪੁੱਤ ਜੰਮਣ ’ਤੇ ਵੀ ਚੰਦ ਚੜ੍ਹਦਾ ਹੈ, ‘‘ਚੰਦ ਚੜ੍ਹਿਆ ਬਾਪ ਦੇ ਵਿਹੜੇ/ ਵੀਰ ਘਰ ਪੁੱਤ ਜੰਮਿਆ।’’
ਤੇ ਮਰਦ-ਪ੍ਰਧਾਨ ਸਮਾਜ ਵਿਚ ਲਤਾੜੀ ਕੁੜੀ ਚੰਨ ਨਾਲ ਗੱਲਾਂ ਕਰੀ ਜਾਂਦੀ ਹੈ, ‘‘ਇਸ ਵਾਰੀ ਚੰਦ ਤੇ ਸੂਰਜ ਵੀ ਭੁੱਲਗੇ (ਭੁੱਲ ਗਏ)/ ਜਿਹੜੇ ਚੜ੍ਹਦੇ ਵਾਰੋ ਵਾਰੀ ਵੇ/ ਇਸ ਵਾਰੀ ਅੰਬਰ ਤੇ ਧਰਤੀ ਭੁੱਲਗੇ/ ਜਿਨ੍ਹਾਂ ਖ਼ਲਕਤ ਸਾਜੀ ਸਾਰੀ ਵੇ।’’ ਸਹੁਰਿਆਂ ਦੇ ਘਰ ਮਾੜਾ ਵਿਹਾਰ ਹੁੰਦਾ ਹੈ ਤਾਂ ਉਹ ਚੰਨ ਨਾਲ ਬਾਤਾਂ ਪਾ ਕੇ ਪੇਕਿਆਂ ਨੂੰ ਯਾਦ ਕਰਦੀ ਹੈ, ‘‘ਚੜ੍ਹ ਵੇ ਚੰਨਾ, ਤੇਰੀ ਗਿੱਠ ਗਿੱਠ ਦੀ ਲਾਲੀ/ ਮਾਪੇ ਹੁੰਦੇ ਨੇ ਧੀਆਂ ਦੇ ਵਾਲੀ/ ਚੜ੍ਹ ਵੇ ਚੰਨਾ, ਤੂੰ ਆਵੀਂ ਵਿਹੜੇ/ ਧੀਆਂ ਦੇ ਦੁੱਖ ਕੌਣ ਨਬਿੇੜੇ/ ਚੜ੍ਹ ਵੇ ਚੰਨਾ, ਤੂੰ ਕਰ ਰੁਸ਼ਨਾਈ/ ਜੀਵਣ ਸਾਡੇ ਮਾਂ ਪਿਉ ਭਾਈ।’’
ਤੇ ਧਾਰਮਿਕ ਕੱਟੜਤਾ ਵਿਰੁੱਧ ਲੜਨ ਵਾਲਾ ਅਜ਼ੀਮ ਪੰਜਾਬੀ ਸ਼ਾਇਰ ਸੁਲਤਾਨ ਬਾਹੂ ਇਸ ਲੋਕ-ਬੋਲ ‘ਚੜ੍ਹ ਵੇ ਚੰਨਾ, ਤੂੰ ਕਰ ਰੁਸ਼ਨਾਈ’ ਨੂੰ ਸਾਹਿਤਕ ਜਗਤ ਵਿਚ ਲਿਆ ਕੇ ਲੋਕਾਈ ਦੇ ਦੁੱਖਾਂ ਦੀ ਬਾਤ ਪਾਉਂਦਾ ਹੈ, ‘‘ਚੇ, ਚੜ੍ਹ ਚੰਨਾ ਤੂੰ ਕਰ ਰੁਸ਼ਨਾਈ/ ਤੇ ਜ਼ਿਕਰ ਕਰੇਂਦੇ ਤਾਰੇ ਹੂ/ ਗਲੀਆਂ ਦੇ ਵਿਚ ਫਿਰਨ ਨਿਮਾਣੇ/ ਲਾਲਾਂ ਦੇ ਵਣਜਾਰੇ ਹੂ/ ਸ਼ਾਲਾ ਮੁਸਾਫਰ ਕੋਈ ਨਾ ਥੀਵੇ/ ਤੇ ਕੱਖ ਜਿਨ੍ਹਾਂ ਤੋਂ ਭਾਰੇ ਹੂ/ ਤਾੜੀ ਮਾਰ ਉਡਾ ਨਾ ਬਾਹੂ/ ਅਸੀਂ ਆਪੇ ਉਡਣਹਾਰੇ ਹੂ।’’
ਪੰਜਾਬੀ ਸ਼ਾਇਰੀ ਵਿਚ ਚੰਦ ਹਰ ਥਾਂ ’ਤੇ ਮੌਜੂਦ ਹੈ। ਵਾਰਿਸ ਸ਼ਾਹ ਹੀਰ ਦੇ ਹੁਸਨ ਦੀ ਤਾਰੀਫ਼ ਚੰਨ (ਮਹਿਤਾਬ) ਦੇ ਬਿੰਬ ਨਾਲ ਸ਼ੁਰੂ ਕਰਦਾ ਹੈ, ‘‘ਕੇਹੀ ਹੀਰ ਦੀ ਕਰੇ ਤਾਰੀਫ ਸ਼ਾਇਰ, ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ।’’ ਤੇ ਫਿਰ ਕਹਿੰਦਾ ਹੈ, ‘‘ਲੰਕਾ ਬਾਗ਼ ਦੀ ਪਰੀ ਕਿ ਇੰਦਰਾਣੀ/ ਹੂਰ ਨਿਕਲੀ ਚੰਦ ਪਰਿਵਾਰ ਵਿਚੋਂ/ ਪੁਤਲੀ ਪੇਖਣੇ ਦੀ ਨਕਸ਼ ਰੂਮ ਦਾ ਹੈ/ ਲੱਧਾ ਪਰੀ ਨੇ ਚੰਦ ਉਜਾੜ ਵਿਚੋਂ।’’ ਕਿਸ਼ਨ ਸਿੰਘ ਆਰਿਫ਼ ਰਾਂਝੇ ਦੀ ਤੁਲਨਾ ਚੰਦ ਨਾਲ ਕਰਦਾ ਹੈ, ‘‘ਕੀ ਰਾਂਝੇ ਦੀ ਸਿਫ਼ਤ, ਮੈਂ ਆਖਾਂ ਨਾਲ ਜ਼ਬਾਨ/ ਕੱਦ ਸਰੂ ਦੇ ਵਾਂਗ ਸੀ, ਚਿਹਰਾ ਚੰਦ ਸਮਾਨ।’’ ਫ਼ਜ਼ਲ ਸ਼ਾਹ ਸੋਹਣੀ ਨੂੰ ਚੰਦ ਕਹਿੰਦਾ ਹੈ, ‘‘ਜਿਵੇਂ ਬੱਦਲਾਂ ਥੀਂ ਚੰਨ ਬਾਹਰ ਆਵੇ/ ਸੋਹਣੀ ਨਿਕਲੀ ਨਾਲ ਅਦਾ ਜਾਨੀ।’’ ਪੰਡਿਤ ਮਾਨ ਸਿੰਘ ਕਾਲੀਦਾਸ ਚੰਦ ਚਕੋਰ ਦੀ ਕਥਾ ਨੂੰ ਪੂਰਨ ਭਗਤ ਦੇ ਕਿੱਸੇ ਵਿਚ ਲੈ ਆਉਂਦਾ ਹੈ, ‘‘ਸੂਰਤ ਵੇਖ ਤਸਵੀਰ ਹੋ ਗਈ ਲੂਣਾ/ ਸ਼ੌਕ ਜਿਗਰ ’ਤੇ ਤੀਰ ਚਲਾ ਬੈਠਾ/ ਪੂਰਨ ਚੰਦ ਨੂੰ ਵੇਖ ਚਕੋਰ ਹੋਈ/ ਇਸ਼ਕ ਜ਼ੋਰ ਦਾ ਸ਼ੋਰ ਮਚਾ ਬੈਠਾ।’’ ਕਿਰਪਾ ਸਾਗਰ ਆਪਣੇ ਮਹਾਂਕਾਵਿ ਵਿਚ ਲਖਸ਼ਮੀ ਦੇਵੀ ਦੇ ਰੂਪ ਦਾ ਵਰਨਣ ਇਉਂ ਕਰਦਾ ਹੈ, ‘‘ਉੱਡੀ ਚੱਪੇ ਲਾਂਦਿਆਂ, ਚੁੰਨੀ ਸਿਰੋ ਅਲੱਗ/ ਪੂਰਨਮਾ ਦਾ ਚੰਨ ਜਿਉਂ, ਚੜ੍ਹਿਆ ਵੇਖੇ ਜੱਗ।’’ ਪ੍ਰੋ. ਮੋਹਨ ਸਿੰਘ ਦੀ ਕਵਿਤਾ ਵਿਚ ਚੰਨ ਹਰ ਥਾਂ ’ਤੇ ਚਮਕਦਾ ਹੈ, ‘‘ਅਧ ਅਸਮਾਨੀਂ ਚੰਦ ਦਾ ਡੋਲਾ/ ਤਾਰਿਆਂ ਭਰੀ ਚੰਗੇਰ ਵੇ।’’ ਚੰਦ ਦੇ ਦਾਗਾਂ ਦੀ ਗੱਲ ਕਰਦਿਆਂ ਕਰਤਾਰ ਸਿੰਘ ਬਲੱਗਣ ਹਿਜ਼ਰ ਦੀ ਗੱਲ ਛੋਂਹਦਾ ਹੈ, ‘‘ਚੰਦ ਵਾਂਗਰਾ ਮੇਰੇ ਜਿਗਰ ਉਤੇ/ ਪੱਕੇ ਦਾਗ਼ ਵਿਛੋੜੇ ਦੇ ਲੱਗ ਗਏ ਨੇ।’’ ਈਸ਼ਰ ਸਿੰਘ ਲਈ ਚੰਨ ਇਨਕਲਾਬ ਦਾ ਬਿੰਬ ਹੈ, ‘‘ਬਦਲ ਪਰ੍ਹੇ ਹਟਾ ਕੇ, ਚੰਨ ਮੁਸਕਰਾਇਆ/... ਹਰ ਬੂੰਦ ’ਚੋਂ ਲਹੂ ਦੀ, ਦਿਲ ਦਰਦ ਗੁਣਗਣਾਇਆ।’’ ਤੇ ਹਿਜ਼ਰ ’ਚੋਂ ਗੁਜ਼ਰਦਿਆਂ ਚੰਦ ਦਾ ਚਿਹਰਾ ਪੀਲਾ ਪੈ ਜਾਂਦਾ ਹੈ ਤੇ ਸੁਰਜੀਤ ਰਾਮਪੁਰੀ ਕਹਿੰਦਾ ਹੈ, ‘‘ਨਾ ਹੈ ਰੂਪ ਦੀ ਮਾਂਗ ਸੰਧੂਰੀ/ ਨਾ ਕੁਈ ਸਿਹਰਿਆਂ ਵਾਲਾ/ ਚੰਦ੍ਰਮਾਂ ਦਾ ਚਾਨਣ ਪੀਲਾ/ ਤੇ ਸੂਰਜ ਹੈ ਕਾਲਾ।’’ ਸ਼ਿਵ ਕੁਮਾਰ ਗ਼ਰੀਬ ਕੁੜੀ ‘ਸ਼ੀਸ਼ੋ’ ਦੀ ਕਹਾਣੀ ਚੰਨ ਦੇ ਹਵਾਲੇ ਨਾਲ ਦੱਸਦਾ ਹੈ, ‘‘ਏਕਮ ਦਾ ਚੰਨ ਵੇਖ ਰਿਹਾ ਸੀ/ ਬਹਿ ਝੰਗੀਆਂ ਦੇ ਉਹਲੇ।’’ ਤੇ ਫਿਰ ਮਹਿਲਾਂ ਵਾਲੇ ਸ਼ੀਸ਼ੋ ਨੂੰ ਉਧਾਲ ਲੈਂਦੇ ਨੇ ਤੇ ਉਸ ਨੂੰ ਮੌਤ ਮਿਲਦੀ ਏ ਤੇ ਸ਼ਾਇਰ ਅਖ਼ੀਰ ਵਿਚ ਕਹਿੰਦਾ ਏ, ‘‘ਸਾਰੀ ਰਾਤ ਰਿਹਾ ਚੰਨ ਬੈਠਾ ਸ਼ੀਸ਼ੋ ਦੇ ਸਿਰਹਾਣੇ/ ਸ਼ਾਲਾ ਬਾਂਝ ਮਰੀਵਣ ਮਾਪੇ ਢਿੱਡੋਂ ਭੁੱਖਣ ਭਾਣੇ।’’ ਪਾਸ਼ ਦੀ ਕਵਿਤਾ ਵਿਚ ਚੰਦ ਕਿਰਤ ਤੇ ਕਿਰਤੀਆਂ ਨਾਲ ਜੁੜਦਾ ਹੈ, ‘‘ਉਹ ਸਮਝਦੇ ਨੇ/ ਚੰਦ ਦੀ ਚਾਂਦਨੀ ਦਾ ਗੀਤ ਸੰਗ ਨਾਤਾ/ ਜਿਨ੍ਹਾਂ ਭੂਗੋਲ ਪੈਰਾਂ ਨਾਲ ਪੜ੍ਹਿਆ ਹੈ/ ਜਿਨ੍ਹਾਂ ਇਤਿਹਾਸ ਸਾਹਾਂ ਨਾਲ ਘੜਿਆ ਹੈ।’’ ਹਰ ਖਿੱਤੇ ਦੇ ਲੋਕ-ਸਾਹਿਤ ਅਤੇ ਹਰ ਭਾਸ਼ਾ ਦੀ ਸ਼ਾਇਰੀ ਵਿਚ ਚੰਦ ਕਈ ਰੂਪਾਂ ਵਿਚ ਚਮਕਦਾ ਹੈ।
-2-
ਧਰਮ ਤੇ ਚੰਦ ਦੇ ਵੀ ਡੂੰਘੇ ਰਿਸ਼ਤੇ ਹਨ। ਹਿੰਦੂ ਧਰਮ ਵਿਚ ਚੰਦ ਨੂੰ ਦੇਵਤਾ ਮੰਨਿਆ ਜਾਂਦਾ ਹੈ। ਅਨੇਕ ਮਿੱਥਾਂ ਚੰਦ ਨਾਲ ਜੁੜੀਆਂ ਹਨ। ਚੰਦਰ-ਵੰਸ਼ੀ ਉਸ ਦੀ ਔਲਾਦ ਮੰਨੇ ਜਾਂਦੇ ਹਨ। ਕਰਵਾ ਚੌਥ ਦਾ ਤਿਉਹਾਰ ਚੰਦ ਨਾਲ ਜੁੜਿਆ ਹੈ। ਚੰਦ ਤੇ ਤਾਰਾ ਦੀ ਪ੍ਰੇਮ ਕਹਾਣੀ ਅਦਭੁੱਤ ਹੈ। ਚੰਦ ਅਤੇ ਇਸਲਾਮ ਦਾ ਨਾਤਾ ਵੀ ਬਹੁਪਰਤੀ ਹੈ। ਈਦ-ਉਲ-ਫ਼ਿਤਰ ਦਾ ਪੁਰਬ ਚੰਦ ਦੇ ਚੜ੍ਹਨ ਨਾਲ ਸ਼ੁਰੂ ਹੁੰਦਾ ਹੈ। ਯੂਨਾਨੀ, ਚੀਨੀ, ਮਿਸਰੀ, ਰੋਮਨ, ਅਫ਼ਰੀਕੀ, ਆਦਿ-ਅਮਰੀਕੀ ਪਰੰਪਰਾਵਾਂ ਅਤੇ ਇਸਾਈ, ਯਹੂਦੀ, ਬੁੱਧ, ਜੈਨ ਤੇ ਧਰਤੀ ਦੇ ਵੱਖ ਵੱਖ ਖਿੱਤਿਆਂ ਦੇ ਲੋਕ-ਧਰਮਾਂ ਵਿਚ ਚੰਦ ਕਈ ਰੂਪਾਂ ਵਿਚ ਮੌਜੂਦ ਹੈ।
ਪੰਜਾਬੀ ਸ਼ਾਇਰੀ ਵਿਚ ਵੀ ਚੰਦ ਤੇ ਧਰਮ ਕੋਲ ਕੋਲ ਵਿਚਰਦੇ ਹਨ। ਮਾਲਵੇ ਦੇ ਲੋਕ-ਗੀਤ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਨਣ ਕੁਝ ਇਸ ਤਰ੍ਹਾਂ ਹੈ, ‘‘ਕਿੱਥੋਂ ਦਾ ਸੋਡਾ (ਤੁਹਾਡਾ) ਜਰਮ (ਜਨਮ) ਗੁਰੂ ਜੀ/ ਕਿੱਥੇ ਡੇਰੇ ਲਾਏ ਵੇ ਹੋ/ ਕਾਹੇ ਦਾ ਸੋਡਾ ਜਿਗਰਾ ਗੁਰੂ ਜੀ/ ਚੰਦ ਜਹੇ ਲਾਲ ਨੀਹਾਂ ’ਚ ਚਣਾਏ ਵੇ ਹੋ।’’ ਸੰਤ ਰਾਮ ਉਦਾਸੀ ਦੇ ਗੀਤ ਵਿਚ ਭਾਈ ਮਰਦਾਨੇ ਦੀ ਪਤਨੀ ਆਪਣਾ ਸੁਨੇਹਾ ਇਉਂ ਦਿੰਦੀ ਹੈ, ‘‘ਅਜੇ ਹੋਇਆ ਨਾ ਨਜ਼ਾਰਾ ਤੇਰੀ ਦੀਦ ਦਾ/ ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ।’’ ਅਵਤਾਰ ਸਿੰਘ ਆਜ਼ਾਦ ਨੂੰ ਗੁਰੂ ਗੋਬਿੰਦ ਸਿੰਘ ਦੇ ਜਨਮ ਨਾਲ ਚੰਦ ਵਿਚ ਨਵੀਂ ਜੋਤ ਆ ਗਈ ਲੱਗਦੀ ਹੈ, ‘‘ਚੰਦ ਵਿਚ ਆ ਨਵ-ਜੋਤਿ ਗਈ ਰਸ ਰਸ ਗਏ ਨੂਰ/ ਜਾਪ ‘ਢਹਿੰਦੀ ਕਲਾ’ ਦਾ ਪਹਿਰਾ ਹੋਇਆ ਦੂਰ।’’
ਅਧਿਆਤਮਕ ਬਾਣੀ ਵਿਚ ਵੀ ਚੰਦ ਕਈ ਰੂਪਾਂ ਵਿਚ ਆਇਆ ਹੈ। ਭਗਤ ਕਬੀਰ ਜੀ ਲਿਖਦੇ ਹਨ, ‘‘ਸੂਰਜ ਚੰਦੁ ਕਰਹਿ ਉਜੀਆਰਾ।। ਸਭ ਮਹਿ ਪਸਰਿਆ ਬ੍ਰਹਮ ਪਸਾਰਾ।’’, ‘‘ਪੂਨਿਉ ਪੂਰਾ ਚੰਦ ਅਕਾਸ/ਪਸਰਹਿ ਕਲਾ ਸਹਜ ਪਰਗਾਸ।।’’ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੇ ਮਹਾਂ-ਗੀਤ ਨੂੰ ਇਹ ਬੋਲ ਦਿੱਤੇ, ‘‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।।’’ ਗੁਰੂ ਸਾਹਿਬ ਨੇ ਅਨੇਕ ਚੰਦ, ਸੂਰਜ ਤੇ ਤਾਰਾ-ਮੰਡਲਾਂ ਦੀ ਹੋਂਦ ਦੀ ਗੱਲ ਵੀ ਆਖੀ, ‘‘ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ।।’’ ਗੁਰੂ ਰਾਮਦਾਸ ਜੀ ਨੇ ਚੰਦ ਤੇ ਸੂਰਜ ਦੀ ਚਾਲ ਨਾਲ ਜੁੜੇ ਵਹਿਮਾਂ-ਭਰਮਾਂ ਨੂੰ ਨਕਾਰਦਿਆਂ ਕਿਹਾ, ‘‘ਜੂਠਿ ਨ ਚੰਦ ਸੂਰਜ ਕੀ ਭੇਦੀ।।’’
-3-
ਸਾਰੀ ਲੋਕਾਈ ਚੰਦ ਦੀ ਵੇਖਣਹਾਰ ਰਹੀ ਹੈ ਪਰ ਹਿਸਾਬਦਾਨਾਂ ਅਤੇ ਤਾਰਾ ਵਿਗਿਆਨੀਆਂ ਨੇ ਇਸ ਦਾ ਗਣਿਤ, ਭੌਤਿਕ ਵਿਗਿਆਨ ਤੇ ਹੋਰ ਵਿਗਿਆਨਕ ਵਿਧੀਆਂ ਰਾਹੀਂ ਅਧਿਐਨ ਕੀਤਾ ਹੈ। 1500 ਤੋਂ ਜ਼ਿਆਦਾ ਵਰ੍ਹੇ ਪਹਿਲਾਂ ਉਜੈਨ ਦੇ ਵਿਗਿਆਨੀ ਵਰਾਹਮਿਹਰ ਨੇ ਲਿਖਿਆ, ‘‘ਚੰਦ ਹਮੇਸ਼ਾ ਸੂਰਜ ਦੇ ਹੇਠਾਂ ਰਹਿੰਦਾ ਹੈ, ਉਹ (ਸੂਰਜ) ਉਸ (ਚੰਦ) ’ਤੇ ਆਪਣੀਆਂ ਕਿਰਨਾਂ ਸੁੱਟਦਾ ਅਤੇ ਉਸ ਦੇ ਇਕ ਹਿੱਸੇ ਨੂੰ ਰੋਸ਼ਨ ਕਰਦਾ ਹੈ ਜਦੋਂਕਿ ਦੂਸਰਾ ਹਿੱਸਾ ਹਮੇਸ਼ਾ ਹਨੇਰਾ ਅਤੇ ਪ੍ਰਛਾਵਾਂਮਈ ਰਹਿੰਦਾ ਹੈ।’’ ਅਲ ਬੈਰੂਨੀ ਅਨੁਸਾਰ, ‘‘ਹਿੰਦੂ ਤਾਰਾ ਵਿਗਿਆਨੀਆਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਚੰਦ ’ਤੇ ਗ੍ਰਹਿਣ ਧਰਤੀ ਦਾ ਪ੍ਰਛਾਵਾਂ ਪੈਣ ਕਰ ਕੇ ਬਣਦਾ ਹੈ ਅਤੇ ਸੂਰਜ ਗ੍ਰਹਿਣ ਚੰਦ ਦੇ ਕਾਰਨ ਹੁੰਦਾ ਹੈ।’’ ਅਲ ਬੈਰੂਨੀ ਦੱਸਦਾ ਹੈ ਕਿ ਵਰਾਹਮਿਹਰ ਤੇ ਬ੍ਰਹਮਗੁਪਤ ਜਿਹੇ ਵਿਗਿਆਨੀ ਸੱਚ ’ਤੇ ਖਲੋਤੇ ਸਨ ਅਤੇ ਸਾਰਾ ਹਿਸਾਬ-ਕਿਤਾਬ ਤਰਕ ਤੇ ਵਿਗਿਆਨ ਅਨੁਸਾਰ ਕਰਦੇ ਸਨ ਪਰ ਅਖੀਰ ਵਿਚ ਸਮਾਜਿਕ ਦਬਾਅ ਕਾਰਨ ਇਹ ਵੀ ਮੰਨ ਲੈਂਦੇ ਸਨ ਕਿ ਸੂਰਜ ਤੇ ਚੰਦ ਨੂੰ ਗ੍ਰਹਿਣ ਰਾਹੂ-ਕੇਤੂ ਦਾਨਵਾਂ ਕਾਰਨ ਲੱਗਦੇ ਹਨ। ਭਾਰਤੀ ਵਿਗਿਆਨੀ ਜਾਣਦੇ ਸਨ ਕਿ ਚੰਦ ਧਰਤੀ ਦੁਆਲੇ ਚੱਕਰ ਲਗਾਉਂਦਾ ਹੈ ਅਤੇ ਉਨ੍ਹਾਂ ਦੇ ਹਿਸਾਬ-ਕਿਤਾਬ ਅਨੁਸਾਰ ਇਕ ਚੱਕਰ ਲਈ 28 ਕੁ ਦਿਨ ਲੱਗਦੇ ਹਨ। ਮੱਧਕਾਲੀਨ ਸਮਿਆਂ ਵਿਚ ਭਾਰਤੀ ਗਣਿਤ ਤੇ ਤਾਰਾ ਵਿਗਿਆਨ ਦੀਆਂ ਖੋਜਾਂ ਅਰਬੀ ਬੋਲਣ ਤੇ ਲਿਖਣ ਵਾਲੇ ਵਿਗਿਆਨੀਆਂ ਰਾਹੀਂ ਯੂਰੋਪ ’ਚ ਪਹੁੰਚੀਆਂ।

Advertisement

ਜਲਾਵਤਨ ਕੀਤਾ ਗਿਆ ਵਿਗਿਆਨੀ ਅਨੈਕਸਾਗੋਰਸ।

ਢਾਈ ਹਜ਼ਾਰ ਸਾਲ ਪਹਿਲਾਂ ਯੂਨਾਨੀ ਵਿਗਿਆਨੀ ਅਨੈਕਸਾਗੋਰਸ (Anaxagoras), ਜਿਸ ਨੇ ਚੰਦ ਦਾ ਧਰਾਤਲ ਧਰਤੀ ਵਾਂਗ ਚਟਾਨੀ ਹੋਣ ਅਤੇ ਧਰਤੀ ਦੇ ਗੋਲ ਹੋਣ ਬਾਰੇ ਸੁਝਾਅ ਦਿੱਤੇ ਸਨ, ਨੂੰ ਗ੍ਰਿਫ਼ਤਾਰ ਕਰ ਕੇ ਜਲਾਵਤਨ ਕਰ ਦਿੱਤਾ ਗਿਆ ਸੀ। ਯੂਨਾਨ, ਮਿਸਰ, ਇਟਲੀ ਆਦਿ ਦੇਸ਼ ਦੇ ਵਿਗਿਆਨੀਆਂ ਨੇ ਪੁਰਾਣੇ ਸਮਿਆਂ ਵਿਚ ਇਸ ਖੇਤਰ ਵਿਚ ਵੱਡੀਆਂ ਪੁਲਾਂਘਾਂ ਭਰੀਆਂ ਸਨ।
ਇਹ ਲਗਭਗ ਡੇਢ-ਦੋ ਹਜ਼ਾਰ ਸਾਲ ਪਹਿਲਾਂ ਦੀਆਂ ਗੱਲਾਂ ਹਨ। ਵਿਗਿਆਨ ਨੇ ਏਦਾਂ ਹੀ ਤਰੱਕੀ ਕੀਤੀ ਹੈ। ਦੂਰਬੀਨ ਨਾਲ ਚੰਦ ਦਾ ਪਹਿਲਾ ਵੇਖਣਹਾਰ ਗੈਲੀਲਿਓ ਸੀ ਜਿਸ ਨੂੰ ਉਸ ਦੇ ਤਰਕਸ਼ੀਲ ਵਿਚਾਰਾਂ ਕਾਰਨ ਸਜ਼ਾ ਭੁਗਤਣੀ ਪਈ। ਅੱਜ ਦੇਸ਼ ਦੇ ਵਿਗਿਆਨੀਆਂ ਦੇ ਯਤਨਾਂ ਸਦਕਾ ਚੰਦਰਯਾਨ-3 ਰਾਹੀਂ ਵਿਕਰਮ ਲੈਂਡਰ ਤੇ ਪ੍ਰਗਿਆਨ ਚੰਦ ’ਤੇ ਪਹੁੰਚੇ ਹਨ। ਇਸ ਖੋਜ ਨੇ ਤਾਰਾ ਵਿਗਿਆਨ, ਬ੍ਰਹਿਮੰਡ ਦੀ ਬਣਤਰ, ਗਣਿਤ, ਧਾਤੂ ਵਿਗਿਆਨ ਅਤੇ ਗਿਆਨ-ਵਿਗਿਆਨ ਦੇ ਹੋਰ ਖੇਤਰਾਂ ਵਿਚ ਨਵੇਂ ਦਿਸਹੱਦੇ ਉਜਾਗਰ ਕਰਨੇ ਹਨ। ਤਰਕ ਤੇ ਵਿਗਿਆਨ ਨੇ ਤਰਕਹੀਣਤਾ ਅਤੇ ਅਵਿਗਿਆਨਕ ਸੋਚ ਦਾ ਸਾਹਮਣਾ ਕਰਨਾ ਹੈ। ਇਹ ਵਿਗਿਆਨੀ ਵਧਾਈ ਅਤੇ ਦੇਸ਼ ਦੇ ਉੱਚਤਮ ਮਾਣ-ਸਨਮਾਨ ਦੇ ਹੱਕਦਾਰ ਹਨ।

Advertisement
Author Image

Advertisement
Advertisement
×