ਅਨੰਤਨਾਗ: ਅਤਿਵਾਦੀਆਂ ਨਾਲ ਮੁਕਾਬਲੇ ’ਚ ਦੋ ਜਵਾਨ ਸ਼ਹੀਦ
ਸ੍ਰੀਨਗਰ, 10 ਅਗਸਤ
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਦੂਰ-ਦੁਰਾਡੇ ਇਲਾਕੇ ਵਿਚਲੇ ਇੱਕ ਜੰਗਲ ’ਚ ਅੱਜ ਅਤਿਵਾਦੀਆਂ ਨਾਲ ਹੋਏ ਮੁਕਾਬਲੇ ’ਚ ਸੈਨਾ ਦੇ ਦੋ ਜਵਾਨ ਸ਼ਹੀਦ ਹੋ ਗਏ ਜਦਕਿ ਚਾਰ ਹੋਰ ਜਵਾਨ ਜ਼ਖ਼ਮੀ ਹਨ। ਇਸ ਦੌਰਾਨ ਦੋ ਆਮ ਨਾਗਰਿਕ ਵੀ ਜ਼ਖਮੀ ਹੋਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ਦੇ ਅਹਿਲਾਨ ਗਗਰਮਾਂਡੂ ਜੰਗਲ ’ਚ ਉਸ ਸਮੇਂ ਹੋਇਆ ਜਦੋਂ ਉੱਥੇ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਵੱਲੋਂ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜੰਗਲ ’ਚ ਲੁਕੇ ਅਤਿਵਾਦੀਆਂ ਨੇ ਤਲਾਸ਼ੀ ਮੁਹਿੰਮ ਚਲਾ ਰਹੇ ਸੁਰੱਖਿਆ ਬਲਾਂ ਨੂੰ ਦੇਖ ਕੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਮਗਰੋਂ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਦੀ ਗੋਲੀਬਾਰੀ ’ਚ ਸੈਨਾ ਦੇ ਛੇ ਜਵਾਨ ਤੇ ਦੋ ਆਮ ਨਾਗਰਿਕ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ’ਚੋਂ ਦੋ ਦੀ ਮੌਤ ਹੋ ਗਈ ਜਦਕਿ ਚਾਰ ਜ਼ਖ਼ਮੀ ਜਵਾਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ’ਚ ਵਾਧੂ ਸੁਰੱਖਿਆ ਬਲ ਭੇਜੇ ਗਏ ਹਨ ਅਤੇ ਆਖਰੀ ਸੂਚਨਾ ਮਿਲਣ ਤੱਕ ਅਤਿਵਾਦੀਆਂ ਨੂੰ ਫੜਨ ਜਾਂ ਉਨ੍ਹਾਂ ਨੂੰ ਮਾਰ-ਮੁਕਾਉਣ ਦੀ ਮੁਹਿੰਮ ਜਾਰੀ ਸੀ। ਸ੍ਰੀਨਗਰ ਸਥਿਤ ਸੈਨਾ ਦੀ ਚਿਨਾਰ ਕੋਰ ਨੇ ਐਕਸ ’ਤੇ ਪਾਈ ਪੋਸਟ ’ਚ ਕਿਹਾ, ‘ਇੱਕ ਵਿਸ਼ੇਸ਼ ਖੁਫੀਆ ਸੂਚਨਾ ਦੇ ਆਧਾਰ ’ਤੇ ਭਾਰਤੀ ਸੈਨਾ, ਜੰਮੂ ਕਸ਼ਮੀਰ ਪੁਲੀਸ ਅਤੇ ਸੀਆਰਪੀਐੱਫ ਦੇ ਜਵਾਨਾਂ ’ਤੇ ਆਧਾਰਿਤ ਟੀਮ ਨੇ ਅੱਜ ਅਨੰਤਨਾਗ ਦੇ ਕੋਕਰਨਾਗ ਖੇਤਰ ’ਚ ਇੱਕ ਸਾਂਝੀ ਮੁਹਿੰਮ ਸ਼ੁਰੂ ਕੀਤੀ। ਅਤਿਵਾਦੀਆਂ ਨਾਲ ਸਾਹਮਣਾ ਹੋਣ ’ਤੇ ਮੁਕਾਬਲਾ ਸ਼ੁਰੂ ਹੋ ਗਿਆ।’ -ਪੀਟੀਆਈ
ਪੁਲੀਸ ਵੱਲੋਂ ਚਾਰ ਅਤਿਵਾਦੀਆਂ ਦੇ ਸਕੈੱਚ ਜਾਰੀ
ਜੰਮੂ: ਜੰਮੂ ਕਸ਼ਮੀਰ ਪੁਲੀਸ ਨੇ ਅੱਜ ਕਠੂਆ ਜ਼ਿਲ੍ਹੇ ਦੇ ਉਚਾਈ ਵਾਲੇ ਇਲਾਕਿਆਂ ਵਿੱਚ ‘ਢੋਕ’ (ਮਿਟੀ ਦੇ ਘਰ) ’ਚ ਦੇਖੇ ਗਏ ਚਾਰ ਅਤਿਵਾਦੀਆਂ ਦੇ ਸਕੈੱਚ ਜਾਰੀ ਕਰਕੇ ਉਨ੍ਹਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ 20 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਤਿਵਾਦੀਆਂ ਨੂੰ ਫੜਨ ਲਈ ਜ਼ਿਲ੍ਹੇ ਦੇ ਜੰਗਲੀ ਇਲਾਕੇ ’ਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਕਠੂਆ ’ਚ ਅੱਠ ਜੁਲਾਈ ਨੂੰ ਮਾਛੇੜੀ ਦੇ ਜੰਗਲੀ ਇਲਾਕੇ ’ਚ ਸੈਨਾ ਦੀ ਗਸ਼ਤ ਕਰ ਰਹੀ ਟੀਮ ’ਤੇ ਅਤਿਵਾਦੀਆਂ ਵੱਲੋਂ ਘਾਤ ਲਗਾ ਕੇ ਹਮਲਾ ਕੀਤਾ ਗਿਆ ਸੀ ਤੇ ਇਸ ਹਮਲੇ ’ਚ ਇੱਕ ਜੇਸੀਓ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਸਨ। -ਪੀਟੀਆਈ