ਅਨੰਤਨਾਗ ਮੁਕਾਬਲਾ
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਕਰਨਲ ਮਨਪ੍ਰੀਤ ਸਿੰਘ, ਮੇਜਰ ਅਸ਼ੀਸ਼ ਢੋਂਚਕ ਅਤੇ ਡੀਐਸਪੀ ਹੁਮਾਯੂੰ ਭੱਟ ਦੀ ਮੌਤ ਦੇਸ਼ ਲਈ ਵੱਡਾ ਘਾਟਾ ਹੈ। 19ਵੀਂ ਰਾਸ਼ਟਰੀ ਰਾਈਫਲਜ਼ ਦੇ ਕਰਨਲ ਮਨਪ੍ਰੀਤ ਸਿੰਘ ਅਤੇ ਫ਼ੌਜ ਦੇ ਦਹਿਸ਼ਤਗਰਦੀ ਵਿਰੋਧੀ ਯੂਨਿਟ ਦੇ ਮੇਜਰ ਢੋਂਚਕ ਨੂੰ ਵੱਖ ਵੱਖ ਸਮਿਆਂ ’ਤੇ ਬਹਾਦਰੀ ਦਿਖਾਉਣ ਲਈ ਸੈਨਾ ਮੈਡਲ ਮਿਲਿਆ ਸੀ। ਇਹ ਇਕ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਵਿੱਢਿਆ ਗਿਆ ਖ਼ਾਸ ਅਪਰੇਸ਼ਨ ਸੀ ਜੋ ਨਾਕਾਮ ਸਾਬਿਤ ਹੋਇਆ। ਜੰਗਲੀ ਖੇਤਰ ਵਿਚ ਦਹਿਸ਼ਤਗਰਦਾਂ ਦੀ ਇਕ ਛੁਪਣਗਾਹ ਹੋਣ ਦੀ ਸੂਹ ਮਿਲੀ ਸੀ ਪਰ ਜਦੋਂ ਸੁਰੱਖਿਆ ਦਸਤਿਆਂ ਦੀ ਸਾਂਝੀ ਟੀਮ ਉਸ ਜਗ੍ਹਾ ਪਹੁੰਚੀ ਤਾਂ ਦਹਿਸ਼ਤਗਰਦਾਂ ਨੇ ਘਾਤ ਲਗਾ ਕੇ ਉਸ ’ਤੇ ਹਮਲਾ ਕਰ ਦਿੱਤਾ। ਕਰਨਲ ਮਨਪ੍ਰੀਤ, ਹੋਰ ਅਧਿਕਾਰੀ ਤੇ ਜਵਾਨ ਦਹਿਸ਼ਤਗਰਦਾਂ ਦੇ ਜਾਲ ਵਿਚ ਬੁਰੀ ਤਰ੍ਹਾਂ ਘਿਰ ਗਏ। ਖੁਫ਼ੀਆ ਜਾਣਕਾਰੀ ਦੀ ਸੂਹ ਵੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ ਤੇ ਨਾਲ ਹੀ ਇਹ ਵੀ ਪਤਾ ਚੱਲਿਆ ਹੈ ਕਿ ਦਹਿਸ਼ਤਗਰਦੀ ਵਿਰੋਧੀ ਅਪਰੇਸ਼ਨਾਂ ਦੇ ਤੈਅਸ਼ੁਦਾ ਨੇਮ (Standard Operating Procedure-ਐਸਓਪੀ) ਦੀ ਪਾਲਣਾ ਨਹੀਂ ਕੀਤੀ ਗਈ।
ਫ਼ੌਜ ਨੇ 2020 ਵਿਚ ਜੰਮੂ ਕਸ਼ਮੀਰ ਵਿਚ ਇਸ ਕਿਸਮ ਦੇ ਅਪਰੇਸ਼ਨਾਂ ਲਈ ਐਸਓਪੀ ਦੀ ਸੁਧਾਈ ਕੀਤੀ ਸੀ ਅਤੇ ਮੁਕਾਬਲਿਆਂ ਦੌਰਾਨ ਆਤਮ ਸਮਰਪਣ ਕਰਾਉਣ ’ਤੇ ਜ਼ਿਆਦਾ ਧਿਆਨ ਦਿੱਤਾ ਜਾਣ ਲੱਗਿਆ ਸੀ। ਵਿਸ਼ਵਾਸ ਬਹਾਲੀ ਦੇ ਇਸ ਕਦਮ ਨਾਲ ਬਹੁਤ ਸਾਰੇ ਨੌਜਵਾਨਾਂ ਦੀਆਂ ਜਾਨਾਂ ਬਚਾਉਣ ਵਿਚ ਮਦਦ ਮਿਲੀ ਸੀ ਪਰ ਇਸ ਨਾਲ ਸੁਰੱਖਿਆ ਦਸਤਿਆਂ ਦਾ ਕੰਮ ਹੋਰ ਔਖਾ ਹੋ ਗਿਆ ਸੀ। ਕੁਝ ਵੀ ਹੋਵੇ, ਇਸ ਕਿਸਮ ਦੇ ਘਾਤਕ ਹਮਲਿਆਂ ਤੋਂ ਬਚਣ ਲਈ ਖੁਫ਼ੀਆ ਜਾਣਕਾਰੀ ਦੀ ਤਸਦੀਕ ਕਰ ਲੈਣੀ ਬਹੁਤ ਜ਼ਰੂਰੀ ਹੈ। ਦਹਿਸ਼ਤਗਰਦਾਂ ਦੇ ਸਾਥੀਆਂ ਦੇ ਖਾਤਮੇ ਲਈ ਮੁਖ਼ਬਰਾਂ ਦੀ ਚੌਵੀ ਘੰਟੇ ਮੁਸਤੈਦੀ ਦੀ ਵੀ ਲੋੜ ਹੈ।
ਅਨੰਤਨਾਗ ਦਾ ਇਹ ਮੁਕਾਬਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਉਹ ਜੰਮੂ ਕਸ਼ਮੀਰ ਵਿਚ ਕਿਸੇ ਵੀ ਸਮੇਂ ਚੋਣਾਂ ਕਰਾਉਣ ਲਈ ਤਿਆਰ ਹੈ। ਇਸ ਘਟਨਾ ਕਾਰਨ ਕੇਂਦਰ ਸਰਕਾਰ ਨੂੰ ਲੰਮੇ ਅਰਸੇ ਤੋਂ ਉਡੀਕੇ ਜਾ ਰਹੇ ਚੁਣਾਵੀ ਅਮਲ ਤੋਂ ਪਿਛਾਂਹ ਨਹੀਂ ਹਟਣਾ ਚਾਹੀਦਾ। ਇਸ ਦੇ ਨਾਲ ਹੀ ਖੁਫ਼ੀਆ ਪ੍ਰਣਾਲੀ ਦੀਆਂ ਖਾਮੀਆਂ ਦੂਰ ਕਰਨ ਅਤੇ ਅਪਰੇਸ਼ਨਾਂ ਲਈ ਅਪਣਾਏ ਜਾਂਦੇ ਨੇਮਾਂ/ਐਸਓਪੀ ਨੂੰ ਪੁਖਤਾ ਕਰਨ ਦੀ ਵੀ ਲੋੜ ਹੈ ਤਾਂ ਕਿ ਫ਼ੌਜ ਅਤੇ ਪੁਲੀਸ ਦੇ ਦਸਤੇ ਪਾਕਿਸਤਾਨ ਦੇ ਸਿਖਲਾਈ ਯਾਫ਼ਤਾ ਦਹਿਸ਼ਤਪਸੰਦਾਂ ਦੇ ਮਨਸੂਬਿਆਂ ਦਾ ਐਵੇਂ ਹੀ ਸ਼ਿਕਾਰ ਨਾ ਬਣ ਜਾਣ।