ਅਨੰਤਨਾਗ ਮੁਕਾਬਲੇ ਵਾਲੇ ਅਤਿਵਾਦੀ ਫ਼ੌਜ ਨੇ ਘੇਰੇ
* ਅਤਿਵਾਦੀਆਂ ਦੇ ਪਹਾੜ ਵਿਚਲੀ ਗੁਫਾ ’ਚ ਲੁਕੇ ਹੋਣ ਦਾ ਖਦਸ਼ਾ
* ਹੈਲੀਕਾਪਟਰਾਂ ਅਤੇ ਡਰੋਨਾਂ ਰਾਹੀਂ ਕੀਤੀ ਜਾ ਰਹੀ ਹੈ ਨਿਗਰਾਨੀ
ਸ੍ਰੀਨਗਰ, 14 ਸਤੰਬਰ
ਅਨੰਤਨਾਗ ਮੁਕਾਬਲੇ ’ਚ ਸ਼ਾਮਲ ਅਤਿਵਾਦੀਆਂ ਨੂੰ ਮਾਰ-ਮੁਕਾਉਣ ਲਈ ਅੱਜ ਦੂਜੇ ਦਿਨ ਵੀ ਸੁਰੱਖਿਆ ਬਲਾਂ ਦੀ ਮੁਹਿੰਮ ਜਾਰੀ ਰਹੀ ਤੇ ਪੁਲੀਸ ਨੇ ਦਾਅਵਾ ਕੀਤਾ ਕਿ ਸੁਰੱਖਿਆ ਬਲਾਂ ਨੇ ਅਨੰਤਨਾਗ ਦੇ ਉੱਚੇ ਇਲਾਕੇ ਵਿੱਚ ਲਸ਼ਕਰ-ਏ-ਤਇਬਾ ਦੇ ਦੋ ਅਤਿਵਾਦੀਆਂ ਨੂੰ ਘੇਰ ਲਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਵੱਲੋਂ ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੇ ਜਾਣ ਮਗਰੋਂ ਕੋਕਰਨਾਗ ਦੇ ਗਡੋਲੇ ਇਲਾਕੇ ਵਿਚਲੇ ਜੰਗਲਾਂ ’ਚੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈਆਂ ਦਿੱਤੀਆਂ ਹਨ। ਸੁਰੱਖਿਆ ਬਲਾਂ ਦਾ ਮੰਨਣਾ ਹੈ ਕਿ ਇਹ ਦੋਵੇਂ ਅਤਿਵਾਦੀ ਪਹਾੜ ਵਿਚਲੀ ਇੱਕ ਕੁਦਰਤੀ ਗੁਫਾ ’ਚ ਲੁਕੇ ਹੋਏ ਹਨ। ਉਨ੍ਹਾਂ ਦੱਸਿਆ ਕਿ ਗਡੋਲੇ ਦੇ ਜੰਗਲਾਂ ’ਤੇ ਹੈਲੀਕਾਪਟਰ ਉਡਦੇ ਦਿਖਾਈ ਦਿੱਤੇ ਹਨ ਤੇ ਸੁਰੱਖਿਆ ਬਲਾਂ ਨੇ ਇਲਾਕੇ ਦੀ ਸਖ਼ਤ ਘੇਰਾਬੰਦੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸਾਰਾ ਦਿਨ ਇੱਥੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਦੀਆਂ ਰਹੀਆਂ ਪਰ ਕਿਸੇ ਹੋਰ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ ਦਿਨੇ ਜੰਮੂ ਕਸ਼ਮੀਰ ਪੁਲੀਸ ਨੇ ਦੱਸਿਆ ਸੀ ਕਿ ਉਨ੍ਹਾਂ ਅਨੰਤਨਾਗ ਜ਼ਿਲ੍ਹੇ ’ਚ ਲਸ਼ਕਰ-ਏ-ਤੲਬਿਾ ਦੇ ਦੋ ਅਤਿਵਾਦੀ ਘੇਰ ਲਏ ਹਨ। ਅਨੰਤਨਾਗ ’ਚ ਇੱਕ ਦਿਨ ਪਹਿਲਾਂ ਮੁਕਾਬਲੇ ’ਚ ਸੁਰੱਖਿਆ ਬਲਾਂ ਦੇ ਤਿੰਨ ਅਧਿਕਾਰੀ ਸ਼ਹੀਦ ਹੋ ਗਏ ਸਨ। ਕਸ਼ਮੀਰ ਜ਼ੋਨ ਪੁਲੀਸ ਨੇ ‘ਐਕਸ’ ’ਤੇ ਦੱਸਿਆ, ‘ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੋਨੈਕ ਅਤੇ ਡੀਐੱਸਪੀ ਹਮਾਯੂੰ ਭੱਟ, ਜਿਨ੍ਹਾਂ ਇਸ ਮੁਹਿੰਮ ਦੌਰਾਨ ਸਾਹਮਣਿਓਂ ਅਗਵਾਈ ਕਰਦਿਆਂ ਆਪਣੀ ਜਾਨ ਦੀ ਕੁਰਬਾਨੀ ਦਿੱਤੀ, ਦੀ ਬਹਾਦੁਰੀ ਨੂੰ ਸੱਚੀ ਸ਼ਰਧਾਂਜਲੀ ਦਿੰਦਿਆਂ ਸਾਡੀਆਂ ਸੈਨਾਵਾਂ ਉਜੈਰ ਖਾਨ ਸਮੇਤ ਲਸ਼ਕਰ ਦੇ ਦੋ ਅਤਿਵਾਦੀਆਂ ਨੂੰ ਘੇਰਨ ’ਚ ਦ੍ਰਿੜ੍ਹ ਸੰਕਲਪ ਨਾਲ ਜੁਟੀਆਂ ਹੋਈਆਂ ਹਨ।’ ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਨਾਲ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਥਾਨਕ ਪੁਲੀਸ ਵੱਲੋਂ ਭਾਰਤੀ ਫੌਜ ਨਾਲ ਮਿਲ ਕੇ ਮੁਹਿੰਮ ਚਲਾਈ ਜਾ ਰਹੀ ਹੈ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਫੌਜ ਤੇ ਜੰਮੂ ਕਸ਼ਮੀਰ ਪੁਲੀਸ ਸਣੇ ਸੁਰੱਖਿਆ ਬਲਾਂ ਨੂੰ ਛੋਟੇ ਕੁਆਡਕਾਪਟਰਾਂ ਤੇ ਵੱਡੇ ਡਰੋਨਾਂ ਰਾਹੀਂ ਮਦਦ ਮੁਹੱਈਆ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚਿਨਾਰ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਾਜੀਵ ਘਈ ਤੇ ਰਾਸ਼ਟਰੀ ਰਾਈਲਫਜ਼ ਵਿਕਟਰ ਫੋਰਸ ਦੇ ਕਮਾਂਡਰ ਮੇਜਰ ਜਨਰਲ ਬਲਬੀਰ ਸਿੰਘ ਪਹਿਲਾਂ ਹੀ ਜਵਾਨਾਂ ਦਾ ਹੌਸਲਾ ਵਧਾਉਣ ਲਈ ਮੁਕਾਬਲੇ ਵਾਲੀ ਥਾਂ ’ਤੇ ਪਹੁੰਚ ਚੁੱਕੇ ਹਨ। ਡੀਐੱਸਪੀ ਹੁਮਾਯੂੰ ਭੱਟ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ ਹੈ ਅਤੇ ਕਰਨਲ ਮਨਪ੍ਰੀਤ ਸਿੰਘ ਤੇ ਮੇਜਰ ਆਸ਼ੀਸ਼ ਧੋਨੈਕ ਦੀਆਂ ਲਾਸ਼ਾਂ ਉਨ੍ਹਾਂ ਦੇ ਘਰਾਂ ਨੂੰ ਭੇਜੀਆਂ ਜਾ ਰਹੀਆਂ ਹਨ। -ਪੀਟੀਆਈ
ਢਾਈ ਸਾਲਾ ਧੀ ਪਿੱਛੇ ਛੱਡ ਗਿਆ ਮੇਜਰ ਧੋਨੈਕ
ਪਾਣੀਪਤ: ਅਨੰਤਨਾਗ ਮੁਕਾਬਲੇ ’ਚ ਸ਼ਹੀਦ ਹੋਣ ਵਾਲਾ ਮੇਜਰ ਆਸ਼ੀਸ਼ ਧੋਨੈਕ ਪਿੱਛੇ ਢਾਈ ਸਾਲਾ ਧੀ ਛੱਡ ਗਿਆ ਹੈ। ਤਿੰਨ ਭੈਣਾਂ ਦਾ ਇਕਲੌਤਾ ਭਰਾ ਮੇਜਰ ਧੋਨੈਕ ਅਜੇ ਮਹੀਨੇ ਪਹਿਲਾਂ ਹੀ ਘਰ ਆ ਕੇ ਗਿਆ ਸੀ। ਉਸ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਸਾਰੇ ਪਿੰਡ ’ਚ ਸੋਗ ਫੈਲ ਗਿਆ ਅਤੇ ਵੱਡੀ ਗਿਣਤੀ ’ਚ ਲੋਕ ਮੇਜਰ ਧੋਨੈਕ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ। ਸ਼ਹੀਦ ਦੇ ਰਿਸ਼ਤੇਦਾਰ ਦਿਲਾਵਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਫੋਨ ’ਤੇ ਆਸ਼ੀਸ਼ ਧੋਨੈਕ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਹੈ। ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਨ੍ਹਾਂ ਕਿਹਾ ਕਿ ਆਸ਼ੀਸ਼ ਧੋਨੈਕ ਅਜੇ ਦੋ ਮਹੀਨੇ ਪਹਿਲਾਂ ਹੀ ਘਰ ਹੋ ਕੇ ਗਿਆ ਸੀ। -ਏਐੱਨਆਈ
ਕਰਨਲ ਮਨਪ੍ਰੀਤ ਨੇ ਸ਼ਾਂਤ ਇਲਾਕੇ ’ਚ ਜਾਣ ਤੋਂ ਕਰ ਦਿੱਤਾ ਸੀ ਇਨਕਾਰ
ਨਵੀਂ ਦਿੱਲੀ: ਸਾਲ 2021 ’ਚ ਤਰੱਕੀ ਮਿਲਣ ਮਗਰੋਂ ਕਰਨਲ ਮਨਪ੍ਰੀਤ ਸਿੰਘ ਨੂੰ ਸ਼ਾਂਤੀਪੂਰਨ ਥਾਂ ’ਤੇ ਤਾਇਨਾਤ ਕੀਤੇ ਜਾਣ ਦੀ ਪੇਸ਼ਕਸ਼ ਕੀਤੀ ਗਈ ਤਾਂ ਉਨ੍ਹਾਂ ਤੁਰੰਤ ਜਵਾਬ ਦਿੱਤਾ ਸੀ, ‘ਨੋ ਸਰ।’ ਉਨ੍ਹਾਂ ਇਸ ਦੀ ਥਾਂ 19 ਰਾਈਫਲਜ਼ ’ਚ ਬਣੇ ਰਹਿਣ ਤੇ ਕਮਾਨ ਸੰਭਾਲਣ ਨੂੰ ਤਰਜੀਹ ਦਿੱਤੀ ਸੀ। ਉਨ੍ਹਾਂ ਨੂੰ 19 ਰਾਈਫਲਜ਼ ’ਚ ‘ਸੈਕਿੰਡ ਇਨ ਕਮਾਂਡ’ ਰਹਿਣ ਦੌਰਾਨ ਸੈਨਾ ਦੇ ਤਗ਼ਮੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਬਟਾਲੀਅਨ ਨੇ ਕਈ ਅਤਿਵਾਦੀ ਹਲਾਕ ਕੀਤੇ ਹਨ ਜਿਨ੍ਹਾਂ ’ਚ ਹਿਜ਼ਬੁਲ ਮੁਜਾਹਿਦੀਨ ਦਾ ‘ਪੋਸਟਰ ਬੁਆਏ’ ਕਿਹਾ ਜਾਣ ਵਾਲਾ ਬੁਹਰਾਨ ਵਾਨੀ ਵੀ ਸ਼ਾਮਲ ਸੀ। 19 ਰਾਈਫਲਜ਼ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ, ਕੋਕਰਨਾਗ ਤੇ ਵੈਰੀਨਾਗ ਅਤੇ ਇਸ ਦੇ ਉਚਾਈ ਵਾਲੇ ਇਲਾਕਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿੱਥੇ ਅਤੀਤ ’ਚ ਵੱਡੀ ਗਿਣਤੀ ਅਤਿਵਾਦੀਆਂ ਦੀ ਮੌਜੂਦਗੀ ਰਹੀ ਹੈ। -ਪੀਟੀਆਈ