ਆਨੰਦਪੁਰ ਸਾਹਿਬ: ਵੋਟਰਾਂ ਨੇ ਕਿਸੇ ਵੀ ਉਮੀਦਵਾਰ ਨੂੰ ਦੂਜੀ ਵਾਰ ਨਹੀਂ ਦਿੱਤਾ ਮੌਕਾ
ਮਿਹਰ ਸਿੰਘ
ਕੁਰਾਲੀ, 31 ਮਈ
ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਬੰਦ ਹੋਣ ਤੋਂ ਹੁਣ ਅੰਤਿਮ ਪੜਾਅ ਵਿੱਚ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਵਲੋਂ ਹੁਣ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਹਲਕੇ ਤੋਂ ਬਹੁਕੋਣੀ ਮੁਕਾਬਲੇ ਦੀ ਉਮੀਦ ਕੀਤੀ ਜਾ ਰਹੀ ਹੈ।
ਹਲਕਾ ਸ੍ਰੀ ਆਨੰਦਪੁਰ ਸਾਹਿਬ ਜੋ ਕਿ 2009 ਵਿੱਚ ਹੋਂਦ ਵਿੱਚ ਆਇਆ, ਉਦੋਂ ਤੋਂ ਹੋ ਰਹੀ ਚੌਥੀ ਲੋਕ ਸਭਾ ਚੋਣ ਲਈ ਇਸ ਵਾਰ 28 ਉਮੀਦਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿਚੋਂ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਲਗਾਤਾਰ ਤੀਜੀ ਵਾਰ ਇਸ ਹਲਕੇ ਤੋਂ ਚੋਣ ਲੜ ਰਹੇ ਹਨ ਜਦਕਿ ਬਾਕੀ ਸਾਰੇ ਉਮੀਦਵਾਰ ਹਲਕੇ ਲਈ ਨਵੇਂ ਹਨ। ਰੋਪੜ ਹਲਕੇ ਨੂੰ ਖਤਮ ਕਰਕੇ ਬਣਾਏ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ 2009 ਵਿੱਚ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ,2014 ਵਿੱਚ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ 2019 ਵਿੱਚ ਕਾਂਗਰਸ ਦੇ ਮਨੀਸ਼ ਤਿਵਾੜੀ ਜੇਤੂ ਰਹੇ ਹਨ। ਪਿਛਲੀਆਂ ਤਿੰਨੇ ਚੋਣਾਂ ਵਿੱਚ ਕਾਂਗਰਸ, ਅਕਾਲੀ-ਭਾਜਪਾ ਗਠਜੋੜ, ਆਮ ਆਦਮੀ ਪਾਰਟੀ ਤੇ ਬਸਪਾ ਵੱਡੀਆਂ ਧਿਰਾਂ ਰਹੀਆਂ ਹਨ ਪਰ ਇਸ ਵਾਰ ਭਾਜਪਾ ਦੇ ਵੱਖਰੇ ਤੌਰ ‘ਤੇ ਚੋਣ ਮੈਦਾਨ ਵਿੱਚ ਉਤਰਨ ਕਾਰਨ ਸਮੀਕਰਨ ਬਦਲਣੇ ਸੁਭਾਵਿਕ ਹਨ।
ਵੋਟਰਾਂ ਨੇ ਹਾਲੇ ਤੱਕ ਕਿਸੇ ਵੀ ਉਮੀਦਵਾਰ ਨੂੰ ਹਲਕੇ ਦੀ ਦੂਜੀ ਵਾਰ ਨੁਮਾਇੰਦਗੀ ਕਰਨ ਦਾ ਮੌਕਾ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਪਾਰਟੀ ਨੂੰ ਲਗਾਤਾਰ ਦੂਜੀ ਵਾਰ ਜਿੱਤ ਦਰਜ਼ ਕਰਨ ਦਾ ਮੌਕਾ ਦਿੱਤਾ ਹੈ। ਇਸ ਵਾਰ ਮੁੱਖ ਉਮੀਦਵਾਰਾਂ ਵਿੱਚ ‘ਆਪ’ ਦੇ ਮਲਵਿੰਦਰ ਸਿੰਘ ਕੰਗ, ਕਾਂਗਰਸ ਦੇ ਵਿਜੈਇੰਦਰ ਸਿੰਗਲਾ, ਭਾਜਪਾ ਦੇ ਡਾ. ਸੁਭਾਸ਼ ਸ਼ਰਮਾ ਅਤੇ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੋਂ ਇਲਾਵਾ ਬਸਪਾ ਦੇ ਜਸਵੀਰ ਸਿੰਘ ਗੜ੍ਹੀ ਦੇ ਨਾਂ ਸ਼ਾਮਲ ਹਨ। ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਹੁਣ ਸਾਰੀਆਂ ਪਾਰਟੀਆਂ ਦੇ ਸਥਾਨਕ ਆਗੂਆਂ ਵਲੋਂ ਆਪੋ ਆਪਣੇ ਇਲਾਕਿਆਂ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਦਕਿ ਉਮੀਦਵਾਰਾਂ ਵਲੋਂ ਸੋਸ਼ਲ ਮੀਡੀਆ ਵੱਟਸਐੱਪ ਗਰੁੱਪਾਂ, ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾ ਰਹੀ ਹੈ।
ਖਰੜ ਦੇ ਵੋਟਰ ਕਰਨਗੇ ਅਹਿਮ ਰੋਲ ਅਦਾ
ਖਰੜ (ਸ਼ਸ਼ੀ ਪਾਲ ਜੈਨ): ਖਰੜ ਵਿਧਾਨ ਸਭਾ ਹਲਕੇ ਵਿੱਚ ਜਿੱਥੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡੀ ਉਥੇ ਦੂਜੇ ਪਾਸੇ ਵੋਟਰਾਂ ਵਿੱਚ ਇਨ੍ਹਾਂ ਚੋਣਾਂ ਲਈ ਕੋਈ ਬਹੁਤਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ ਹੈ ਅਤੇ ਖਾਮੋਸ਼ੀ ਜਿਹੀ ਛਾਈ ਹੋਈ ਹੈ। ਇਹ ਸ਼ਾਇਦ ਪਹਿਲੀ ਵਾਰੀ ਹੋਇਆ ਹੈ ਕਿ ਜ਼ਿਆਦਾਤਰ ਲੋਕ ਚੁੱਪ-ਚਾਪ ਬੈਠੇ ਹਨ ਅਤੇ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹਨ। ਇੰਜ ਲਗਦਾ ਹੈ ਕਿ ਲੋਕਾਂ ਵਿੱਚ ਚੋਣਾਂ ਲਈ ਕੋਈ ਖਾਸ ਦਿਲਚਸਪੀ ਹੀ ਨਾ ਹੋਵੇ। ਇਸ ਵਾਰੀ ਸ਼ਾਇਦ ਪਹਿਲੀ ਵਾਰੀ ਹੋਇਆ ਹੈ ਕਿ ਸਾਰੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਲੱਗਦਾ ਹੈ ਕਿ ਉਨ੍ਹਾਂ ਵਿੱਚ ਜਬਰਦਸਤ ਮੁਕਾਬਲਾ ਹੈ। ਇਸ ਵਾਰ ਸ਼ਾਇਦ ਪਹਿਲੀ ਵਾਰੀ ਹੋਇਆ ਹੈ ਕਿ ਵੋਟਰ ਸੁਣ ਸਭ ਦੀ ਰਹੇ ਹਨ ਪਰ ਆਪਣਾ ਮੂੰਹ ਬਹੁਤ ਘੱਟ ਖੋਲ੍ਹਣ ਲਈ ਤਿਆਰ ਹਨ।