ਪੰਜਾਬ ਨੂੰ ਸਮਝਣ ਲਈ ਇਤਿਹਾਸ ਦੀ ਸਮਝ ਜ਼ਰੂਰੀ: ਦਿਲਗੀਰ
ਪੱਤਰ ਪ੍ਰੇਰਕ
ਚੰਡੀਗੜ੍ਹ, 3 ਅਪਰੈਲ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਪੰਜਾਬੀ ਸਾਹਿਤ ਸਭਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਾਂਝੇ ਤੌਰ ’ਤੇ ਪੰਜਾਬੀ ਖੋਜੀ, ਵਿਦਵਾਨ ਅਤੇ ਪੰਜਾਬੀ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨਾਲ ਸੰਵਾਦ ਰਚਾਇਆ ਗਿਆ। ਡਾ. ਦਿਲਗੀਰ ਨੇ ਆਪਣੇ ਭਾਸ਼ਣ ਵਿੱਚ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਸਮਾਜ ਅਤੇ ਸੱਭਿਆਚਾਰ ਦੀ ਸਮਝ ਲਈ ਪੰਜਾਬ ਦੇ ਇਤਿਹਾਸ ਦੀ ਡੂੰਘੀ ਸਮਝ ਚਾਹੀਦੀ ਹੈ। ਕਦੇ ਪੰਜਾਬ ਵਿਸ਼ਾਲ ਭੂ-ਖੰਡ ਹੋਇਆ ਕਰਦਾ ਸੀ, ਪ੍ਰੰਤੂ ਰਾਜਨੀਤੀ ਨੇ ਪੰਜਾਬ ਨੂੰ ਛਾਂਗ ਦਿੱਤਾ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਸਵਾਗਤ ਕਰਦਿਆਂ ਡਾ. ਦਿਲਗੀਰ ਨੇ ਸਮੁੱਚੇ ਖੋਜ ਕਾਰਜ ਦੇ ਮਹੱਤਵ ਉਤੇ ਚਾਨਣਾ ਪਾਇਆ। ਇਤਿਹਾਸ ਵਿਭਾਗ ਦੇ ਮੁਖੀ ਡਾ. ਜਸਬੀਰ ਸਿੰਘ ਨੇ ਦਿਲਗੀਰ ਦੇ ਵਿਸ਼ਾਲ ਮਹਾਨ-ਕੋਸ਼ ’ਤੇ ਚਾਨਣਾ ਪਾਇਆ। ਸਮਾਗਮ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਸਮੇਤ ਪ੍ਰੋ. ਉਮਾ ਸੇਠੀ, ਡਾ. ਅਕਵਿੰਦਰ ਕੌਰ ਤਨਵੀ, ਪ੍ਰੋ. ਦਿਲਬਾਗ ਸਿੰਘ, ਸਰਦਾਰਾ ਸਿੰਘ ਚੀਮਾ, ਬਲਕਾਰ ਸਿੱਧੂ ਨੇ ਵੀ ਸ਼ਿਰਕਤ ਕੀਤੀ। ਅੰਤ ਵਿੱਚ ਡਾ. ਯੋਗਰਾਜ ਨੇ ਆਏ ਹੋਏ ਚਿੰਤਕਾਂ ਦਾ ਧੰਨਵਾਦ ਕੀਤਾ। ਮੰਚ ਦੀ ਕਾਰਵਾਈ ਖੋਜਾਰਥੀ ਰਣਜੀਤ ਕੌਰ ਨੇ ਚਲਾਈ।