ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੱਤਰਕਾਰਾਂ ਨੂੰ ਬਿਨਾ ਡਰ-ਭੈਅ ਪੱਤਰਕਾਰੀ ਕਰਨ ਦਾ ਸੱਦਾ

08:03 AM Aug 05, 2024 IST
ਪੱਤਰਕਾਰਾਂ ਦਾ ਸਨਮਾਨ ਕਰਦੇ ਹੋਏ ਰਾਜਪਾਲ ਬੰਡਾਰੂ ਲਾਲ ਦੱਤਾਤ੍ਰੇਅ।

ਪੀਪੀ ਵਰਮਾ
ਪੰਚਕੂਲਾ, 4 ਅਗਸਤ
ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਅੱਜ ਇੱਥੇ ਸੈਕਟਰ-1 ਸਥਿਤ ਪੀਡਬਲਿਊਡੀ ਰੈਸਟ ਹਾਊਸ ਵਿੱਚ ਚੰਡੀਗੜ੍ਹ ਅਤੇ ਹਰਿਆਣਾ ਜਰਨਲਿਸਟ ਯੂਨੀਅਨ ਵੱਲੋਂ ਕਰਵਾਏ ਗਏ ਇੰਡੀਅਨ ਜਰਨਲਿਸਟ ਯੂਨੀਅਨ (ਆਈਜੇਯੂ) ਦੇ ਸਨਮਾਨ, ਬੀਮਾ ਪਾਲਿਸੀ ਵੰਡ ਸਮਾਗਮ ਅਤੇ ਕੌਮੀ ਕੌਂਸਲ ਦੀ ਦੋ ਰੋਜ਼ਾ ਮੀਟਿੰਗ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਭਾਰਤੀ ਮੀਡੀਆ ਸਾਹਮਣੇ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ-ਚਰਚਾ ਕਰਦਿਆਂ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਦਾ ਸਮਰਥਨ ਕੀਤਾ। ਉਨ੍ਹਾਂ ਮੀਡੀਆ ਦੀ ਘੱਟ ਰਹੀ ਭਰੋਸੇਯੋਗਤਾ ਉਪਰ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਮੁਸ਼ਕਲ ਭਰੇ ਹਾਲਾਤ ਵਿੱਚ ਸ਼ਾਨਦਾਰ ਕੰਮ ਕਰਨ ਬਦਲੇ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਯੂਨੀਅਨ ਵੱਲੋਂ ਉਠਾਈਆਂ ਗਈਆਂ ਕਈ ਮੰਗਾਂ ਦਾ ਸਮਰਥਨ ਕਰਦਿਆਂ ਇਹ ਮੰਗਾਂ ਆਪਣੇ ਪੱਧਰ ’ਤੇ ਭਾਰਤ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੱਤਾ।
ਉਨ੍ਹਾਂ ਪੱਤਰਕਾਰਾਂ ਦੀ ਪੈਨਸ਼ਨ ਵਿੱਚ ਵਾਧਾ ਕਰਨ ਦੀ ਮੰਗ ਨੂੰ ਵੀ ਜਾਇਜ਼ ਦੱਸਿਆ। ਉਨ੍ਹਾਂ ਕਿਹਾ ਕਿ ਪੱਤਰਕਾਰੀ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ। ਪੱਤਰਕਾਰਾਂ ਨੂੰ ਬਿਨਾ ਡਰ ਤੋਂ ਤੱਥਾਂ ’ਤੇ ਆਧਾਰਤ ਪੱਤਰਕਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਪੱਤਰਕਾਰੀ ਦਾ ਨਵਾਂ ਦੌਰ ਹੈ। ਦੇਸ਼ ਵਿੱਚ ਪੱਤਰਕਾਰਾਂ ਅਤੇ ਪੱਤਰਕਾਰੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪੱਤਰਕਾਰਾਂ ਨੇ ਦੇਸ਼ ਆਜ਼ਾਦ ਕਰਵਾਉਣ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਲੋਕਤੰਤਰ ਦੀ ਰਾਖੀ ਲਈ ਵੀ ਪੱਤਰਕਾਰ ਭਾਈਚਾਰੇ ਨੇ ਕੁਰਬਾਨੀਆਂ ਦਿੱਤੀਆਂ ਹਨ। ਰਾਜਪਾਲ ਨੇ ਕਿਹਾ ਕਿ ਮਹਿਲਾਵਾਂ ਨੂੰ ਵੀ ਪੱਤਰਕਾਰੀ ਵਿੱਚ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਪੱਤਰਕਾਰਾਂ ਦੀਆਂ ਮੰਗਾਂ ਵੱਲ ਪੂਰਾ ਧਿਆਨ ਦੇਣਗੇ।
ਕੌਮੀ ਕੌਂਸਲ ਦੇ ਦੋ ਰੋਜ਼ਾ ਸੰਮੇਲਨ ਵਿੱਚ ਕੌਮੀ ਜਨਰਲ ਸਕੱਤਰ ਬਲਵਿੰਦਰ ਸਿੰਘ ਜੰਮੂ ਨੇ ਜਥੇਬੰਦੀ ਵੱਲੋਂ ਪਿਛਲੇ ਅਰਸੇ ਦੌਰਾਨ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਮੀਡੀਆ ਕਮਿਸ਼ਨ ਬਣਾਉਣ ਦੀ ਵੀ ਮੰਗ ਕੀਤੀ। ਇਸ ਦੌਰਾਨ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਕੇ. ਸ੍ਰੀਨਿਵਾਸ ਰੈਡੀ, ਚੰਡੀਗੜ੍ਹ ਅਤੇ ਹਰਿਆਣਾ ਜਰਨਲਿਸਟ ਯੂਨੀਅਨ ਦੇ ਸੂਬਾਈ ਪ੍ਰਧਾਨ ਰਾਮ ਸਿੰਘ ਬਰਾੜ, ਸਾਬਕਾ ਕੌਮੀ ਪ੍ਰਧਾਨ ਐੱਸਐੱਨ ਸਿਨਹਾ, ਬਲਵੰਤ ਤਖਸ਼ਕ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਜੰਡੂ, ਸਮਾਗਮ ਦੇ ਮੁੱਖ ਪ੍ਰਬੰਧਕ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ ਨਲਿਨ ਅਚਾਰੀਆ ਸਮੇਤ ਹੋਰਨਾਂ ਨੇ ਮੁੱਖ ਮਹਿਮਾਨ ਦਾ ਸਨਮਾਨ ਕੀਤਾ।

Advertisement

Advertisement
Advertisement