ਭਗਵਾਨ ਵਾਲਮੀਕਿ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਸੱਦਾ
ਹਤਿੰਦਰ ਮਹਿਤਾ
ਜਲੰਧਰ, 27 ਅਕਤੂਬਰ
ਡੀਸੀ ਵਿਸ਼ੇਸ਼ ਸਾਰੰਗਲ ਅਤੇ ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਨੇ ਲੋਕਾਂ ਨੂੰ ਭਗਵਾਨ ਵਾਲਮੀਕਿ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦਾ ਸੱਦਾ ਦਿੱਤਾ। ਅਲੀ ਮੁਹੱਲਾ ਵਿੱਚ ਭਗਵਾਨ ਵਾਲਮੀਕਿ ਮੰਦਿਰ ਵਿਖੇ ਨਤਮਸਤਕ ਹੋਣ ਉਪਰੰਤ ਦੋਵਾਂ ਉੱਚ ਅਧਿਕਾਰੀਆਂ ਨੇ ਕਿਹਾ ਕਿ ਭਗਵਾਨ ਵਾਲਮੀਕਿ ਵੱਲੋਂ ਪਵਿੱਤਰ ਰਾਮਾਇਣ ਦੀ ਰਚਨਾ ਕੀਤੀ ਗਈ ਜੋ ਸਦੀਆਂ ਤੋਂ ਨੈਤਿਕ ਆਧਾਰ ’ਤੇ ਜੀਵਨ ਜੀਉਣ ਦਾ ਉਪਦੇਸ਼ ਦੇ ਰਹੀ ਹੈ।
ਇਸ ਉਪਰੰਤ ਉਨ੍ਹਾਂ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ਅਤੇ ਭਗਵਾਨ ਵਾਲਮੀਕਿ ਜੀ ਦੇ ਜੀਵਨ, ਸਿੱਖਿਆਵਾਂ ਤੇ ਫਲਸਫੇ ਨੂੰ ਦਰਸਾਉਣ ਲਈ ਪ੍ਰਬੰਧਕਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਸ਼ੋਭਾ ਯਾਤਰਾ ਦੌਰਾਨ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।
ਸ਼ਾਹਕੋਟ (ਗੁਰਮੀਤ ਖੋਸਲਾ): ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਕੋਟਲੀ ਗਾਜਰਾਂ, ਢੰਡੋਵਾਲ ਅਤੇ ਮਲਸੀਆਂ ਵਿੱਚ ਸ਼ੋਭਾ ਯਾਤਰਾਵਾਂ ਸਜਾਈਆਂ ਗਈਆਂ। ਇਸ ਮੌਕੇ ਪਵਿੱਤਰ ਧਾਰਮਿਕ ਗ੍ਰੰਥ ਸ੍ਰੀ ਰਾਮਾਇਣ ਸੁੰਦਰ ਪਾਲਕੀਆਂ ਵਿੱਚ ਸੁਸ਼ੋਭਿਤ ਕੀਤੇ ਗਏ। ਸੰਗਤਾਂ ਭਗਵਾਨ ਵਾਲਮੀਕ ਜੀ ਦਾ ਗੁਣਗਾਨ ਕਰ ਰਹੀਆਂ ਸਨ। ਭਗਵਾਨ ਵਾਲਮੀਕ ਜੀ ਦੇ ਜੀਵਨ ਨਾਲ ਨਾਲ ਸਬੰਧਿਤ ਸਜਾਈਆਂ ਝਾਕੀਆਂ ਸ਼ੋਭਾ ਯਾਤਰਾਵਾਂ ਦੀ ਸ਼ੋਭਾ ਨੂੰ ਵਧਾ ਰਹੀਆਂ ਸਨ। ਇਸ ਦੌਰਾਨ ਸੰਗਤਾਂ ਲਈ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਥਾਂ-ਥਾਂ ’ਤੇ ਲੰਗਰ ਲਾਏ ਗਏ।
ਕਾਦੀਆਂ (ਮਕਬੂਲ ਅਹਿਮਦ): ਭਗਵਾਨ ਵਾਲਮੀਕਿ ਜੈਅੰਤੀ ਨੂੰ ਸਮਰਪਿਤ ਕਾਦੀਆਂ ਵਿੱਚ ਵਾਲਮੀਕਿ ਸਮਾਜ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਫ਼ਤਿਹ ਜੰਗ ਸਿੰਘ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੇ ਸ਼ਿਰਕਤ ਕੀਤੀ। ਇਸ ਮੌਕੇ ਭਾਜਪਾ ਆਗੂ ਡਾ. ਕਮਲ ਜਯੋਤੀ, ਸਰਬਜੀਤ ਸਿੰਘ ਮਾਹਲ, ਭਾਜਪਾ ਆਗੂ ਗੌਰਵ ਰਾਜਪੂਤ, ਲੱਖ ਦਾਤਾ ਦਰਬਾਰ ਦੇ ਚੇਅਰਮੈਨ ਜੋਗਿੰਦਰਪਾਲ ਭੁੱਟੋ ਸੁਨਿਆਰਾ, ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੰਯੁਕਤ ਸਕੱਤਰ ਬਬੀਤਾ ਖੋਸਲਾ ਮੌਜੂਦ ਸਨ।