ਨੌਜਵਾਨਾਂ ਵੱਲੋਂ ਬੂਟੇ ਵੰਡ ਕੇ ਵਾਤਾਵਰਨ ਬਚਾਉਣ ਦਾ ਸੱਦਾ
ਪੱਤਰ ਪ੍ਰੇਰਕ
ਕੁੱਪ ਕਲਾਂ, 10 ਜੁਲਾਈ
ਤਿੰਨ ਵਰ੍ਹਿਆਂ ਤੋਂ ਹਰ ਸਾਲ ਦੀ ਤਰ੍ਹਾਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਨੌਜਵਾਨ ਜਸ਼ਨ ਬੈਨੀਪਾਲ, ਸੁਖਵਿੰਦਰ ਸਿੰਘ ਨੋਨੀ, ਦਿਲਸ਼ਾਦ ਸਾਦੋ ਅਤੇ ਮਾਸਟਰ ਲਖਵਿੰਦਰ ਸਿੰਘ ਨੇ ਇਸ ਵਾਰ ਵੀ ਭੋਗੀਵਾਲ ਵਿੱਚ 5000 ਹਜ਼ਾਰ ਬੂਟੇ ਵੰਡ ਕੇ ਵਾਤਾਵਰਨ ਬਚਾਉਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਏਡੀਸੀ ਹਰਬੰਸ ਸਿੰਘ, ਐੱਸਪੀ (ਐੱਚ) ਸਵਰਨਜੀਤ ਕੌਰ, ਐੱਸਡੀਐੱਮ ਗੁਰਮੀਤ ਕੁਮਾਰ ਅਤੇ ਡੀਐੱਸਪੀ ਰਣਜੀਤ ਸਿੰਘ ਬੈਂਸ ਨੇ ਉਚੇਚੇ ਰੂਪ ਵਿੱਚ ਪਹੁੰਚ ਕੇ ਜਿੱਥੇ ਨੌਜਵਾਨਾਂ ਦੀ ਭਰਪੂਰ ਸ਼ਲਾਘਾ ਕੀਤੀ, ਉੱਥੇ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਹਰ ਇੱਕ ਨਾਗਰਿਕ ਅਤੇ ਨੌਜਵਾਨਾਂ ਨੂੰ ਆਪਣੇ ਘਰਾਂ ਵਿੱਚ, ਕਿਸਾਨਾਂ ਨੂੰ ਖੇਤਾਂ ਦੀਆਂ ਪਹੀਆਂ ਵਿੱਚ ਅਤੇ ਪੰਚਾਇਤਾਂ ਨੂੰ ਸਾਂਝੀਆਂ ਥਾਵਾਂ ’ਤੇ ਪਿੱਪਲ, ਬੋਹੜ, ਬਰੋਟੇ, ਟਾਹਲੀ, ਨਿੰਮ, ਕਿੱਕਰ ਸਮੇਤ ਹੋਰ ਅਲੋਪ ਹੋ ਚੁੱਕੇ ਰਵਾਇਤੀ ਦਰੱਖਤਾਂ ਦੇ ਵਧ ਤੋਂ ਵਧ ਬੂਟੇ ਲਗਾਉਣ ਲਈ ਕਿਹਾ ਤਾਂ ਜੋ ਧਰਤੀ ’ਤੇ ਪੈਦਾ ਹੋ ਰਹੀ ਤਪਸ਼ ਨੂੰ ਘੱਟ ਕੀਤਾ ਜਾ ਸਕੇ। ਇਸ ਮੌਕੇ ਸਦਰ ਥਾਣਾ ਅਹਿਮਦਗੜ੍ਹ ਦੇ ਮੁਖੀ ਸੁਖਵਿੰਦਰਪਾਲ ਸਿੰਘ, ਜਸਮਨ ਲਹਿਰਾ, ਗੁਰੀ ਸਰਪੰਚ, ਯਾਸੀਨ ਨਿੱਕਾ , ਜਸਵੀਰ ਸਿੰਘ ਗੋਗੀ, ਸੁੱਖਾ ਬੈਨੀਪਾਲ, ਬੇਅੰਤ ਮਤੋਈ, ਗੁਰਪ੍ਰੀਤ ਸਿੰਘ, ਰਾਜਨਦੀਪ ਸਿੰਘ ਬੈਂਸ, ਕੁਲਵੀਰ ਸਿੰਘ ਆਦਿ ਹਾਜ਼ਰ ਰਹੇ।