ਡੱਬਵਾਲੀ ’ਚ ਅੰਤਰਰਾਜੀ ਲੁਟੇਰਾ ਗਰੋਹ ਦਾ ਪਰਦਾਫਾਸ਼
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 20 ਨਵੰਬਰ
ਜ਼ਿਲ੍ਹਾ ਪੁਲੀਸ ਡੱਬਵਾਲੀ ਨੇ ਪੰਜਾਬ ਰੋਡਵੇਜ਼ ਦੇ ਕੰਡਕਟਰ ਤੋਂ ਲੁੱਟ-ਖੋਹ ਕਰਨ ਮਾਮਲੇ ਵਿੱਚ ਅੰਤਰਾਜੀ ਲੁਟੇਰਾ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਸੀਆਈਏ ਡੱਬਵਾਲੀ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਬਲੇਨੋ ਗੱਡੀ ਸਮੇਤ ਕਾਬੂ ਕੀਤਾ ਹੈ। ਇਸ ਗਰੋਹ ’ਤੇ ਪਿੰਡ ਲੱਕੜਾਂਵਾਲੀ ਵਿੱਚ ਬੈਂਕ ਮੈਨੇਜਰ ਨੂੰ ਅਗਵਾ ਕਰਕੇ ਪੰਜ ਲੱਖ ਰੁਪਏ ਫਿਰੌਤੀ ਮੰਗਣ ਅਤੇ ਲੁੱਟ-ਖੋਹ ਦੀਆਂ 15 ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਅਤੇ ਵੱਖ-ਵੱਖ ਮੁਕੱਦਮੇ ਵੀ ਦਰਜ ਹਨ। ਕੁੱਝ ਦਿਨ ਪਹਿਲਾਂ ਅਬੁੱਬਸ਼ਹਿਰ ਦੇ ਕੋਲ ਲੁੱਟ-ਖੋਹ ਦੀ ਵਾਰਦਾਤ ਨੂੰ ਵੀ ਇਸੇ ਗਰੋਹ ਨੇ ਅੰਜਾਮ ਦਿੱਤਾ ਸੀ। ਖੇਤਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਮੱਦੇਨਜਰ ਸੀਆਈਏ ਸਟਾਫ ਡੱਬਵਾਲੀ ਸੁਰਾਗ ਜੁਟਾਉਣ ਵਿੱਚ ਜੁਟੀ ਹੋਈ ਸੀ। ਮੁਲਜ਼ਮਾਂ ਦੀ ਪਛਾਣ ਸਾਹਿਲ ਉਰਫ ਪੈਟਰੋਲ, ਮੋਹਿਤ ਉਰਫ ਗੋਗਾ, ਹਰਸ਼ ਉਰਫ ਗਿਆਨੀ ਵਾਸੀ ਵਾਰਡ 6, ਸੁੰਦਰਨਗਰ ਡੱਬਵਾਲੀ ਵਜੋਂ ਹੋਈ ਹੈ।
ਡੱਬਵਾਲੀ ਦੇ ਐੱਸਪੀ ਸਿਧਾਂਤ ਜੈਨ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਬਲੇਨੋ ਕਾਰ ’ਤੇ ਸਵਾਰ ਅੰਤਰਰਾਜੀ ਲੁਟੇਰਾ ਗਰੋਹ ਦੇ ਮੈਬਰਾਂ ਨੇ ਬੀਤੀ 3 ਨਵੰਬਰ ਨੂੰ ਰਾਤ 8 ਵਜੇ ਪੰਜਾਬ ਰੋਡਵੇਜ਼ ਦੇ ਕੰਡਕਟਰ ਗੁਰਲਾਲ ਸਿੰਘ ਵਾਸੀ ਪਿੰਡ ਮਟਦਾਦੂ ਤੋਂ ਪਿੰਡ ਮਸੀਤਾਂ ਦੇ ਨੇੜੇ ਉਸਦਾ ਬੈਗ ਖੋਹ ਲਿਆ ਸੀ ਜਿਸ ਵਿੱਚ ਟਿਕਟ ਮਸ਼ੀਨ, 15 ਹਜ਼ਾਰ ਰੁਪਏ ਅਤੇ ਮੋਬਾਈਲ ਫੋਨ ਸੀ। ਘਟਨਾ ਸਮੇਂ ਕੰਡਕਟਰ ਡਿਊਟੀ ਤੋਂ ਫਾਰਗ ਹੋ ਕੇ ਪਿੰਡ ਵਾਪਸ ਜਾ ਰਿਹਾ ਸੀ। ਇਸ ਸਬੰਧੀ ਥਾਣਾ ਸਦਰ ਡੱਬਵਾਲੀ ਵਿੱਚ ਮੁਕੱਦਮਾ ਦਰਜ ਹੈ। ਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਨਸ਼ਾ ਪੂਰਤੀ ਅਤੇ ਆਪਣੇ ਸ਼ੌਕ ਪੂਰੇ ਕਰਨ ਲਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਸ ਦਿਨ ਵੀ ਮੁਲਜ਼ਮਾਂ ਨੇ ਪੰਜਾਬ ਜਾਣ ਲਈ ਗੱਡੀ ਵਿੱਚ ਤੇਲ ਪੁਆਉਣ, ਖਾਣ-ਪੀਣ ਅਤੇ ਨਸ਼ਾ-ਪੂਰਤੀ ਲਈ ਪੈਸੇ ਨਹੀਂ ਸਨ ਜਿਸ ਉੱਤੇ ਉਨ੍ਹਾਂ ਵਿਉਂਤਬੱਧ ਤਰੀਕੇ ਨਾਲ ਸੜਕ ਉੱਤੇ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਇਕੱਲਾ ਦੇਖ ਕੇ ਨਿਸ਼ਾਨਾ ਬਣਾਇਆ। ਐੱਸਪੀ ਸਿਧਾਂਤ ਜੈਨ ਨੇ ਦੱਸਿਆ ਕਿ ਅਦਾਲਤ ਤੋਂ ਰਿਮਾਂਡ ਲੈ ਕੇ ਮੁਲਜ਼ਮਾਂ ਤੋਂ ਉਨ੍ਹਾਂ ਦੇ ਹੋਰ ਸਾਥੀਆਂ ਬਾਰੇ ਪੜਤਾਲ ਅਤੇ ਵਾਰਦਾਤ ਵਿੱਚ ਵਰਤੀ ਰਾਡ, ਡੰਡੇ, ਟਿਕਟ ਮਸ਼ੀਨ ਅਤੇ ਨਗਦੀ ਬਰਾਮਦ ਕੀਤੀ ਜਾਵੇਗੀ।