ਪੰਚਾਇਤ ਸਮਿਤੀ ਦੇ ਚੇਅਰਮੈਨ ਖ਼ਿਲਾਫ਼ ਲਿਆਂਦਾ ਬੇ-ਭਰੋਸਗੀ ਮਤਾ ਡਿੱਗਿਆ
ਜਗਤਾਰ ਸਮਾਲਸਰ
ਏਲਨਾਬਾਦ, 20 ਨਵੰਬਰ
ਨਾਥੂਸਰੀ ਚੌਪਟਾ ਪੰਚਾਇਤ ਸਮਿਤੀ ਦੇ ਚੇਅਰਮੈਨ ਖ਼ਿਲਾਫ਼ ਅੱਜ ਲਿਆਂਦਾ ਗਿਆ ਬੇਭਰੋਸਗੀ ਮਤਾ ਅਸਫ਼ਲ ਹੋ ਗਿਆ ਜਿਸ ਕਾਰਨ ਚੇਅਰਮੈਨ ਸੂਰਜ ਭਾਨ ਦੀ ਕੁਰਸੀ ਬਚ ਗਈ। ਅੱਜ ਨਾਥੂਸਰੀ ਚੌਪਟਾ ਬੀਡੀਪੀਓ ਦਫ਼ਤਰ ਵਿੱਚ ਏਡੀਸੀ ਲਕਸ਼ਿਤ ਸਰੀਨ ਅਤੇ ਬੀਡੀਪੀਓ ਸਾਰਥਕ ਸ੍ਰੀਵਾਸਤਵ ਦੀ ਪ੍ਰਧਾਨਗੀ ਹੇਠ ਬੇਭਰੋਸਗੀ ਮਤੇ ’ਤੇ ਵੋਟਿੰਗ ਹੋਈ। ਵੋਟਿੰਗ ਦੌਰਾਨ ਪੰਚਾਇਤ ਸਮਿਤੀ ਮੈਂਬਰਾਂ ਦੀ ਮੀਟਿੰਗ ਵਿੱਚ ਕੁੱਲ 30 ਵਿੱਚੋਂ 22 ਮੈਂਬਰ ਹਾਜ਼ਰ ਹੋਏ ਜਦਕਿ 8 ਮੈਂਬਰ ਗੈਰਹਾਜ਼ਰ ਰਹੇ। ਹਾਜ਼ਰ ਮੈਬਰਾਂ ਵਿੱਚੋਂ 13 ਪੰਚਾਇਤ ਸਮਿਤੀ ਮੈਂਬਰਾਂ ਨੇ ਚੇਅਰਮੈਨ ਸੂਰਜ ਭਾਨ ਬੁਮਰਾ ਦੇ ਹੱਕ ਅਤੇ 9 ਮੈਂਬਰਾਂ ਨੇ ਵਿਰੋਧ ਵਿੱਚ ਵੋਟਿੰਗ ਕੀਤੀ। ਬੇਭਰੋਸਗੀ ਮਤੇ ਵਿੱਚ ਜਿੱਤ ਤੋਂ ਬਾਅਦ ਚੇਅਰਮੈਨ ਸੂਰਜ ਭਾਨ ਬੁਮਰਾ ਭਾਵੁਕ ਹੋ ਗਏ। ਉਨ੍ਹਾਂ ਕਿਹਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਤੋਂ ਉਹ ਭਾਜਪਾ ਛੱਡਕੇ ਇਨੈਲੋ ਵਿੱਚ ਸ਼ਾਮਲ ਹੋਏ ਹਨ। ਉਸ ਸਮੇਂ ਤੋਂ ਹੀ ਉਨ੍ਹਾਂ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਜਦਕਿ ਬਹੁਗਿਣਤੀ ਪੰਚਾਇਤ ਸਮਿਤੀ ਮੈਂਬਰਾਂ ਦਾ ਸਮਰਥਨ ਉਨ੍ਹਾਂ ਦੇ ਨਾਲ ਹੈ। ਜ਼ਿਕਰਯੋਗ ਹੈ ਕਿ 11 ਨਵੰਬਰ ਨੂੰ ਕੁਝ ਪੰਚਾਇਤ ਸਮਿਤੀ ਮੈਂਬਰਾਂ ਨੇ ਚੇਅਰਮੈਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਸੀ ਜਿਸ ਵਿੱਚ ਦੋਸ਼ ਲਾਏ ਗਏ ਸਨ ਕਿ ਨਾਥੂਸਰੀ ਚੌਪਟਾ ਪੰਚਾਇਤ ਸਮਿਤੀ ਦੇ ਚੇਅਰਮੈਨ ਦੀ ਕਾਰਜਸ਼ੈਲੀ ਤਸੱਲੀਬਖਸ਼ ਨਹੀਂ ਹੈ।