ਅੰਨ੍ਹੀ ਗਲੀ ’ਚੋਂ ਨਿਕਲਣ ਲਈ ਪ੍ਰੇਰਨਾ ਦਿੰਦੀ ਪੁਸਤਕ
ਅਵਤਾਰ ਸਿੰਘ ਬਿਲਿੰਗ
ਇੱਕ ਪੁਸਤਕ - ਇੱਕ ਨਜ਼ਰ
ਅਜੋਕਾ ਸੰਸਾਰ ਜਾਗੀਰਦਾਰੀ ਸਿਸਟਮ ਤੋਂ ਕਾਰਪੋਰੇਟੀ ਦੈਂਤ ਦੀ ਜਕੜ ਵਿੱਚ ਕਿਵੇਂ ਆਇਆ? ਇਸ ਪ੍ਰਸ਼ਨ ਨੂੰ ਮੁੱਢ ਤੋਂ ਸਮਝਣ ਦਾ ਸਾਰਥਕ ਤੇ ਵਿਲੱਖਣ ਯਤਨ ਹੈ ਡਾਕਟਰ ਜਸਪਾਲ ਸਿੰਘ ਦੀ ਪੁਸਤਕ ‘ਅਜੋਕੇ ਸੰਸਾਰ ਦੀ ਸਿਰਜਣਾ: ਚਿੰਤਕ ਤੇ ਚਿੰਤਨ ਧਾਰਾ’ (ਯੂਨੀਸਟਾਰ ਬੁੱਕਸ, ਮੁਹਾਲੀ)। ਆਧੁਨਿਕ ਚਿੰਤਨ ਨਾਲ ਸੰਬੰਧਿਤ ਇਸ ਪੁਸਤਕ ਵਿੱਚ ਸੀਮੀਓਟਿਕਸ ਜਾਂ ਚਿੰਨ੍ਹ ਤੇ ਚਿਹਨ ਵਿਗਿਆਨ ਵੀ ਸ਼ਾਮਲ ਹੈ। ਲੇਖਕ ਤੇ ਅੰਗਰੇਜ਼ੀ ਸਾਹਿਤ ਆਲੋਚਨਾ ਨੂੰ ਪਰਨਾਏ ਡਾਕਟਰ ਜਸਪਾਲ ਸਿੰਘ ਅਨੁਸਾਰ, ‘‘ਅਜੋਕਾ ਸੰਸਾਰ ਪੰਦਰਵੀਂ ਤੇ ਸੋਲ੍ਹਵੀਂ ਸਦੀ ਦੇ ਯੂਰਪ ਵਿੱਚ ਜੋ ਤਬਦੀਲੀਆਂ ਆਈਆਂ, ਉਹ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਉਨ੍ਹਾਂ ਤਬਦੀਲੀਆਂ ਦਾ ਨਤੀਜਾ ਹੈ। ਅੱਜ ਦੇ ਸੰਸਾਰ ਦੇ ਸਾਰੇ ਦੇਸਾਂ ਵਿੱਚ ਜਿੰਨੀਆਂ ਵੀ ਸਮਾਜਿਕ ਆਰਥਿਕ ਤੇ ਸਿਆਸੀ ਸੰਸਥਾਵਾਂ ਹਨ, ਉਨ੍ਹਾਂ ਸਾਰੀਆਂ ਉੱਤੇ ਯੂਰਪੀ ਪ੍ਰਭਾਵ ਪ੍ਰਤੱਖ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਸਤਾਰ੍ਹਵੀਂ ਤੇ ਅਠਾਰ੍ਹਵੀਂ ਸਦੀ ਦੀ ਯੂਰਪ ਤੋਂ ਉੱਠੀ ਪ੍ਰਸਾਰਵਾਦੀ ਲਹਿਰ ਨੇ ਸਾਰੇ ਸੰਸਾਰ ਨੂੰ ਬਸਤੀਵਾਦੀ ਜਕੜ ਵਿੱਚ ਲੈ ਲਿਆ ਜਿਸ ਕਾਰਨ ਅਜੋਕਾ ਸਿਸਟਮ ਹੋਂਦ ਵਿੱਚ ਆਇਆ। ਸਪਸ਼ਟ ਸ਼ਬਦਾਂ ਵਿਚ ਅੱਜ ਦਾ ਇਲੈਕਸ਼ਨ, ਪਾਰਲੀਮੈਂਟ, ਅਫਸਰਸ਼ਾਹੀ, ਨਿਆਂ ਪ੍ਰਣਾਲੀ, ਸਿੱਖਿਆ, ਸਾਇੰਸ ਤਕਨਾਲੋਜੀ, ਸਿਹਤ ਪ੍ਰਣਾਲੀ, ਵਪਾਰ, ਰਾਸ਼ਟਰਵਾਦ, ਪਹਿਰਾਵਾ ਫੈਸ਼ਨ ਤੇ ਖਾਧ ਖੁਰਾਕ, ਸਮੁੱਚਾ ਸੰਚਾਰ ਤੇ ਆਵਾਜਾਈ ਸਿਸਟਮ, ਸ਼ਹਿਰੀਕਰਨ ਤੇ ਸਨਅਤੀਕਰਨ, ਖੇਤੀ ਅਤੇ ਆਧੁਨਿਕ ਬਣਾਉਟੀ ਲਿਆਕਤ ਜਾਂ ਆਰਟੀਫਿਸ਼ੀਅਲ ਇਨਟੈਲੀਜੈਂਸ ਤੱਕ ਕੋਈ ਵੀ ਖੇਤਰ ਯੂਰਪੀ ਪ੍ਰਭਾਵ ਤੋਂ ਅਭਿੱਜ ਨਹੀਂ।’’ ਇਹ ਪੁਸਤਕ ਕਿੰਨੇ ਹੀ ਪ੍ਰਸ਼ਨ ਸਮਾਜ ਵਿਗਿਆਨੀਆਂ ਤੇ ਚਿੰਤਕਾਂ ਅੱਗੇ ਖੜ੍ਹੇ ਕਰਦੀ ਤੇ ਉਨ੍ਹਾਂ ਦੇ ਜਵਾਬ ਦਿੰਦੀ ਹੈ। ਮਿਸਾਲ ਵਜੋਂ: ਭਿੰਨ ਭਿੰਨ ਸਿਆਸੀ ਤੇ ਸਮਾਜਿਕ ਪ੍ਰਬੰਧਾਂ ਦੇ ਸਨਮੁੱਖ ਲੇਖਕਾਂ, ਬੁੱਧੀਜੀਵੀਆਂ, ਫਿਲਾਸਫ਼ਰਾਂ, ਅਰਥ ਸ਼ਾਸਤਰੀਆਂ, ਵਿਗਿਆਨੀਆਂ, ਕਾਨੂੰਨਘਾੜਿਆਂ, ਕਲਾਕਾਰਾਂ ਦਾ ਨਜ਼ਰੀਆ ਕਿਹੋ ਜਿਹਾ ਹੋਵੇ? ਡਾਕਟਰ ਜਸਪਾਲ ਸਿੰਘ ਅਨੁਸਾਰ, ਇਹ ਸਾਰੇ ਮਾਨਵ ਜਾਤੀ ਦੇ ਗੌਰਵ ਤੇ ਕੁਦਰਤ ਪ੍ਰਤੀ ਬ੍ਰਹਿਮੰਡੀ, ਉਦਾਰਵਾਦੀ, ਜਮਹੂਰੀ ਤੇ ਮਾਨਵਵਾਦੀ ਦ੍ਰਿਸ਼ਟੀ ਅਪਣਾ ਕੇ ਰੱਖਣ ਤੇ ਉਸ ਉੱਤੇ ਆਪਣੀ ਜ਼ਮੀਰ ਨਾਲ ਪਹਿਰਾ ਦੇਣ। ਇਨ੍ਹਾਂ ਸਾਰਿਆਂ ਦੀ ਪਹਿਲੀ ਨੈਤਿਕ ਪ੍ਰਤੀਬੱਧਤਾ ਜੀਵਨ, ਕੁਦਰਤ ਤੇ ਵਾਤਾਵਰਨ ਪ੍ਰਤੀ ਹੈ। ਮਾਨਵ ਜਾਤੀ ਦੀ ਸਭਿਆਚਾਰਕ ਵਿਰਾਸਤ ਦੀ ਸੰਭਾਲ, ਜਮਹੂਰੀਅਤ, ਸਮਾਜਿਕ ਨਿਆਂ, ਵਿਸ਼ਵ ਸਾਹਿਤ ਤੇ ਇਤਿਹਾਸ, ਵਿਸ਼ਵ ਸ਼ਾਂਤੀ, ਅਵਾਮ ’ਚ ਆਪਸੀ ਭਾਈਚਾਰਕ ਸਹਿਹੋਂਦ, ਨਸਲਾਂ, ਧਰਮਾਂ, ਵਰਗਾਂ, ਜਾਤੀਆਂ ’ਚ ਬਰਾਬਰੀ ਅਤੇ ਸਮੇਂ ਦੇ ਨੈਤਿਕ ਅਸੂਲਾਂ ਤੇ ਸਭਿਅਕ ਕਦਰਾਂ ਕੀਮਤਾਂ ਅਤੇ ਮਾਨਵ ਜਾਤੀ ਦੇ ਉੱਜਲ ਭਵਿੱਖ ਪ੍ਰਤੀ ਵੀ ਲੇਖਕਾਂ ਆਲੋਚਕਾਂ ਤੇ ਬੁੱਧੀਜੀਵੀਆਂ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ।
ਲੇਖਕ ਆਪਣੀ ਉਪਜੀਵਕਾ ਕਿਵੇਂ ਕਮਾਉਂਦਾ ਹੈ? ਬੁੱਧੀਜੀਵੀਆਂ ਦੇ ਬੌਧਿਕ ਉਤਪਾਦ ਦੀ ਸਮਾਜ ਕਿਵੇਂ ਵਰਤੋਂ ਕਰਦਾ ਹੈ? ਆਦਿ ਅਨੇਕ ਪ੍ਰਸ਼ਨਾਂ ਦਾ ਨਿਵਾਰਨ ਵੀ ਇਸ ਪੁਸਤਕ ਵਿੱਚ ਕੀਤਾ ਮਿਲਦਾ ਹੈ। ਚਿੰਨ੍ਹਾਂ, ਚਿਹਨਾਂ ਦੇ ਵਚਿੱਤਰ ਸੰਸਾਰ ਬਾਰੇ ਚਿਹਨ ਵਿਗਿਆਨ ਤੇ ਇਸ ਦੇ ਮਹੱਤਵ ਨੂੰ ਸਰਲ ਢੰਗ ਨਾਲ ਵਿਸਤਾਰ ਸਹਿਤ ਸਮਝਾਇਆ ਗਿਆ ਹੈ। ਇਸ ਵਿਸ਼ੇ ਉੱਤੇ ਡਾਕਟਰ ਜਸਪਾਲ ਸਿੰਘ ਦਾ ਵਿਸ਼ੇਸ਼ ਅਧਿਐਨ ਤੇ ਮੁਹਾਰਤ ਹੈ।
‘ਕਾਰਲ ਮਾਰਕਸ: ਵਿਰਸਾ ਤੇ ਬੌਧਿਕ ਸਫ਼ਰ’ ਨਾਂ ਦਾ ਅਧਿਆਇ ਮਾਰਕਸਵਾਦ ਦੇ ਚਿੰਤਕਾਂ ਦੇ ਫਲਸਫ਼ੇ ਤੇ ਇਸ ਦੇ ਮਹੱਤਵ ਨੂੰ ਬੜੇ ਵਿਸਤਾਰ ਵਿੱਚ ਪੇਸ਼ ਕਰਦਾ ਹੈ। ‘‘ਇਹ ਇੱਕ ਸਾਧਾਰਨ ਜਿਹੀ ਹਕੀਕਤ ਕਿ ਮਨੁੱਖ ਜਾਤੀ ਨੂੰ ਰਾਜਨੀਤੀ, ਸਾਇੰਸ, ਕਲਾ ਤੇ ਧਰਮ ਆਦਿ ਤੋਂ ਪਹਿਲਾਂ ਰੋਟੀ, ਕੱਪੜਾ ਤੇ ਮਕਾਨ ਚਾਹੀਦਾ ਹੈ, ਹੁਣ ਤੱਕ ਵਿਚਾਰਧਾਰਾ ਦੇ ਪਰਦੇ ਪਿੱਛੇ ਛੁਪੀ ਰਹੀ।’’ ਇਸ ਸੰਬੰਧੀ ਐਡਮ ਸਮਿੱਥ, ਰਿਕਾਰਡੋ, ਸੰਰਚਨਾਵਾਦ ਦੇ ਪਿਤਾਮਾ ਕਲੋਦ ਲੇਵੀ-ਸਤਰੋਸ ਦਾ ਸੰਰਚਨਾਵਾਦ ਤੇ ਯਾਂ ਪਾਲ ਸਾਰਤਰ ਦਾ ‘ਵਿਰੋਧ ਤੇ ਵਿਕਾਸ’ ਸਿਧਾਂਤ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ। ਸਾਰਤਰ ਵੱਲੋਂ ਪ੍ਰਗਟਾਏ ਕੁਝ ਵਿਚਾਰ ਇੱਥੇ ਸੰਖੇਪ ਵਿੱਚ ਹਾਜ਼ਰ ਹਨ:
ਹੇਗਲੀ ਮਾਰਕਸਵਾਦੀ ਸਾਰਤਰ ਅਨੁਸਾਰ, ਵਿਰੋਧ-ਵਿਕਾਸ (ਡਾਇਆਲੈਕਟਿਕਸ) ਦਾ ਅਮਲ ਕੇਵਲ ਇਤਿਹਾਸਕ ਸਮਾਜਾਂ ਤੇ ਸਭਿਅਤਾਵਾਂ ਉੱਤੇ ਹੀ ਲਾਗੂ ਹੁੰਦਾ ਹੈ। ਪੁਰਾਤਨ ਜਨ ਸਮੂਹਾਂ ਜਾਂ ਕਬੀਲਿਆਂ ਵਿੱਚ ਭਾਵੇਂ ਚੀਜ਼ਾਂ ਵਸਤਾਂ, ਸਬੰਧਾਂ, ਸੰਰਚਨਾਵਾਂ ਵਿੱਚ ਵਿਰੋਧਤਾਵਾਂ ਤੇ ਦਵੰਦਾਤਮਕ ਵਖਰੇਵੇਂ ਜ਼ਰੂਰ ਹੁੰਦੇ ਹਨ, ਪਰ ਅਜਿਹਾ ਆਪਸੀ ਟਕਰਾਓ ਕਿਸੇ ਨਵੀਂ ਸੰਰਚਨਾ ਨੂੰ ਜਨਮ ਨਹੀਂ ਦਿੰਦਾ ਕਿਉਂਕਿ ਅਜਿਹੀਆਂ ਵਿਰੋਧਤਾਈਆਂ ਉੱਥੇ ਹੀ ਨਿਪਟਾਈਆਂ ਜਾਂਦੀਆਂ ਹਨ। ... ਕਿਸੇ ਸਮਾਜ ਦੁਆਰਾ ਪੈਦਾ ਕੀਤਾ ਫਾਲਤੂ ਉਤਪਾਦਨ ਜਾਂ ਸਰਪਲਸ ਉਸ ਸਮਾਜ ਦੇ ਵਿਕਾਸ ਤੇ ਇਤਿਹਾਸਕ ਪ੍ਰਕਿਰਿਆ ਦਾ ਮੂਲ ਹੈ। ਇਸ ਵਾਧੂ ਉਤਪਾਦਨ ਨੂੰ ਕੌਣ ਹੜੱਪਦਾ ਹੈ? ਇਹੀ ਅਸਲ ਕਾਰਨ ਹੈ ਜਿਸ ਨਾਲ ਸਮਾਜ ਵਿੱਚ ਜਮਾਤੀ ਸੰਘਰਸ਼ ਸ਼ੁਰੂ ਹੁੰਦਾ ਹੈ। ਪੁਰਾਤਨ ਸਮਾਜਾਂ ਵਿੱਚ ਸਰਪਲਸ ਉਤਪਾਦਨ ਪੈਦਾ ਹੀ ਨਹੀਂ ਹੁੰਦਾ ਸੀ ਜਾਂ ਉਨ੍ਹਾਂ ਦੇ ਸਾਰੇ ਮੈਂਬਰਾਂ ਵਿਚਕਾਰ ਸੁਲ੍ਹਾ-ਸਫ਼ਾਈ ਨਾਲ ਵੰਡ ਲਿਆ ਜਾਂਦਾ ਸੀ। ... ਆਪਣੇ ਗੁਜ਼ਾਰੇ ਤੋਂ ਵੱਧ ਸਾਧਨ ਪੈਦਾ ਕਰਨ ਨਾਲ ਹੀ ਬੰਦਾ ਲਾਹੇਵੰਦ ‘ਆਰਥਿਕ ਇਕਾਈ’ ਬਣਦਾ ਹੈ। ... ਸਮਾਜ ਵਿੱਚ ਮਾਲਕ ਤੇ ਅਧੀਨਗੀ ਦੇ ਰਿਸ਼ਤੇ ਇਸ ਵਾਧੂ ਉਤਪਾਦਨ ਨਾਲ ਪੈਦਾ ਹੁੰਦੇ ਹਨ। ਇਹ ਦਵੰਦ ਹੀ ਜਮਾਤੀ ਸੰਘਰਸ਼ ਦੀ ਮੋਟਿਵ ਫੋਰਸ ਹੈ। ਖ਼ੁਸ਼ੀਆਂ ਖੇੜਿਆਂ ਦੇ ਸਮੇਂ ਮਨੁੱਖੀ ਵਿਕਾਸ ਦੇ ਇਤਿਹਾਸ ਵਿੱਚ ਲੋਕ ਸੰਘਰਸ਼ ਪੱਖ ਤੋਂ ਖ਼ਾਲੀ ਪੰਨੇ ਹਨ ਕਿਉਂਕਿ ਅਜਿਹੇ ਸਮੇਂ ਦੌਰਾਨ ਸਮਾਜ ਵਿੱਚ ਸੁਲ੍ਹਾ-ਸਫ਼ਾਈ, ਤਾਲਮੇਲ ਤੇ ਅਮਨ ਬਰਕਰਾਰ ਰਹਿੰਦਾ ਹੈ। ... ਹੇਗਲ ਲਈ ਸੰਘਰਸ਼ ਹੀ ਵਿਕਾਸ ਦਾ ਨਿਯਮ ਹੈ ਅਤੇ ਕੋਈ ਵੀ ਵਿਅਕਤੀ ਆਪਣੇ ਨਿਸ਼ਾਨਿਆਂ, ਮਜਬੂਰੀਆਂ, ਜ਼ਿੰਮੇਵਾਰੀਆਂ ਤੇ ਕਸ਼ਟਾਂ ਵਿੱਚੋਂ ਗੁਜ਼ਰ ਕੇ ਹੀ ਆਪਣਾ ਪੂਰਾ ਕੱਦ ਅਖ਼ਤਿਆਰ ਕਰ ਸਕਦਾ ਹੈ। ਮਾਨਵ ਜਾਤੀ ਦਾ ਸਾਰੇ ਵਿਸ਼ਵ ਵਿੱਚ ਸੋਚਣ ਦਾ ਢੰਗ ਇੱਕੋ ਜਿਹਾ ਤੇ ਮਨੋਬਿਰਤੀਆਂ ਵੀ ਇੱਕ ਸਮਾਨ ਹਨ।
‘ਕ੍ਰਿਸਟੋਫਰ ਕੌਡਵੈੱਲ ਤੇ ਸੂਰਮੇ ਦੀ ਸਿਰਜਣਾ’ ਨਾਮਕ ਅਧਿਆਇ ਵੀ ਅਜਿਹੀਆਂ ਸੱਚਾਈਆਂ ਨਾਲ ਭਰਪੂਰ ਹੈ: ਨਾਇਕ ਜਾਂ ਹੀਰੋ ਬੇਚੈਨ ਸਮਿਆਂ ਦੀ ਪੈਦਾਇਸ਼ ਹੁੰਦਾ ਹੈ। ਨਾਇਕਤਾ ਬੰਦੇ ਦੀ ਸ਼ਖ਼ਸੀਅਤ ਦਾ ਹਿੱਸਾ ਨਹੀਂ ਹੁੰਦੀ। ਬੜੀ ਆਮ ਜਿਹੀ ਸ਼ਖ਼ਸੀਅਤ ਵਾਲੇ ਬੰਦੇ ਮਸ਼ਹੂਰ ਨਾਇਕ ਹੋ ਗੁਜ਼ਰੇ ਹਨ। ... ਹਾਲਾਤ ਕਾਫ਼ੀ ਹੱਦ ਤੱਕ ਸੂਰਮੇ ਦੀ ਸਿਰਜਣਾ ਕਰਦੇ ਹਨ ਪਰ ਬੰਦੇ ਵਿੱਚ ਜੈਨੇਟਿਕ ਤੇ ਕਦੀਮੀ ਪੱਧਰ ’ਤੇ ਵੀ ਕੁਝ ਤਰੜ ਹੋਣੀ ਚਾਹੀਦੀ ਹੈ। ਬੇਸ਼ੱਕ ਵਾਪਰਨ ਵਾਲੀਆਂ ਘਟਨਾਵਾਂ ਤਾਂ ਸਭ ਲਈ ਬਰਾਬਰ ਹੁੰਦੀਆਂ, ਪਰ ਨਾਇਕ ਸਮੇਂ ਦੇ ਹਾਣ ਦਾ ਹੋ ਕੇ ਵਿਚਰਨ ਦੇ ਨਾਲ ਨਾਲ ਉਨ੍ਹਾਂ ਘਟਨਾਵਾਂ ਨੂੰ ਨਵੀਂ ਦਿਸ਼ਾ ਵੱਲ ਸੇਧਤ ਕਰਦਾ ਹੈ।
ਅੱਜ ਦਾ ਗਹਿਰ ਗੰਭੀਰ ਪਾਠਕ ਜੇ ਅਜਿਹੇ ਮੁੱਲਵਾਨ ਸਿਧਾਂਤਾਂ ਨੂੰ ਪੜ੍ਹਨਾ ਲੋਚਦਾ ਹੈ ਤਾਂ ਉਸ ਨੂੰ ਪੰਜ ਭਾਗਾਂ ਵਿੱਚ ਵੰਡੀ ਤੇ ਵੀਹ ਅਧਿਆਇਆਂ ਵਿੱਚ ਵਿਉਂਤੀ ਇਸ ਪੁਸਤਕ ਨੂੰ ਨੀਝ ਨਾਲ ਪੜ੍ਹਨਾ ਪਵੇਗਾ।
ਲੇਖਕ ਨੂੰ ਗਿਲਾ ਹੈ ਕਿ ਪੰਜਾਬੀ ਦੇ ਲੇਖਕ ਤੇ ਆਲੋਚਕ ਇੱਕ ਅੰਨ੍ਹੀਂ ਗਲ਼ੀ ਵਿੱਚ ਫਸੇ ਹੋਏ ਹਨ ਜੋ ਵਿਦੇਸ਼ੀ ਸਾਹਿਤ ਅਤੇ ਸਾਹਿਤ ਆਲੋਚਨਾ ਦੇ ਸਿਧਾਂਤਾਂ ਦੇ ਨੇੜਿਓਂ ਵੀ ਨਹੀਂ ਲੰਘਦੇ। ਲੇਖਕ ਸਿਰਫ਼ ਲਿਖਦੇ ਹਨ ਜਦੋਂਕਿ ਆਲੋਚਕ ਕੇਵਲ ਸਿਧਾਂਤਾਂ ਤੋਂ ਵਿਰਵੇ ਪੜਚੋਲੀਏ ਹਨ। ਇਨ੍ਹਾਂ ਦੋਹਾਂ ਨੂੰ ਅਤੇ ਵੱਖੋ ਵੱਖਰੇ ਖੇਤਰਾਂ ਵਿੱਚ ਵਿਚਰਦੇ ਹੋਰ ਬੁੱਧੀਜੀਵੀਆਂ, ਵਿਗਿਆਨੀਆਂ, ਸਮਾਜ ਚਿੰਤਕਾਂ ਨੂੰ ਕਾਰਪੋਰੇਟੀ ਸਿਸਟਮ ਦੁਆਰਾ ਗ੍ਰਸੇ ਜਾ ਰਹੇ ਅਜੋਕੇ ਸਿਸਟਮ ਨੂੰ ਸਮਝਣ ਲਈ ਉਸ ਅੰਨ੍ਹੀਂ ਗਲ਼ੀ ਵਿੱਚੋਂ ਬਾਹਰ ਆਉਣ ਦੀ ਪ੍ਰੇਰਨਾ ਇਹ ਦੁਰਲੱਭ ਪੁਸਤਕ ਜ਼ਰੂਰ ਦਿੰਦੀ ਹੈ।
ਈ-ਮੇਲ: avtarsinghbilling@gmail.com