ਪੜ੍ਹੇ-ਲਿਖਿਆਂ ਨੂੰ ਮਾਤ ਪਾਉਣ ਵਾਲਾ ਅਨਪੜ੍ਹ ਆਸੀ ਵਾਲਾ
ਮੇਜਰ ਸਿੰਘ ਜਖੇਪਲ
ਸਾਲ 1984 ਵਿੱਚ ਉਦੋਂ ਅਸੀਂ ਨਿੱਕੇ-ਨਿੱਕੇ ਹੁੰਦੇ ਸੀ, ਜਦੋਂ ਪਿੰਡ ਵਿੱਚ ਕਾਮਰੇਡਾਂ ਦੇ ਡਰਾਮੇ ਵੇਖਦੇ ਹੁੰਦੇ ਸੀ। ਇਨ੍ਹਾਂ ਡਰਾਮਿਆਂ ਦੀ ਅਗਵਾਈ ਬਚਿੱਤਰ ਸਿੰਘ ਉਰਫ਼ ਅਨਪੜ੍ਹ ਆਸੀ ਵਾਲਾ ਕਰਿਆ ਕਰਦਾ ਸੀ। ਉਸ ਦੇ ਲਿਖੇ ਗੀਤ ਤੇ ਕਵਿਤਾਵਾਂ ਦੇ ਵਿਸ਼ੇ ਸਮੇਂ ਦੀਆਂ ਸਰਕਾਰਾਂ ਨੂੰ ਵੰਗਾਰਨ, ਕਿਸਾਨਾਂ ਦੀ ਹੁੰਦੀ ਲੁੱਟ, ਲੋਕਾਂ ਨੂੰ ਜਾਗਰੂਕ ਕਰਨ ਤੇ ਹਾਸੇ-ਠੱਠੇ ਵਾਲੇ ਹੁੰਦੇ ਸਨ। ਪੰਜਾਬ ਦਾ ਕੋਈ ਪਿੰਡ ਅਜਿਹਾ ਨਹੀਂ ਹੋਵੇਗਾ, ਜਿੱਥੇ ਉਸ ਨੇ ਡਰਾਮੇ ਨਾ ਕੀਤੇ ਹੋਣ। ਬਾਅਦ ਵਿੱਚ ਇਹੀ ਬਚਿੱਤਰ ਸਿੰਘ ਪੰਜਾਬ ਦਾ ਨਾਮੀ ਗੀਤਕਾਰ ਬਣ ਕੇ ਲੋਕਾਂ ਦੇ ਸਾਹਮਣੇ ਆਇਆ।
ਬਚਿੱਤਰ ਸਿੰਘ ਦਾ ਜਨਮ 1941 ਨੂੰ ਪਿੰਡ ਆਸੀ ਕਲਾਂ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਬਚਨ ਸਿੰਘ ਗਰੇਵਾਲ ਤੇ ਮਾਤਾ ਦਲੀਪ ਕੌਰ ਦੇ ਘਰ ਹੋਇਆ। ਉਹ ਸਕੂਲ ਨਾ ਜਾ ਸਕਿਆ ਤੇ ਕੋਰਾ ਅਨਪੜ੍ਹ ਹੀ ਰਿਹਾ। 1967 ਵਿੱਚ ਨੇੜਲੇ ਪਿੰਡ ਕਿਲਾ ਰਾਏਪੁਰ ਵਿਖੇ ਉਸ ਨੇ ਡਰਾਮਾ ਕਰਨਾ ਸੀ। ਪ੍ਰਬੰਧਕਾਂ ਨੇ ਉਸ ਦਾ ਨਾਂ ਅਖ਼ਬਾਰਾਂ ਵਿੱਚ ਦੇਣਾ ਸੀ। ਜਦੋਂ ਬਚਿੱਤਰ ਸਿੰਘ ਨੂੰ ਉਸ ਦੇ ਤਖੱਲਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ‘ਮੈਂ ਤਾਂ ਬਿਲਕੁਲ ਅਨਪੜ੍ਹ ਹਾਂ- ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ।’ ਉਹ ਹੱਸ ਕੇ ਕਹਿਣ ਲੱਗੇ, ‘ਇਸ ਦਾ ਤਖੱਲਸ ‘ਅਨਪੜ੍ਹ’ ਹੀ ਰੱਖ ਦਿੰਦੇ ਹਾਂ। ਅਨਪੜ੍ਹ ਬੰਦਾ ਵੈਸੇ ਵੀ ਨਿਰਦੋਸ਼ ਹੁੰਦਾ ਹੈ।’
ਸੰਨ 1967 ਤੋਂ ਲੈ ਕੇ 1984 ਤੱਕ ਬਚਿੱਤਰ ਸਿੰਘ ਨੇ ਸੀ.ਪੀ.ਆਈ. ਤੇ ਸੀ.ਪੀ.ਐੱਮ. ਪਾਰਟੀ ਲਈ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਸੈਂਕੜੇ ਡਰਾਮੇ ਖੇਡੇ। ਡਰਾਮੇ ਖੇਡਦਿਆਂ ਉਸ ਨੂੰ ਹੌਲੀ-ਹੌਲੀ ਅੱਖਰਾਂ ਦੀ ਪਛਾਣ ਵੀ ਹੁੰਦੀ ਗਈ ਕਿਉਂਕਿ ਉਸ ਨੇ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ। ਪਹਿਲੀ ਤੋਂ ਲੈ ਕੇ ਕਾਲਜ ਪੱਧਰ ਤੱਕ ਦੀਆਂ ਕਿਤਾਬਾਂ ਪੜ੍ਹੀਆਂ। ਉਸ ਨੇ ਪੰਜਾਬੀ ਦੇ ਪ੍ਰਸਿੱਧ ਸ਼ਾਇਰਾਂ ਤੇ ਸਾਹਿਤਕਾਰਾਂ, ਹੀਰ ਵਾਰਿਸ ਸ਼ਾਹ, ਹੀਰ ਦਮੋਦਰ, ਸ਼ਿਵ ਕੁਮਾਰ ਬਟਾਲਵੀ, ਪ੍ਰੋ. ਮੋਹਣ ਸਿੰਘ, ਨਾਵਲਕਾਰ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਗੁਰਬਖਸ਼ ਸਿੰਘ ਪ੍ਰੀਤਲੜੀ, ਰੂਸੀ ਲੇਖਕ ਰਸੂਲ ਹਮਜ਼ਾਤੋਵ ਤੇ ਹੋਰ ਲੇਖਕਾਂ ਨੂੰ ਪੜਿ੍ਹਆ।
ਉਸ ਦਾ ਸਭ ਤੋਂ ਪਹਿਲਾ ਗੀਤ 1975 ਵਿੱਚ ਗਾਇਕ ਦਰਸ਼ਨ ਭਗਤੀ ਦੀ ਆਵਾਜ਼ ਵਿੱਚ ਰਿਕਾਰਡ ਹੋਇਆ। ਉਸ ਵਕਤ ਬਚਿੱਤਰ ਸਿੰਘ ਬਠਿੰਡੇ ਡਰਾਮਿਆਂ ਵਿੱਚ ਕੰਮ ਕਰਦਾ ਸੀ। ਮਾਨਸਾ ਸ਼ਹਿਰ ਵਿੱਚ ਕੁਲਦੀਪ ਮਾਣਕ ਦਾ ਇੱਕ ਸ਼ਾਗਿਰਦ ਸੁਖਦੇਵ ਸਫਰੀ ਰਹਿੰਦਾ ਸੀ ਜਿਸ ਨੇ ਅਨਪੜ੍ਹ ਆਸੀ ਵਾਲੇ ਦੇ ਲਿਖੇ ਅੱਠ-ਦਸ ਗੀਤ ਰਿਕਾਰਡ ਕਰਵਾਏ ਸਨ। ਉਸ ਦਾ ਗੀਤ ‘ਜੱਟ ਰੂੜੀਆਂ ’ਚ ਬੈਠਾ ਰਿਹਾ ਸਾਰੀ ਰਾਤ’ ਕਾਫ਼ੀ ਚਰਚਿਤ ਰਿਹਾ ਸੀ। ਇਸ ਗੀਤ ਦੀ ਪ੍ਰਸਿੱਧੀ ਮਗਰੋਂ ਸਫਰੀ ਉਸ ਨੂੰ ਲੁਧਿਆਣਾ ਲੈ ਗਿਆ ਤੇ ਕੁਲਦੀਪ ਮਾਣਕ ਨਾਲ ਮਿਲਵਾਇਆ। ਮਾਣਕ ਨੇ ਕਈ ਗੀਤ ਰਿਕਾਰਡ ਕਰਵਾਏ। ਇੱਥੋਂ ਹੀ ਅਨਪੜ੍ਹ ਦਾ ਕੰਪਨੀਆਂ ਵਿੱਚ ਆਉਣਾ-ਜਾਣਾ ਸ਼ੁਰੂ ਹੋ ਗਿਆ।
ਅਨਪੜ੍ਹ ਆਸੀ ਵਾਲੇ ਦੀ ਕਲਮ ਦੇ ਲਿਖੇ ਗੀਤਾਂ ਨੂੰ ਦਰਸ਼ਨ ਭਗਤੀ, ਸੁਖਦੇਵ ਸਫਰੀ, ਕੁਲਦੀਪ ਮਾਣਕ, ਕੁਲਦੀਪ ਪਾਰਸ, ਕਰਤਾਰ ਰਮਲਾ, ਕਰਨੈਲ ਗਿੱਲ, ਅਜੈਬ ਰਾਏ, ਸੁਰਿੰਦਰ ਛਿੰਦਾ, ਰਣਜੀਤ ਮਣੀ, ਸੁਖਵੰਤ ਸੁਖੀ, ਮੁਹੰਮਦ ਸਦੀਕ, ਰਣਜੀਤ ਕੌਰ, ਬੱਬੀ ਸੁਸ਼ਮਾ, ਨਰਿੰਦਰ ਬੀਬਾ, ਗੁਰਪ੍ਰੀਤ ਬਿੱਲਾ, ਰਵਿੰਦਰ ਗਰੇਵਾਲ, ਗੁਰਪਾਲ ਭਿੰਡਰ ਤੇ ਕਈ ਹੋਰ ਨਾਮੀ ਕਲਾਕਾਰਾਂ ਨੇ ਆਪਣੀਆਂ ਆਵਾਜ਼ਾਂ ਵਿੱਚ ਰਿਕਾਰਡ ਕਰਵਾਇਆ। ਅਨਪੜ੍ਹ ਦੇ ਲਿਖੇ ਸ਼ਿਅਰਾਂ ਨੂੰ ‘ਦਿਲ ਦਾ ਮਾਮਲਾ’ ਫਿਲਮ ਵਿੱਚ ਸੁਰਿੰਦਰ ਛਿੰਦਾ ਤੇ ‘ਬੂਹੇ-ਬਾਰੀਆਂ’ ਫਿਲਮ ’ਚ ਵੀਤ ਬਲਜੀਤ ਨੇ ਗਾਇਆ ਹੈ। ਉਸ ਦੇ ਇਹ ਸ਼ਿਅਰ ਕਾਫ਼ੀ ਚਰਚਾ ਵਿੱਚ ਰਹੇ ਹਨ:
* ਆਬ ਹੁਸਨ ਦੀ ਹੋਵੇ ਨਾ ਜੇ ਮੁੱਖੜੇ ’ਤੇ
ਲਾਲੀ ਰੰਗ ਕੇ ਕੀਤੀ ਤਾਂ ਕੀ ਕੀਤੀ।
ਕਰਨੀ ਮੁੰਡੇ ਦੇ ਵਿਆਹ ਦੀ ਜੇ ਖ਼ੁਸ਼ੀ ਹੋਵੇ
ਵਿਆਹ ਲੰਘ ਕੇ ਕੀਤੀ ਤਾਂ ਕੀ ਕੀਤੀ।
ਮੁਲਾਕਾਤ ਸੱਜਣ ਦੇ ਨਾਲ ਪਹਿਲੀ
ਉਹ ਵੀ ਸੰਗ ਕੇ ਕੀਤੀ ਤਾਂ ਕੀ ਕੀਤੀ।
‘ਅਨਪੜ੍ਹ’ ਜੇ ਪੀਣ ਦਾ ਸ਼ੌਕ ਹੋਵੇ
ਦਾਰੂ ਮੰਗ ਕੇ ਪੀਤੀ ਤਾਂ ਕੀ ਪੀਤੀ।
* ਜੀਹਨੂੰ ਪੱਗ ਦੀ ਕੀਮਤ ਦਾ ਪਤਾ ਹੈ ਨ੍ਹੀਂ
ਉਸ ਨਾਲ ਪੱਗ ਵਟਾਉਣ ਦੀ ਲੋੜ ਕੀ ਐ।
ਜਿਹੜਾ ਮੱਲ ਅਖਾੜੇ ਵਿੱਚ ਨਿੱਤ ਢਹਿੰਦਾ
ਉਸ ਨੂੰ ਘਿਓ ਖਵਾਉਣ ਦੀ ਲੋੜ ਕੀ ਐ।
ਅਨਪੜ੍ਹ ਦੇ ਲਿਖੇ ਇਹ ਸ਼ਿਅਰ ਪੰਜਾਬ ਦੇ ਵੱਡੇ ਤੋਂ ਲੈ ਕੇ ਛੋਟੇ ਤੱਕ ਹਰ ਕਲਾਕਾਰ ਨੇ ਆਪੋ-ਆਪਣੀਆਂ ਸਟੇਜਾਂ ਉੱਪਰ ਗਾਏ ਹਨ। ਉਸ ਦੇ ਲਿਖੇ ਪ੍ਰਸਿੱਧ ਗੀਤਾਂ ਵਿੱਚ ‘ਜਦੋਂ ਹੱਥ ਜੁੜਦੇ ਬਿਗਾਨੇ ਪੁੱਤ ਨਾਲ ਮਿੱਤਰੋ’, ‘ਸੁਰਮਾ ਨਾ ਪਾ ਕੁੜੀਏ’, ‘ਸੱਸਾ ਸੱਖਣੀਆਂ ਨੂੰਹਾਂ ਬਾਝੋਂ’, ‘ਤੇਰੇ ਗੋਰੇ ਰੰਗ ਨੇ’ (ਕੁਲਦੀਪ ਮਾਣਕ), ‘ਚੰਡੀਗੜ੍ਹ ਵਾਂਗੂੰ ਭਾਬੀ ਨੀਂ ਮੇਰੇ ਵਿਆਹ ਦਾ ਮਸਲਾ ਅੜ ਚੱਲਿਆ’ (ਮੁਹੰਮਦ ਸਦੀਕ-ਰਣਜੀਤ ਕੌਰ), ‘ਕਿੱਸਾ ਦਹੂਦ ਬਾਦਸ਼ਾਹ’, (ਸੁਖਦੇਵ ਸਫਰੀ), ‘ਜੈ ਵੱਢੇ ਨੇ ਪਲੇਟਾਂ ਚੁੱਕੀ ਜਾਂਦੇ’(ਕਰਤਾਰ ਰਮਲਾ), ‘ਐੱਲ.ਜੀ. ਦੇ ਰੌਂਦ ਵਰਗੀ’, ‘ਵੈਰੀ ਆ ਗਏ ਚੜ੍ਹਕੇ’, ‘ਖੂਨ ਸ਼ਹੀਦਾਂ ਦਾ’, ‘ਫਾਂਸੀ’ (ਕੁਲਦੀਪ ਪਾਰਸ), ‘ਕਾਹਨੂੰ ਮਾਰਦੈ ਚੰਦਰਿਆਂ ਛਮਕਾਂ’ (ਨਰਿੰਦਰ ਬੀਬਾ) ਤੇ ‘ਫਾਂਸੀ ਭਗਤ ਸਿੰਘ’, ‘ਜਵਾਨੀ ਚੜ੍ਹਦੀ’, ‘ਜੱਟ ਦੀ ਸ਼ਰਾਬ’, ‘ਅੱਖ ਨੂੰ ਪਰਖ ਨਾ’ (ਰਵਿੰਦਰ ਗਰੇਵਾਲ) ਦੇ ਨਾਂ ਜ਼ਿਕਰਯੋਗ ਹਨ।
ਅਨਪੜ੍ਹ ਆਸੀ ਵਾਲਾ ਦੇ ਲਿਖੇ ਕਈ ਗੀਤਾਂ ਤੇ ਸ਼ਿਅਰਾਂ ਨੂੰ ਕਈ ਨਾਮੀ ਕਲਾਕਾਰਾਂ ਤੇ ਗੀਤਕਾਰਾਂ ਨੇ ਤੋੜ-ਮਰੋੜ ਕੇ ਆਪਣੇ ਨਾਂ ਹੇਠ ਰਿਕਾਰਡ
ਕਰਵਾਇਆ ਹੈ। ਉਸ ਦੀ ਕਲਮ ਕੋਲ ਕਮਾਲ ਦੇ ਸ਼ਬਦਾਂ ਦਾ ਭੰਡਾਰ ਸੀ। ਪੰਜਾਬੀ ਗੀਤਕਾਰੀ ਵਿੱਚ ਅਨਪੜ੍ਹ ਗੀਤਕਾਰ, ਕਈ ਪੜ੍ਹੇ ਲਿਖੇ ਗੀਤਕਾਰਾਂ ਨੂੰ ਮਾਤ ਪਾਉਂਦਾ ਸੀ। 2010 ਵਿੱਚ ਪੰਜਾਬੀ ਗੀਤਕਾਰਾਂ ਦੀ ਮਾਲਾ ਵਿੱਚੋਂ ਆਸੀ ਵਾਲਾ ਮਣਕਾ ਸਦਾ ਲਈ ਟੁੱਟ ਗਿਆ। ਉਸ ਦੇ ਗੀਤ ਅੱਜ ਵੀ ਪੰਜਾਬ ਦੀ ਫਿਜ਼ਾ ਵਿੱਚ ਗੂੰਜ ਰਹੇ ਹਨ।
ਸੰਪਰਕ: 94631-28483