ਮਾਜਰੀ ਦੇ 28 ਪਿੰਡਾਂ ਵੱਲੋਂ ਮਿਸਾਲ ਕਾਇਮ
ਮਿਹਰ ਸਿੰਘ
ਕੁਰਾਲੀ, 5 ਅਕਤੂਬਰ
ਪੰਚਾਇਤੀ ਚੋਣਾਂ ਦੌਰਾਨ ਰਾਜ ਵਿੱਚ ਜਿੱਥੇ ਚੋਣਾਂ ਲਈ ਚਾਹਵਾਨ ਪੱਬਾਂ ਭਾਰ ਹਨ ਉੱਥੇ ਬਲਾਕ ਮਾਜਰੀ ਦੇ 28 ਪਿੰਡਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਕੇ ਮਿਸਾਲ ਕਾਇਮ ਕੀਤੀ ਹੈ। ਬਲਾਕ ਮਾਜਰੀ ਦੇ ਇੱਕ ਚੌਥਾਈ ਤੋਂ ਵਧੇਰੇ ਪਿੰਡਾਂ ਨੇ ਸਰਬਸੰਮਤੀ ਕਰਨ ਨੂੰ ਤਰਜ਼ੀਹ ਦਿੱਤੀ ਹੈ। ਰਾਜਧਾਨੀ ਚੰਡੀਗੜ੍ਹ ਦੀ ਜੂਹ ਵਿੱਚ ਵਸੇ ਨਿਊ ਚੰਡੀਗੜ੍ਹ ਖੇਤਰ ਦੇ ਬਲਾਕ ਮਾਜਰੀ ਵਿੱਚ 101 ਪੰਚਾਇਤਾਂ ਦੀ ਚੋਣ ਕਰਨ ਲਈ ਨੋਟੀਫਿਕੇਸ਼ਨ ਚੋਣ ਕਮਿਸ਼ਨ ਵਲੋਂ ਜਾਰੀ ਕੀਤਾ ਗਿਆ ਸੀ। ਪਰ ਬਲਾਕ ਦੇ ਪਿੰਡਾਂ ਨੇ ਵਸਨੀਕਾਂ ਨੇ ਸੂਝ-ਬੂਝ ਤੋਂ ਕੰਮ ਲੈਂਦਿਆਂ ਪੰਚਾਇਤਾਂ ਦੀ ਚੋਣ ਲਈ ਵੋਟਾਂ ਦਾ ਸਹਾਰਾ ਲੈਣ ਦੀ ਥਾਂ ਸਰਬਸੰਮਤ ਕਰਨ ਨੂੰ ਤਰਜੀਹ ਦਿੱਤੀ ਹੈ। ਇਕੱਤਰ ਕੀਤੇ ਅੰਕੜਿਆਂ ਅਨੁਸਾਰ ਅਤੇ ਬਲਾਕ ਦੇ ਪਿੰਡਾਂ ’ਚੋਂ ਭਰੀਆਂ ਗਈਆਂ ਨਾਮਜ਼ਦਗੀਆਂ ਅਨੁਸਾਰ ਬਲਾਕ ਦੀਆਂ 101 ਪੰਚਾਇਤਾਂ ਵਿਚੋਂ 28 ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਮੁਕੰਮਲ ਹੋ ਚੁੱਕੀ ਹੈ।
ਬਲਾਕ ਮਾਜਰੀ ਦੇ ਪਿੰਡਾਂ ਸਬੰਧੀ ਤਾਜ਼ਾ ਅੰਕੜਿਆਂ ਅਨੁਸਾਰ ਨੱਗਲ ਗੜ੍ਹੀਆਂ, ਢਕੋਰਾਂ ਕਲਾਂ, ਢਕੋਰਾਂ ਖੁਰਦ, ਗੂੜ੍ਹਾ, ਕਸੌਲੀ, ਕਰੌਂਦਿਆਂ ਵਾਲਾ, ਮੁੰਧੋਂ ਭਾਗ ਸਿੰਘ, ਰਕੌਲੀ, ਬਰਸਾਲਪੁਰ, ਕਾਦੀਮਾਜਰਾ, ਫਿਰੋਜ਼ਪੁਰ ਬੰਗਰ, ਤੋਗਾਂ, ਮਾਜਰੀ ਕਾਲੋਨੀ, ਹੁਸ਼ਿਆਰਪੁਰ, ਦੁੱਲਵਾਂ ਖੱਦਰੀ, ਜੈਅੰਤੀ ਮਾਜਰੀ, ਭੂਪਨਗਰ, ਰਤਨਗੜ੍ਹ ਸਿੰਬਲ, ਰਾਮਪੁਰ ਟੱਪਰੀਆਂ, ਪਲਹੇੜੀ, ਬਾਂਸੇਪੁਰ, ਧਗਤਾਣਾ, ਰਸੂਲਪੁਰ, ਸਲੇਮਪੁਰ ਕਲਾਂ, ਸਲੇਮਪੁਰ ਖੁਰਦ, ਮਲਕਪੁਰ, ਢੋਡੇਮਾਜਰਾ, ਧਨੌੜਾਂ ਸਮੇਤ 28 ਪਿੰਡਾਂ ਵਿੱਚ ਸਰਬਸੰਮਤੀ ਹੋ ਚੁੱਕੀ ਹੈ।
ਢਕੋਰਾਂ ਕਲਾਂ ਤੇ ਸਿੰਘਪੁਰਾ ਦੀਆਂ ਪੰਚਾਇਤਾਂ ਦੀ ਚੋਣ
ਕੁਰਾਲੀ (ਪੱਤਰ ਪ੍ਰੇਰਕ): ਪੰਚਾਇਤੀ ਚੋਣਾਂ ਦੌਰਾਨ ਨੇੜਲੇ ਪਿੰਡ ਢਕੋਰਾਂ ਕਲਾਂ ਦੇ ਵਸਨੀਕਾਂ ਨੇ ਵੋਟਾਂ ਤੋਂ ਕਿਨਾਰਾ ਕਰਦਿਆਂ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਚੁਣ ਲਈ ਹੈ। ਇਸ ਚੋਣ ਦੌਰਾਨ ਭੁਪਿੰਦਰ ਕੌਰ ਨੂੰ ਸਰਪੰਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਦਕਿ ਪੰਜ ਪੰਚਾਇਤ ਮੈਂਬਰ ਵੀ ਸਰਬਸੰਮਤੀ ਨਾਲ ਚੁਣੇ ਗਏ।
ਇਸ ਸਬੰਧੀ ਹਰਜੀਤ ਸਿੰਘ ਪੱਪੀ ਨੇ ਦੱਸਿਆ ਕਿ ਪੰਚਾਇਤੀ ਦੀ ਚੋਣ ਸਬੰਧੀ ਸਮੂਹ ਪਿੰਡ ਵਾਸੀਆਂ ਦੇ ਹੋਏ ਇਕੱਠ ਦੌਰਾਨ ਸਰਬਸੰਮਤੀ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਦੌਰਾਨ ਭੁਪਿੰਦਰ ਕੌਰ ਨੂੰ ਸਰਪੰਚ ਅਤੇ ਸੁਨੀਤਾ ਰਾਣੀ,ਸਤਵਿੰਦਰ ਸਿੰਘ,ਅਮਨਪ੍ਰੀਤ ਸਿੰਘ,ਪਵਨੀਤ ਕੌਰ ਤੇ ਸੁਰਿੰਦਰ ਸਿੰਘ ਨੂੰ ਪੰਚਾਇਤ ਮੈਂਬਰ ਚੁਣਿਆ ਗਿਆ। ਨੇੜਲੇ ਪਿੰਡ ਸਿੰਘਪੁਰਾ ਦੇ ਸਰਪੰਚ ਦੀ ਸਰਬਸੰਮਤੀ ਤੋਂ ਬਾਅਦ ਸੱਤ ਪੰਚਾਇਤ ਮੈਂਬਰਾਂ ਦੀ ਚੋਣ ਵੀ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਕਰ ਲਈ ਹੈ। ਪਿੰਡ ਵਾਸੀਆਂ ਵੱਲੋਂ ਸੋਢੀਪਾਲ ਸਿੰਘ,ਦੀਪ ਸਿੰਘ,ਬਲਕਾਰ ਸਿੰਘ,ਜਗਤਾਰ ਸਿੰਘ,ਅਮਰਜੀਤ ਕੌਰ,ਜਸਵਿੰਦਰ ਸਿੰਘ ਅਤੇ ਜਸਵੀਰ ਕੌਰ ਨੂੰ ਸਰਬਸੰਮਤੀ ਨਾਲ ਪਿੰਡ ਦੇ ਪੰਚਾਇਤ ਮੈਂਬਰ ਚੁਣ ਲਿਆ ਗਿਆ। ਜ਼ਿਕਰਯੋਗ ਹੈ ਪ੍ਰਿੰਸੀਪਲ ਕੁਲਦੀਪ ਸਿੰਘ ਨੂੰ ਪਹਿਲਾਂ ਹੀ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਸੀ।
ਚੋਣ ਅਬਜ਼ਰਵਰ ਵੱਲੋਂ ਡੀਸੀ ਤੇ ਐੱਸਐੱਸਪੀ ਨਾਲ ਮੀਟਿੰਗ
ਐੱਸਏਐੱਸ ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਵਿੱਚ ਗਰਾਮ ਪੰਚਾਇਤਾਂ ਦੀਆਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਪੰਜਾਬ ਵੱਲੋਂ ਜਸਵਿੰਦਰ ਕੌਰ ਸਿੱਧੂ, ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ, ਪੰਜਾਬ ਨੂੰ ਗ੍ਰਾਮ ਪੰਚਾਇਤ ਚੋਣਾਂ ਲਈ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਪ੍ਰਕਿਰਿਆ ਅਤੇ ਦਸਤਾਵੇਜ਼ਾਂ ਦੀ ਪੜਤਾਲ ਸਮੇਤ ਹੋਰ ਪਹਿਲੂਆਂ ’ਤੇ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਐੱਸਐੱਸਪੀ ਦੀਪਕ ਪਾਰਿਕ, ਏਡੀਸੀਜ਼ ਵਿਰਾਜ ਐਸ ਤਿੜਕੇ ਅਤੇ ਸ੍ਰੀਮਤੀ ਸੋਨਮ ਚੌਧਰੀ ਅਤੇ ਅਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ।