ਢਕੋਲੀ ਵਿੱਚ ਖਸਤਾ ਹਾਲ ਮਕਾਨ ਡਿੱਗਿਆ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 5 ਅਕਤੂਬਰ
ਢਕੋਲੀ ਅਧੀਨ ਆਉਂਦੇ ਕ੍ਰਿਸ਼ਨਾ ਐਨਕਲੇਵ ਦੇ ‘ਡੀ’ ਬਲਾਕ ਵਿੱਚ ਨਾਲੇ ਦੇ ਨਾਲ ਸਥਿਤ ਇੱਕ ਮਕਾਨ ਢਹਿ-ਢੇਰੀ ਹੋ ਗਿਆ। ਹਾਦਸੇ ਮੌਕੇ ਪਰਿਵਾਰ ਘਰ ਵਿੱਚ ਨਹੀਂ ਸੀ। ਪਰਿਵਾਰਕ ਮੈਂਬਰ ਆਪੋ-ਆਪਣੇ ਕੰਮ ’ਤੇ ਗਏ ਹੋਏ ਸਨ। ਮਕਾਨ ਡਿੱਗਣ ਕਾਰਨ ਅੰਦਰ ਪਿਆ ਸਾਰਾ ਸਾਮਾਨ ਦਬ ਗਿਆ।
ਪਰਿਵਾਰ ਦੇ ਮਾਲਕਣ ਦੀਪਾ ਚੌਧਰੀ ਨੇ ਦੱਸਿਆ ਇਹ ਮਕਾਨ ਉਨ੍ਹਾਂ ਨੇ ਸਾਲ 2018 ਵਿੱਚ ਇੱਕ ਬੈਂਕ ਤੋਂ ਬੋਲੀ ਵਿੱਚ ਖ਼ਰੀਦਿਆ ਸੀ। ਇਥੇ ਉਹ ਆਪਣੇ ਪਤੀ ਅਤੇ ਲੜਕੇ ਨਾਲ ਰਹਿ ਰਹੀ ਸੀ। ਉਹ ਚੰਡੀਗੜ੍ਹ ਸੈਕਟਰ 32 ਹਸਪਤਾਲ ਵਿੱਚ ਨੌਕਰੀ ਕਰਦੀ ਹੈ ਜਦਕਿ ਉਸਦੇ ਪਤੀ ਪੂਨੇ ਇਕ ਫਾਰਮਾ ਕੰਪਨੀ ਵਿੱਚ ਕੰਮ ਕਰਦਾ ਹੈ। ਲੜਕਾ ਪੜ੍ਹਦਾ ਹੈ। ਬੀਤੇ ਦਿਨੀਂ ਜਦ ਸਾਰੇ ਆਪਣੇ ਕੰਮਾਂ ’ਤੇ ਗਏ ਹੋਏ ਸਨ ਤਾਂ ਮਕਾਨ ਅਚਾਨਕ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਇਹ ਘਰ ਨਾਲੇ ਦੇ ਕੋਲ ਸਥਿਤ ਹੈ। ਲੰਘੇ ਮੌਨਸੂਨ ਦੌਰਾਨ ਲਗਾਤਾਰ ਪਏ ਤਿੰਨ ਦਿਨਾਂ ਦੇ ਮੀਂਹ ਵਿੱਚ ਨਾਲੇ ਦੀ ਮਿੱਟੀ ਖਿਸਕਣ ਕਾਰਨ ਨੇੜੇ ਬਣੇ ਮਕਾਨਾਂ ਵਿੱਚ ਦਰਾਰਾਂ ਪੈ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਇਥੇ ਰਹਿ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਮਕਾਨ ਡਿੱਗਣ ਮਗਰੋਂ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਆਇਆ ਅਤੇ ਉਹ ਬੇਘਰ ਹੋ ਗਏ ਹਨ।
ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਸ ਮਕਾਨ ਨੂੰ ਪਹਿਲਾਂ ਹੀ ਅਸੁਰੱਖਿਆ ਕਰਾਰ ਦਿੱਤਾ ਹੋਇਆ ਸੀ ਅਤੇ ਇਥੇ ਰਹਿ ਰਹੇ ਪਰਿਵਾਰ ਨੂੰ ਇਸ ਨੂੰ ਖਾਲੀ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਲੰਘੇ ਸਾਲ ਹੀ ਇਸ ਨੂੰ ਅਸੁਰੱਖਿਅਤ ਐਲਾਨ ਦਿੱਤਾ ਸੀ।