ਮਨਮੋਹਨ ਸਿੰਘ ਦੀ ਵਿਰਾਸਤ ਦੀ ਨਿਰਖ-ਪਰਖ
ਰਾਮਚੰਦਰ ਗੁਹਾ
ਸਾਲ 2014 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਤੋਂ ਥੋੜ੍ਹੀ ਦੇਰ ਬਾਅਦ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਮੀਡੀਆ ਵੱਲੋਂ ਉਸ ਵੇਲੇ ਜਿਵੇਂ ਉਨ੍ਹਾਂ ਦੀ ਕਰੜੀ ਆਲੋਚਨਾ ਕੀਤੀ ਜਾ ਰਹੀ ਸੀ, ਇਤਿਹਾਸ ਉਸ ਨਾਲੋਂ ਕਿਤੇ ਵੱਧ ਨਰਮੀ ਨਾਲ ਪਰਖ ਕਰੇਗਾ। ਮਨਮੋਹਨ ਸਿੰਘ ਦੇ ਚਲਾਣੇ ਤੋਂ ਬਾਅਦ ਆਈਆਂ ਸ਼ਰਧਾਂਜਲੀਆਂ ਨੂੰ ਪੜ੍ਹਦਿਆਂ, ਇਸ ਇਤਿਹਾਸਕਾਰ ਨੂੰ ਹੈਰਾਨੀ ਹੋਈ ਕਿ ਕੀ ਇਨ੍ਹਾਂ ਉਪਮਾਵਾਂ ਵਿੱਚ ਕੋਈ ਪੁਖ਼ਤਗੀ ਹੈ? ਕੀ ਉਹ ਵਾਕਈ ਸਭ ਤੋਂ ਸਿਆਣੇ, ਸਰਬ-ਗਿਆਤਾ ਅਤੇ ਜ਼ਾਹਿਰਾ ਤੌਰ ’ਤੇ ਨੁਕਸ-ਰਹਿਤ ਰਾਜਨੇਤਾ ਸਨ ਜਿਵੇਂ ਕਿ ਹੁਣ ਉਨ੍ਹਾਂ ਨੂੰ ਦਰਸਾਇਆ ਜਾ ਰਿਹਾ ਹੈ?
ਮਨਮੋਹਨ ਸਿੰਘ ਦੇ ਪੇਸ਼ੇਵਰ ਜੀਵਨ ਦੇ ਤਿੰਨ ਮਖਸੂਸ ਪੜਾਅ ਸਨ: ਇੱਕ ਵਿਦਵਾਨ, ਸਰਕਾਰ ਵਿੱਚ ਇੱਕ ਅਰਥਸ਼ਾਸਤਰੀ ਅਤੇ ਇੱਕ ਸਿਆਸਤਦਾਨ ਦਾ। ਬਹੁਤਾ ਲੇਖਾ-ਜੋਖਾ ਉਨ੍ਹਾਂ ਦੇ ਦੂਜੇ ਪੜਾਅ ਦਾ ਹੀ ਕੀਤਾ ਗਿਆ ਅਤੇ ਖ਼ਾਸਕਰ ਬਤੌਰ ਵਿੱਤ ਮੰਤਰੀ ਕਾਰਜਕਾਲ ਦਾ ਜਦੋਂ ਉਨ੍ਹਾਂ ਲਾਇਸੈਂਸ-ਪਰਮਿਟ-ਕੋਟਾ ਰਾਜ ਨੂੰ ਤੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤੀ ਅਰਥਚਾਰੇ ਨੂੰ ਰਾਜ ਦੀਆਂ ਬੇੜੀਆਂ ਤੋਂ ਮੁਕਤੀ ਦਿਵਾਉਣ ਨਾਲ ਤਿੰਨ ਦਹਾਕੇ ਸਥਿਰ ਆਰਥਿਕ ਵਿਕਾਸ ਦਾ ਰਾਹ ਪੱਧਰਾ ਹੋਇਆ, ਉੱਦਮਸ਼ੀਲਤਾ ਵਿੱਚ ਇਜ਼ਾਫ਼ਾ ਹੋਇਆ ਅਤੇ ਸਮੂਹਿਕ ਗ਼ੁਰਬਤ ਵਿੱਚ ਕਮੀ ਆਈ। ਵਾਕਈ ਇਹ ਇੱਕ ਵੱਡੀ ਪ੍ਰਾਪਤੀ ਸੀ ਜਿਸ ਬਦਲੇ ਮਨਮੋਹਨ ਸਿੰਘ ਦੀ ਵਾਜਬ ਪ੍ਰਸ਼ੰਸਾ ਕੀਤੀ ਜਾਂਦੀ ਹੈ, ਭਾਵੇਂ ਇਸ ਲਈ ਤਤਕਾਲੀ ਪ੍ਰਧਾਨ ਮੰਤਰੀ ਪੀ.ਵੀ. ਨਰਸਿਮ੍ਹਾ ਰਾਓ ਦੀ ਹਮਾਇਤ ਨੂੰ ਭੁੱਲਣਾ ਨਹੀਂ ਚਾਹੀਦਾ ਜਿਨ੍ਹਾਂ ਇੱਕ ਬਿਨਾਂ ਚੁਣੇ ਅਰਥਸ਼ਾਸਤਰੀ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਿਲ ਕਰ ਕੇ ਕੱਟੜ ਵਿਰੋਧੀ ਸਿਆਸਤਦਾਨਾਂ (ਜਿਨ੍ਹਾਂ ’ਚੋਂ ਕੁਝ ਕਾਂਗਰਸ ਪਾਰਟੀ ਵਿੱਚ ਵੀ ਸਨ) ਤੋਂ ਸੁਰੱਖਿਆ ਦਿੱਤੀ ਸੀ। ਮਨਮੋਹਨ ਸਿੰਘ ਦੇ ਨਾਲ ਅਤੇ ਉਨ੍ਹਾਂ ਦੀ ਨਿਰਦੇਸ਼ਨਾ ਹੇਠ ਕੁਝ ਬਹੁਤ ਹੀ ਕਾਬਿਲ ਅਰਥਸ਼ਾਸਤਰੀਆਂ ਅਤੇ ਅਫ਼ਸਰਾਂ ਨੇ ਜ਼ਮੀਨੀ ਪੱਧਰ ’ਤੇ ਜਿਸ ਕਿਸਮ ਦਾ ਕੰਮ ਕੀਤਾ ਸੀ, ਉਹ ਅੱਜ ਦੀ ਸਰਕਾਰ ’ਚ ਬਹੁਤ ਘੱਟ ਦਿਖਾਈ ਦਿੰਦਾ ਹੈ।
ਬਤੌਰ ਵਿੱਤ ਮੰਤਰੀ ਮਨਮੋਹਨ ਸਿੰਘ ਦਾ ਯੋਗਦਾਨ ਸਬੱਬ ਅਤੇ ਨਿਰੰਤਰਤਾ ਕਰ ਕੇ ਸੀ। ਇਹ ਤੱਥ ਹਨ ਕਿ ਭਾਰਤ ਨੂੰ ਵਿਦੇਸ਼ੀ ਕਰੰਸੀ ਸੰਕਟ ਦਾ ਸਾਹਮਣਾ ਕਰਨਾ ਪਿਆ, ਰਾਜੀਵ ਗਾਂਧੀ ਨਾਲ ਨੇੜਤਾ ਕਰ ਕੇ ਉਨ੍ਹਾਂ ਦੀ ਮੌਤ ਤੋਂ ਬਾਅਦ ਰਾਓ ਪ੍ਰਧਾਨ ਮੰਤਰੀ ਬਣ ਗਏ, ਇਹ ਕਿ ਰਾਓ ਵੱਲੋਂ ਇਸ ਅਹੁਦੇ ਲਈ ਪਹਿਲਾਂ ਜਿਸ ਵਿਅਕਤੀ (ਆਈ.ਜੀ. ਪਟੇਲ) ਨਾਲ ਸੰਪਰਕ ਕੀਤਾ ਗਿਆ ਸੀ, ਉਸ ਨੇ ਨਾਂਹ ਕਰ ਦਿੱਤੀ ਸੀ। ਦੂਜੇ ਪਾਸੇ, ਡਾ. ਮਨਮੋਹਨ ਸਿੰਘ ਦੀਆਂ ਵਿਦਿਅਕ ਯੋਗਤਾਵਾਂ ਪੂਰੀ ਤਰ੍ਹਾਂ ਉੱਚ ਪਾਏ ਦੀਆਂ ਸਨ। ਉਨ੍ਹਾਂ ਦੀ ਵਿਅਕਤੀਗਤ ਪਰਵਾਜ਼ ਨਾਲ ਜੇ ਕਿਸੇ ਦੀ ਤੁਲਨਾ ਕੀਤੀ ਜਾ ਸਕਦੀ ਹੈ ਤਾਂ ਕੈਂਬਰਿਜ ਵਿੱਚ ਉਨ੍ਹਾਂ ਦੇ ਸਮਕਾਲੀ ਅਮ੍ਰਤਿਆ ਸੇਨ ਅਤੇ ਜਗਦੀਸ਼ ਭਗਵਤੀ ਹੀ ਹਨ ਜਿਨ੍ਹਾਂ ਨੇ ਮਨਮੋਹਨ ਸਿੰਘ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਹੈ। ਸੇਨ ਅਤੇ ਭਗਵਤੀ ਦਾ ਜਨਮ ਬੌਧਿਕ ਤੌਰ ’ਤੇ ਕੁਲੀਨ ਪਰਿਵਾਰਾਂ ਵਿੱਚ ਹੋਇਆ ਸੀ। ਸੇਨ ਦਾ ਪਰਿਵਾਰ ਵਿਦਵਾਨਾਂ ਦਾ ਪਰਿਵਾਰ ਗਿਣਿਆ ਜਾਂਦਾ ਸੀ, ਜਿਸ ਦੀ ਰਾਬਿੰਦਰਨਾਥ ਟੈਗੋਰ ਨਾਲ ਨੇੜਤਾ ਸੀ। ਦਰਅਸਲ, ਟੈਗੋਰ ਨੇ ਉਸ ਨੂੰ ‘ਅਮ੍ਰਤਿਆ’ ਨਾਂ ਦਿੱਤਾ ਸੀ। ਭਗਵਤੀ ਸੁਪਰੀਮ ਕੋਰਟ ਦੇ ਇੱਕ ਜੱਜ ਦਾ ਪੁੱਤਰ ਸੀ। ਅਜਿਹੇ ਕੁਲੀਨ ਪਰਿਵਾਰਾਂ ਦਾ ਕੈਂਬਰਿਜ ਵਿੱਚ ਪੜ੍ਹਨਾ ਕੋਈ ਖ਼ਾਸ ਗੱਲ ਨਹੀਂ ਹੈ। ਦੂਜੇ ਪਾਸੇ, ਮਨਮੋਹਨ ਸਿੰਘ ਦਾ ਪਰਿਵਾਰਕ ਪਿਛੋਕੜ ਬਹੁਤ ਸਾਧਾਰਨ ਸੀ ਅਤੇ ਉੱਤੋਂ ਉਨ੍ਹਾਂ ਨੂੰ ਵੰਡ ਦੇ ਸੰਤਾਪ ’ਚੋਂ ਲੰਘਣਾ ਪਿਆ ਸੀ। ਕੋਈ ਕਿਆਸ ਵੀ ਨਹੀਂ ਕਰ ਸਕਦਾ ਸੀ ਕਿ ਮਨਮੋਹਨ ਸਿੰਘ ਜਿਹਾ ਨੌਜਵਾਨ ਕਿਸੇ ਮਹਾਨ ਪੱਛਮੀ ਯੂਨੀਵਰਸਿਟੀ ਵਿੱਚ ਦਾਖ਼ਲਾ ਲਵੇਗਾ। ਫਿਰ ਵੀ ਉਨ੍ਹਾਂ ਇਹ ਕਰ ਕੇ ਦਿਖਾਇਆ ਅਤੇ ਨਾ ਕੇਵਲ ਕੈਂਬਰਿਜ ਵਿੱਚ ਅਰਥਸ਼ਾਸਤਰ ਦੀ ਆਨਰਜ਼ ਡਿਗਰੀ ਵਿੱਚ ਅੱਵਲ ਦਰਜਾ ਹਾਸਿਲ ਕੀਤਾ ਸਗੋਂ ਆਕਸਫੋਰਡ ਵਿੱਚ ਡੀ.ਫਿਲ. ਦੀ ਡਿਗਰੀ ਵੀ ਹਾਸਿਲ ਕੀਤੀ।
ਸੇਨ ਅਤੇ ਭਗਵਤੀ ਨੇ ਆਪਣੇ ਕਰੀਅਰ ਦਾ ਬਹੁਤਾ ਸਮਾਂ ਵਿਦੇਸ਼ ਵਿੱਚ ਬਿਤਾਇਆ ਸੀ। ਜੇ ਮਨਮੋਹਨ ਸਿੰਘ ਚਾਹੁੰਦੇ ਤਾਂ ਉਹ ਵੀ ਅਜਿਹਾ ਕਰ ਸਕਦੇ ਸਨ ਪਰ ਉਨ੍ਹਾਂ ਆਪਣੇ ਦੇਸ਼ ਨੂੰ ਆਪਣੀ ਕਰਮਭੂਮੀ ਬਣਾਇਆ। ਉਨ੍ਹਾਂ ਤਕਰੀਬਨ ਇੱਕ ਦਹਾਕਾ ਪੰਜਾਬ ਅਤੇ ਦਿੱਲੀ ਵਿੱਚ ਯੂਨੀਵਰਸਿਟੀ ਅਧਿਆਪਕ ਵਜੋਂ ਪੜ੍ਹਾਇਆ ਅਤੇ ਅਗਲਾ ਡੇਢ ਦਹਾਕਾ ਵਿੱਤ ਸਕੱਤਰ, ਰਿਜ਼ਰਵ ਬੈਂਕ ਦੇ ਗਵਰਨਰ ਅਤੇ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਵਜੋਂ ਸਰਕਾਰ ਵਿੱਚ ਅਹਿਮ ਅਹੁਦਿਆਂ ’ਤੇ ਕੰਮ ਕੀਤਾ ਸੀ।
ਮਨਮੋਹਨ ਸਿੰਘ ਦੇ ਦੇਹਾਂਤ ’ਤੇ ਆਈਆਂ ਸ਼ਰਧਾਂਜਲੀਆਂ ਵਿੱਚ ਸਰਕਾਰ ਵਿੱਚ ਉਨ੍ਹਾਂ ਦੇ ਆਰਥਿਕ ਸੁਧਾਰਕ ਵਜੋਂ ਕਰੀਅਰ ਉੱਪਰ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਗਿਆ ਹੈ। ਹਾਲਾਂਕਿ ਇੱਕ ਵਿਦਵਾਨ ਅਤੇ ਅਧਿਆਪਕ ਵਜੋਂ ਉਨ੍ਹਾਂ ਦੇ ਕਾਰਜ ਵੱਲ ਵੀ ਥੋੜ੍ਹਾ ਧਿਆਨ ਦਿੱਤਾ ਗਿਆ ਹੈ, ਪਰ ਉਨ੍ਹਾਂ ਦੀ ਸਿਆਸੀ ਵਿਰਾਸਤ ਨੂੰ ਆਮ ਤੌਰ ’ਤੇ ਢਕ ਦਿੱਤਾ ਗਿਆ। 1991 ਤੋਂ 1996 ਤੱਕ ਦੇ ਅਰਸੇ ਵਿੱਚ ਮਨਮੋਹਨ ਸਿੰਘ ਨੂੰ ਇੱਕ ਨੀਤੀ ਅਰਥਸ਼ਾਸਤਰੀ ਕਰਾਰ ਦਿੱਤਾ ਜਾ ਸਕਦਾ ਹੈ ਜੋ ਭੁੱਲ ਕੇ ਸਿਆਸਤ ਵਿੱਚ ਆ ਗਿਆ ਸੀ; ਪਰ 1996 ਤੋਂ ਬਾਅਦ ਉਹ ਕੁੱਲਵਕਤੀ ਸਿਆਸਤਦਾਨ ਬਣ ਗਏ ਸਨ। ਇਸੇ ਤਹਿਤ ਉਨ੍ਹਾਂ ਆਪਣੇ ਅਖ਼ੀਰਲੇ ਪੜਾਅ ਤਹਿਤ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਸਨ ਜੋ ਕਿ ਸਭ ਤੋਂ ਵੱਧ ਅਹਿਮੀਅਤ ਰੱਖਦੀਆਂ ਹਨ।
ਮਨਮੋਹਨ ਸਿੰਘ ਉਸ ਵੇਲੇ ਦੇ ਪ੍ਰਧਾਨ ਮੰਤਰੀ ਦੀ ਮਿਹਰਬਾਨੀ ਸਦਕਾ ਵਿੱਤ ਮੰਤਰੀ ਬਣੇ ਸਨ ਅਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਮਿਹਰਬਾਨੀ ਨਾਲ ਉਹ ਸਬੱਬੀਂ ਹੀ ਪ੍ਰਧਾਨ ਮੰਤਰੀ ਬਣੇ ਸਨ। ਪ੍ਰਧਾਨ ਮੰਤਰੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਜਿਵੇਂ ਤਿਵੇਂ ਆਪਣਾ ਵਕਤ ਨਿਭਾਅ ਦਿੱਤਾ ਸੀ। ਸੱਤਾ ਦੇ ਸਿਖ਼ਰ ’ਤੇ ਇੱਕ ਧਰਮ ਨਿਰਪੱਖ ਸਿੱਖ ਬੈਠਿਆ ਹੋਣ ਕਰ ਕੇ ਫ਼ਿਰਕੂ ਭੜਕਾਹਟ ਬੇਕਾਬੂ ਨਹੀਂ ਹੋ ਸਕੀ ਜੋ ਗੁਜਰਾਤ ਵਿੱਚ ਮੁਸਲਿਮ ਵਿਰੋਧੀ ਕਤਲੇਆਮ ਦੇ ਰੂਪ ਵਿੱਚ ਫ਼ਨ ਚੁੱਕ ਰਹੀ ਸੀ; ਅਰਥਚਾਰਾ ਵਧੇਰੇ ਸਥਿਰ ਹੋ ਗਿਆ ਜਿਸ ਸਦਕਾ ਸਮਾਜਿਕ ਭਲਾਈ ਦੇ ਪ੍ਰੋਗਰਾਮਾਂ ਲਈ ਫੰਡ ਜੁਟਾਉਣ ਵਿੱਚ ਮਦਦ ਮਿਲੀ; ਮੂਲ ਵਿਗਿਆਨਾਂ ਵਿੱਚ ਖੋਜ ਨੂੰ ਹੁਲਾਰਾ ਮਿਲਿਆ ਅਤੇ ਅਮਰੀਕਾ ਨਾਲ ਸਿਵਲ ਪਰਮਾਣੂ ਸੰਧੀ ਉੱਪਰ ਸਹੀ ਪਾਈ ਗਈ।
ਸਾਲ 2009 ਦੀਆਂ ਗਰਮੀਆਂ ਵਿੱਚ ਮੈਂ ਇੱਕ ਮਹੀਨਾ ਨਵੀਂ ਦਿੱਲੀ ਬਿਤਾਇਆ ਸੀ। ਮੈਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਅਤੇ ਵੱਡੀ ਗੱਲ ਇਹ ਕਿ ਸਰਕਾਰ ਦੇ ਅੰਦਰ ਅਤੇ ਬਾਹਰ ਉਨ੍ਹਾਂ ਦੇ ਕੁਝ ਕਰੀਬੀ ਲੋਕਾਂ ਨੂੰ ਵੀ ਮਿਲਿਆ ਸਾਂ। ਉਨ੍ਹਾਂ ਸਾਰਿਆਂ ਦਾ ਖ਼ਿਆਲ ਸੀ ਕਿ ਉਨ੍ਹਾਂ ਦੀ ਉਮਰ ਤੇ ਕੁਝ ਦੇਰ ਪਹਿਲਾਂ ਹੋਈ ਦਿਲ ਦੀ ਸਰਜਰੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਸਨਮਾਨਜਨਕ ਢੰਗ ਨਾਲ ਜਨਤਕ ਮੰਚ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਇੱਕ ਪ੍ਰਸ਼ੰਸਕ ਨੇ ਆਖਿਆ ਕਿ ਜੇ ਮਨਮੋਹਨ ਸਿੰਘ ਅਹੁਦੇ ’ਤੇ ਬਣੇ ਰਹਿਣਾ ਚਾਹੁਣ ਤਾਂ ਉਨ੍ਹਾਂ ਦੀ ਭਰੋਸੇਯੋਗਤਾ ਤਾਂ ਮਜ਼ਬੂਤ ਹੋਵੇਗੀ ਜੇ ਉਹ ਲੋਕ ਸਭਾ ਦੀ ਚੋਣ ਜਿੱਤ ਕੇ ਆਉਣ (ਜੋ ਕਿ ਉਹ ਪੰਜਾਬ ਵਿੱਚ ਕਿਤੋਂ ਵੀ ਆਸਾਨੀ ਨਾਲ ਕਰ ਸਕਦੇ ਸਨ)।
ਅੰਤ ਨੂੰ ਮਨਮੋਹਨ ਸਿੰਘ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ, ਹਾਲਾਂਕਿ ਉਹ ਅਜੇ ਵੀ ਰਾਜ ਸਭਾ ਦੇ ਹੀ ਮੈਂਬਰ ਸਨ। ਉਨ੍ਹਾਂ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਪੈਨੀ ਨਜ਼ਰ ਵਾਲੇ ਸਮੀਖਿਅਕਾਂ ਨੇ ਇਹ ਗੱਲ ਨੋਟ ਕੀਤੀ ਸੀ ਕਿ ਉਨ੍ਹਾਂ ਵੱਲੋਂ ਪਾਰਟੀ ਪ੍ਰਧਾਨ ਨੂੰ ਕੁਝ ਜ਼ਿਆਦਾ ਹੀ ਅਦਬ ਸਤਿਕਾਰ ਦਿੱਤਾ ਜਾਂਦਾ ਹੈ। ਹੁਣ ਇਹ ਸਤਿਕਾਰ ਹੋਰ ਜ਼ਿਆਦਾ ਵਧ ਗਿਆ ਅਤੇ ਇਸ ਨਾਲ ਉਨ੍ਹਾਂ ਦੀ ਨਿੱਜੀ ਅਤੇ ਸਿਆਸੀ ਹੈਸੀਅਤ ਨੂੰ ਹੋਰ ਜ਼ਿਆਦਾ ਢਾਹ ਲੱਗੀ। ਇਸ ਦੌਰਾਨ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਸਾਹਮਣੇ ਆਉਣ ਲੱਗ ਪਏ; ਕੁਝ ਦੋਸ਼ ਤਾਂ ਵਾਕਈ ਕੂੜ ਪ੍ਰਚਾਰ ਸਨ (ਜਿਵੇਂ ਕਿ ਕੈਗ ਰਿਪੋਰਟ ਦੇ ਆਧਾਰ ’ਤੇ ਲਾਏ ਗਏ ਘਪਲੇ ਦੇ ਦੋਸ਼) ਜਦੋਂਕਿ ਕੁਝ ਦੋਸ਼ਾਂ ਵਿੱਚ ਸ਼ਾਇਦ ਵਜ਼ਨ ਸੀ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ ਦਾਗ਼ੀ ਕੈਬਨਿਟ ਮੰਤਰੀਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਝਿਜਕ ਦਿਖਾਈ। ਆਪਣੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਨਾਲਿਜ ਕਮਿਸ਼ਨ ਕਾਇਮ ਕਰ ਕੇ ਇਸ ਵਿੱਚ ਕੁਝ ਬਿਹਤਰੀਨ ਮੈਂਬਰ ਸ਼ਾਮਿਲ ਕੀਤੇ ਸਨ, ਫਿਰ ਵੀ ਉਨ੍ਹਾਂ ਮਨੁੱਖੀ ਸਰੋਤ ਵਿਕਾਸ ਮੰਤਰੀ ਅਰਜਨ ਸਿੰਘ ਨੂੰ ਇਸ ਕਮਿਸ਼ਨ ਨੂੰ ਕਾਗਜ਼ੀ ਬਣਾ ਦੇਣ ਦੀ ਆਗਿਆ ਦੇ ਦਿੱਤੀ। ਆਪਣੇ ਦੂਜੇ ਕਾਰਜਕਾਲ ਦੌਰਾਨ ਉਨ੍ਹਾਂ ਪ੍ਰਣਬ ਮੁਖਰਜੀ ਨੂੰ ਵਿੱਤ ਮੰਤਰੀ ਵਜੋਂ ਖੁੱਲ੍ਹਾ ਰੱਸਾ ਦੇ ਕੇ ਰੱਖਿਆ ਪਰ ਮੁਖਰਜੀ ਨੇ ਆਲਮੀ ਮੰਡੀਆਂ ਵਿੱਚ ਭਾਰਤ ਦੀ ਹੈਸੀਅਤ ਰੋਲ਼ ਕੇ ਰੱਖ ਦਿੱਤੀ ਸੀ ਅਤੇ ਉਨ੍ਹਾਂ ਨੂੰ ਉਦਾਰੀਕਰਨ ਤੋਂ ਬਾਅਦ ਦੇ ਅਰਸੇ ਦਾ ‘ਬਦਤਰੀਨ ਵਿੱਤ ਮੰਤਰੀ’ ਕਰਾਰ ਦੇ ਦਿੱਤਾ ਗਿਆ ਸੀ।
ਮਨਮੋਹਨ ਸਿੰਘ ਕੋਲ ਅਰਜਨ ਸਿੰਘ ਨਾਲੋਂ ਕਿਤੇ ਵੱਧ ਵਿਦਵਤਾ ਅਤੇ ਬਿਨਾਂ ਸ਼ੱਕ ਮੁਖਰਜੀ ਨਾਲੋਂ ਵਿੱਤ ਮੰਤਰਾਲਾ ਚਲਾਉਣ ਦਾ ਗਿਆਨ ਅਤੇ ਅਨੁਭਵ ਵੱਧ ਸੀ। ਚੁਣੌਤੀ ਆਉਣ ’ਤੇ ਕਈ ਵਾਰ ਉਹ ਸਿੱਧੇ ਹੋ ਕੇ ਨਹੀਂ ਟਕਰਦੇ ਸਨ, ਜਿਸ ਕਰ ਕੇ ਕੈਬਨਿਟ ਵਿੱਚ ਲੋਕ ਸਭਾ ਦੀਆਂ ਸੀਟਾਂ ਜਿੱਤਣ ਵਾਲੇ ਹੋਰਨਾਂ ਮੰਤਰੀਆਂ (ਤੇ ਜਿਨ੍ਹਾਂ ਬਾਰੇ ਸ਼ਾਇਦ ਮਨਮੋਹਨ ਸਿੰਘ ਹੋਰਾਂ ਨੂੰ ਡਰ ਸੀ ਕਿ ਉਹ ਕਾਂਗਰਸ ਪ੍ਰਧਾਨ ਦੇ ਕੰਨ ਭਰਦੇ ਸਨ) ਨੂੰ ਉਨ੍ਹਾਂ ਦੀ ਅਵੱਗਿਆ ਕਰਨ ਦਾ ਹੌਸਲਾ ਮਿਲ ਜਾਂਦਾ ਸੀ।
ਖ਼ੁਦ ਨੂੰ ਹੋਰ ਘਿਰਿਆ ਹੋਇਆ ਮਹਿਸੂਸ ਕਰ ਕੇ ਮਨਮੋਹਨ ਸਿੰਘ ਨੇ ਇਸ ਦਾ ਜਵਾਬ ਸਗੋਂ ਹੋਰ ਸੀਮਤ ਜਿਹਾ ਹੋ ਕੇ ਦਿੱਤਾ। ਰਾਹੁਲ ਗਾਂਧੀ ਵੱਲੋਂ ਜਨਤਕ ਤੌਰ ’ਤੇ ਸਰਕਾਰੀ ਆਰਡੀਨੈਂਸ ਪਾੜਨ ’ਤੇ ਉਨ੍ਹਾਂ ਦੀ ਚੁੱਪ ਸਭ ਕੁਝ ਕਹਿ ਗਈ। ਦੂਜੇ ਕਾਰਜਕਾਲ ’ਚ ਉਨ੍ਹਾਂ ਵੱਲੋਂ ਦਿੱਤਾ ਬਿਆਨ ਹੋਰ ਵੀ ਬਹੁਤ ਕੁਝ ਕਹਿੰਦਾ ਹੈ ਕਿ ਉਹ ਰਾਹੁਲ ਗਾਂਧੀ ਦੀ ਅਗਵਾਈ ’ਚ ਕੰਮ ਕਰ ਕੇ ‘ਬਹੁਤ ਖ਼ੁਸ਼’ ਹੋਣਗੇ। ਇਹ ਇਸ ਤਰ੍ਹਾਂ ਸੀ ਜਿਵੇਂ ਮਨਮੋਹਨ ਸਿੰਘ ਨੂੰ ਲੱਗਿਆ ਕਿ ਅਜਿਹਾ ਕਰ ਕੇ ਪਾਰਟੀ ਦੇ ਅੰਦਰ ਤੇ ਸਰਕਾਰ ਵਿੱਚ ਉਨ੍ਹਾਂ ਦਾ ਕੱਦ ਬਹਾਲ ਰਹੇਗਾ।
ਇਹ ਨਿਤਾਰਾ ਕਰਨ ਲੱਗਿਆਂ ਹਾਲਾਂਕਿ ਉਨ੍ਹਾਂ ਤੋਂ ਬੱਜਰ ਭੁੱਲ ਹੋਈ। ਅਸਲ ’ਚ ਸਚਾਈ ਇਹ ਹੈ ਕਿ ਸੋਨੀਆ ਗਾਂਧੀ ਵੀ ਮਨਮੋਹਨ ਸਿੰਘ ਦੀ ਓਨੀ ਹੀ ਕਰਜ਼ਦਾਰ ਹੈ, ਜਿੰਨਾ ਮਨਮੋਹਨ ਸਿੰਘ ਸ਼ਾਇਦ ਸੋਨੀਆ ਦੇ ਹਨ। ਸਰਕਾਰ ’ਚ ਕਦੇ ਖ਼ੁਦ ਕੰਮ ਨਾ ਕੀਤਾ ਹੋਣ ਕਰ ਕੇ 2004 ’ਚ ਸੋਨੀਆ ਜਾਣਦੀ ਸੀ ਕਿ ਉਹ ਪ੍ਰਧਾਨ ਮੰਤਰੀ ਬਣਨ ਦੇ ਯੋਗ ਨਹੀਂ ਹੈ। ਉਸ ਨੂੰ ਪਤਾ ਸੀ ਕਿ ਉਹ ਕੈਬਨਿਟ ਬੈਠਕਾਂ, ਨੀਤੀਗਤ ਮਾਮਲਿਆਂ ’ਤੇ ਫ਼ੈਸਲੇ ਲੈਣ ਜਾਂ ਵਿਦੇਸ਼ੀ ਮੁਲਕਾਂ ਦੇ ਮੁਖੀਆਂ ਨੂੰ ਬਰਾਬਰ ਬੈਠ ਕੇ ਮਿਲਣ ਦੇ ਸਮਰੱਥ ਨਹੀਂ ਹੈ। ਆਪਣੇ ਸਿਰ ਜ਼ਿੰਮੇਵਾਰੀ ਲੈ ਕੇ, ਮਨਮੋਹਨ ਸਿੰਘ ਨੇ ਉਸ ਨੂੰ ਸ਼ਰਮਿੰਦਗੀ ਤੋਂ ਬਚਾ ਲਿਆ। ਹਾਲਾਂਕਿ 2009 ਵਿੱਚ ਯੂਪੀਏ ਦੀ ਸਰਕਾਰ ਦੁਬਾਰਾ ਬਣਨ ਤੋਂ ਬਾਅਦ ਸੋਨੀਆ ਗਾਂਧੀ ਆਪਣੇ ਅਨੁਭਵਹੀਣ ਬੇਟੇ ਨੂੰ ਭਵਿੱਖੀ ਪ੍ਰਧਾਨ ਮੰਤਰੀ ਬਣਾਉਣ ਲਈ ਉਹ ਸਭ ਕਰਨ ਵਿੱਚ ਜੁਟ ਗਈ ਜੋ ਉਹ ਕਰ ਸਕਦੀ ਸੀ ਤੇ ਇੱਥੇ ਮੌਜੂਦਾ ਪ੍ਰਧਾਨ ਮੰਤਰੀ, ਜੋ ਖ਼ੁਦ ਆਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੱਧ ਤਜਰਬੇਕਾਰ ਨੌਕਰਸ਼ਾਹਾਂ ਵਿੱਚੋਂ ਇੱਕ ਸੀ, ਜਿੰਨਾ ਹੋ ਸਕਦਾ ਸੀ ਇਸ ਭਰਮ ਦੇ ਨਾਲ-ਨਾਲ ਤੁਰਦਾ ਰਿਹਾ।
ਇਸ ਗੱਲ ਦਾ ਨਿਤਾਰਾ ਕਰਨਾ ਭਵਿੱਖੀ ਇਤਿਹਾਸਕਾਰਾਂ ਹੱਥ ਹੈ ਕਿ ਮਨਮੋਹਨ ਸਿੰਘ ਦੀ ਜਨਤਕ ਤੌਰ ’ਤੇ ਜ਼ਾਹਿਰ ਹੋਈ ਬੇਵੱਸੀ ਨਰਿੰਦਰ ਮੋਦੀ ਦੀ ਪ੍ਰਧਾਨ ਮੰਤਰੀ ਬਣਨ ਦੀ ਮੁਹਿੰਮ ’ਚ ਕਿੰਨਾ ਸਹਾਈ ਹੋਈ। ਪ੍ਰਤੱਖ ਰੂਪ ’ਚ ਪ੍ਰਧਾਨ ਮੰਤਰੀ ਦੀ ਅਜਿਹੀ ਸਥਿਤੀ ਦੇਖ ਕੇ ਬਹੁਤੇ ਵੋਟਰ ਉਸ ਵਿਅਕਤੀ ਦੀ ਬਿਆਨਬਾਜ਼ੀ ਦੇ ਪ੍ਰਭਾਵ ’ਚ ਆ ਗਏ ਜਿਸ ਨੇ ਕਿਹਾ ਕਿ ਇਸ ਦੀ ਥਾਂ ਉਹ ਇੱਕ ਮਜ਼ਬੂਤ ਤੇ ਦ੍ਰਿੜ੍ਹਤਾ ਨਾਲ ਕੰਮ ਕਰਨ ਵਾਲਾ ਆਗੂ ਹੋਵੇਗਾ। ਉਹ ਮੋਦੀ ਇੱਕ ਵੰਚਿਤ ਵਰਗ ’ਚੋਂ ਸੀ, ਜਦੋਂਕਿ ਕਾਂਗਰਸ ਨੇ ਮਨਮੋਹਨ ਸਿੰਘ ਦੀ ਕਿਰਪਾ ਨਾਲ ‘ਪਰਿਵਾਰ ਵਾਲੀ ਪਾਰਟੀ’ ਦੇ ਠੱਪੇ ਤੋਂ ਹਾਲੇ ਖਹਿੜਾ ਛੁਡਾਇਆ ਹੀ ਸੀ, ਇਹ ਚੀਜ਼ ਵੀ ਸੀ ਜੋ ਚੁਣੌਤੀ ਦੇਣ ਵਾਲੇ ਪੱਖ ਵਿੱਚ ਭੁਗਤੀ।
ਨਿਰਸੰਦੇਹ, ਜੋ ਅਸੀਂ 2014 ਤੋਂ ਦੇਖਿਆ ਹੈ ਉਹ ਸੱਤਾ ਨਹੀਂ ਬਲਕਿ ਤਾਨਾਸ਼ਾਹੀ ਹੈ। ਸਾਡੀ ਲੋਕਤੰਤਰਿਕ ਤੇ ਬਹੁਵਾਦੀ ਪਛਾਣ ਨੂੰ ਨਿਰੰਤਰ ਢਾਹ ਲੱਗੀ ਹੈ। ਅਰਥਚਾਰਾ ਪੂਰੀ ਸਮਰੱਥਾ ਨਾਲ ਨਹੀਂ ਵਧਿਆ, ਨਾ-ਬਰਾਬਰੀ ਵਧਣ ਦੇ ਨਾਲ ਫ਼ਾਇਦੇਮੰਦ ਰੁਜ਼ਗਾਰ ਦੀਆਂ ਸੰਭਾਵਨਾਵਾਂ ਸੁੰਗੜੀਆਂ ਹਨ। ਪ੍ਰਧਾਨ ਮੰਤਰੀ ਤੋਂ ਪ੍ਰੇਰਿਤ ਹੋ ਕੇ ਗ੍ਰਹਿ ਮੰਤਰੀ, ਯੂਪੀ ਤੇ ਆਸਾਮ ਦੇ ਮੁੱਖ ਮੰਤਰੀ ਸਾਲ-ਦਰ-ਸਾਲ ਜਨਤਕ ਭਾਸ਼ਣਾਂ ਦੇ ਮਿਆਰ ਨੂੰ ਪਹਿਲਾਂ ਨਾਲੋਂ ਵੱਧ ਡੇਗਦੇ ਹੀ ਚਲੇ ਗਏ ਹਨ ਅਤੇ ਸਾਡੇ ਕੁਦਰਤੀ ਵਾਤਾਵਰਨ ਦੀ ਵੀ ਵਿਆਪਕ ਲੁੱਟ ਹੋਈ ਹੈ।
ਇਹ ਸ਼ਾਇਦ ਸ੍ਰੀ ਮੋਦੀ ਦੇ ਗੁਜ਼ਰੇ ਸਾਲਾਂ ਦਾ ਕ੍ਰੋਧ ਹੀ ਹੈ, ਜਿਸ ਨੇ ਕਈ ਸਿਆਣੇ, ਸੰਵੇਦਨਸ਼ੀਲ, ਉਦਾਰ ਤੇ ਜਮਹੂਰੀਅਤਪਸੰਦ ਭਾਰਤੀਆਂ ਨੂੰ ਪ੍ਰੇਰਿਤ ਕੀਤਾ ਹੈ, ਜਿਨ੍ਹਾਂ ਮਨਮੋਹਨ ਸਿੰਘ ਦੀ ਉਨ੍ਹਾਂ ਵੱਲੋਂ ਆਪਣੀ ਜਨਤਕ ਜ਼ਿੰਦਗੀ ’ਚ ਕੀਤੇ ਸਾਰੇ ਚੰਗੇ ਕਾਰਜਾਂ ਲਈ ਪ੍ਰਸ਼ੰਸਾ ਕੀਤੀ ਹੈ, ਅਤੇ ਬੁਰਿਆਂ ਨੂੰ ਨਜ਼ਰਅੰਦਾਜ਼ ਕਰਨਾ ਚੁਣਿਆ ਹੈ। ਮਨਮੋਹਨ ਸਿੰਘ ਦੀਆਂ ਧੜੱਲੇਦਾਰ ਬੌਧਿਕ ਉਪਲਬਧੀਆਂ ’ਤੇ ਕੋਈ ਕਿੰਤੂ ਨਹੀਂ ਹੈ ਅਤੇ ਇੱਕ ਆਰਥਿਕ ਸੁਧਾਰਕ ਵਜੋਂ ਉਨ੍ਹਾਂ ਦਾ ਯੋਗਦਾਨ ਚੋਖਾ ਤੇ ਟਿਕਾਊ ਹੈ। ਫੇਰ ਵੀ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਰਿਕਾਰਡ ਤੇ ਉਨ੍ਹਾਂ ਦੀ ਸਿਆਸੀ ਵਿਰਾਸਤ ਵਿਆਪਕ ਪੱਧਰ ’ਤੇ ਫ਼ੈਸਲਾਕੁਨ ਰੂਪ ’ਚ ਜ਼ਿਆਦਾਤਰ ਮਿਲੀ-ਜੁਲੀ ਹੀ ਹੈ। ਖ਼ਾਸ ਤੌਰ ’ਤੇ ਉਨ੍ਹਾਂ ਆਪਣੇ ਦੂਜੇ ਕਾਰਜਕਾਲ ਦੌਰਾਨ ਅਣਜਾਣੇ ਵਿੱਚ ਸਰਕਾਰ ’ਚ ਤਾਨਾਸ਼ਾਹੀ ਨੂੰ ਉੱਭਰਨ ਦਿੱਤਾ ਅਤੇ ਰਜ਼ਾਮੰਦੀ ਨਾਲ ਭਾਰਤ ਦੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ’ਚ ਚਾਪਲੂਸੀ ਦੇ ਸੱਭਿਆਚਾਰ ਅਤੇ ਪਰਿਵਾਰਕ ਵਿਸ਼ੇਸ਼ ਅਧਿਕਾਰ ਨੂੰ ਸ਼ਹਿ ਦਿੱਤੀ।
ਈ-ਮੇਲ: ramachandraguha@yahoo.in