ਰੰਗ ਕਰਮੀ ਲਖਵਿੰਦਰ ਮੱਲ੍ਹੀ ਨੂੰ ਸਮਰਪਿਤ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਜੁਲਾਈ
ਇੱਥੇ ਮਰਹੂਮ ਰੰਗ ਕਰਮੀ ਲਖਵਿੰਦਰ ਸਿੰਘ ਮੱਲ੍ਹੀ ਦੀ ਯਾਦ ’ਚ ਹੋਏ ਸ਼ਰਧਾਂਜਲੀ ਸਮਾਗਮ ਮੌਕੇ ‘ਰੰਗਮੰਚ, ਜ਼ਿੰਦਗੀ ਅਤੇ ਸਮਾਜ’ ਵਿਸ਼ੇ ਉਪਰ ਵਿਚਾਰਾਂ ਹੋਈਆਂ। ਇਹ ਸਮਾਗਮ ਨਾਟਕਕਾਰ ਕੇਵਲ ਧਾਲੀਵਾਲ ਅੰਮ੍ਰਿਤਸਰ, ਲਖਵਿੰਦਰ ਸਿੰਘ ਮੱਲ੍ਹੀ ਦੇ ਜੀਵਨ ਸਾਥਣ ਹਰਿੰਦਰ ਕੌਰ ਹੁਸ਼ਿਆਰਪੁਰ, ਉਨ੍ਹਾਂ ਦੀ ਨੂੰਹ ਬਲਜੀਤ ਕੌਰ ਉਗਰਾਹਾਂ, ਸੁਮਨ ਲਤਾ ਫਗਵਾੜਾ, ਕ੍ਰਾਂਤੀ ਪਾਲ ਬਿਆਸ ਅਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਸਮਾਗਮ ਦਾ ਆਗਾਜ਼ ਸਮੂਹ ਹਾਜ਼ਰੀਨ ਵੱਲੋਂ ਖੜ੍ਹੇ ਹੋ ਕੇ ਸ਼ਹੀਦ ਜੈਮਲ ਸਿੰਘ ਪੱਡਾ ਦੇ ਗੀਤ ਦੇ ਬੋਲਾਂ ਰਾਹੀਂ ਲਖਵਿੰਦਰ ਸਿੰਘ ਮੱਲ੍ਹੀ ਨੂੰ ਸ਼ਰਧਾਂਜਲੀ ਦੇਣ ਨਾਲ਼ ਹੋਇਆ।
ਇਸ ਮੌਕੇ ਅਮੋਲਕ ਸਿੰਘ ਨੇ ਕਿਹਾ ਕਿ ਬੀਤੀ 12 ਜੁਲਾਈ ਨੂੰ ਸਦੀਵੀ ਵਿਛੋੜਾ ਦੇ ਗਏ ਲਖਵਿੰਦਰ ਸਿੰਘ ਮੱਲ੍ਹੀ 80ਵੇਂ ਦੇ ਦੌਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਅਹਿਮ ਭੂਮਿਕਾ ਨਿਭਾਉਂਦੇ ਰਹੇ। ਉਨ੍ਹਾਂ ਕਿਹਾ ਕਿ ਰੰਗ ਮੰਚ, ਜ਼ਿੰਦਗੀ ਅਤੇ ਸਮਾਜ ਦਾ ਅਟੁੱਟ ਰਿਸ਼ਤਾ ਹੈ।
ਨਿਰਦੇਸ਼ਕ ਕੇਵਲ ਧਾਲੀਵਾਲ ਨੇ ਕਿਹਾ ਕਿ ਲੋਕਾਂ ਦੇ ਸਰੋਕਾਰਾਂ ਦੀ ਬਾਂਹ ਫੜਨ ਵਾਲਾ ਰੰਗਮੰਚ ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਅਤੇ ਚੁਣੌਤੀਆਂ ਨੂੰ ਫਤਿਹ ਕਰਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਨੇ ਰੰਗਮੰਚ, ਲੋਕਾਂ ਅਤੇ ਖੂਬਸੂਰਤ ਸਮਾਜ ਲਈ ਜੂਝਣ ਵਾਲਿਆਂ ਦੀ ਨਿੱਘੀ ਗਲਵੱਕੜੀ ਉਪਰ ਜ਼ੋਰ ਦਿੱਤਾ।
ਬੂਟਾ ਸਿੰਘ ਮਹਿਮੂਦਪੁਰ ਨੇ ਰੰਗਮੰਚ ਦੇ ਕਾਮਿਆਂ ਨੂੰ ਆਪਣੇ ਚੌਗਿਰਦੇ ਵਿਚ ਵਾਪਰਦੇ ਵਰਤਾਰਿਆਂ ਦੇ ਸਭਨਾਂ ਪੱਖਾਂ ਬਾਰੇ ਜਾਗਰੂਕ ਹੋਣ ’ਤੇ ਜ਼ੋਰ ਦਿੱਤਾ। ਕੁਲਵੰਤ ਕੌਰ ਨਗਰ ਨੇ ਵੀ ਵਿਚਾਰ ਰੱਖੇ। ਇਸ ਮੌਕੇ ਬਲਜੀਤ ਕੌਰ ਉਗਰਾਹਾਂ, ਹਰਸ਼ਿੰਦਰ ਕੌਰ, ਸੁਮਨ ਲਤਾ ਨੇ ਲਖਵਿੰਦਰ ਮੱਲ੍ਹੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਨੇ ਕਿਹਾ ਕਿ ਤਿੱਖੀਆਂ ਚੁਣੌਤੀਆਂ ਨਾਲ਼ ਮੱਥਾ ਲਾਉਣ ਲਈ ਚੇਤਨਾ ਅਤੇ ਚਿੰਤਨ ਨਾਲ਼ ਜੁੜੇ ਰੰਗਮੰਚ ਦੀਆਂ ਨੀਹਾਂ ਮਜ਼ਬੂਤ ਕਰਨ ਦੀ ਲੋੜ ਹੈ। ਇਸ ਮੌਕੇ ਪਲਸ ਮੰਚ, ਮੰਚ ਰੰਗਮੰਚ ਅੰਮ੍ਰਿਤਸਰ, ਭਗਤ ਨਾਮਦੇਵ ਸੁਸਾਇਟੀ ਰੰਗ ਮੰਚ ਘੁਮਾਣ ਗੁਰਦਾਸਪੁਰ, ਨਵਚਿੰਤਨ ਕਲਾ ਮੰਚ ਬਿਆਸ, ਪੰਜਾਬ ਕਲਾ ਸੰਗਮ ਫਗਵਾੜਾ, ਮਾਨਵਤਾ ਕਲਾ ਮੰਚ ਨਗਰ, ਲੋਕ ਸੰਗੀਤ ਮੰਡਲੀ ਮਸਾਣੀ ਤੋਂ ਇਲਾਵਾ ਪੀਪਲਜ਼ ਵਾਇਸ, ਸਾਹਿਤ ਸਭਿਆਚਾਰ ਸੰਸਥਾ (ਫੁਲਕਾਰੀ), ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਆਦਿ ਸੰਸਥਾਵਾਂ ਨੇ ਸਹਿਯੋਗ ਦਿੱਤਾ।