ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਮਧਾਰੀ ਲਹਿਰ ਨੂੰ ਕਲੇਵਰ ’ਚ ਲੈਂਦਾ ਮਹਾਂਕਾਵਿ

06:50 AM Nov 24, 2023 IST

ਗੁਰਦੇਵ ਸਿੰਘ ਸਿੱਧੂ
ਇੱਕ ਪੁਸਤਕ - ਇੱਕ ਨਜ਼ਰ
ਆਜ਼ਾਦੀ ਘੁਲਾਟੀਏ ਅਤੇ ਸੰਪਾਦਕ ਸੰਤ ਇੰਦਰ ਸਿੰਘ ਚਕ੍ਰਵਰਤੀ ਪੰਜਾਬੀ ਦੇ ਬਹੁ-ਵਿਧਾਈ ਲੇਖਕ ਸਨ ਜਿਨ੍ਹਾਂ ਨੇ ਇਕਾਂਗੀ, ਮਹਾਂ-ਕਾਵਿ, ਜੀਵਨੀ, ਕਹਾਣੀ, ਯਾਤਰਾ ਆਦਿ ਸਾਹਿਤ ਰੂਪਾਂ ਦੀ ਰਚਨਾ ਕੀਤੀ ਹੈ। ਉਨ੍ਹਾਂ ਦੀਆਂ ਵੱਡ-ਆਕਾਰੀ ਰਚਨਾਵਾਂ ਤਿੰਨ ਮਹਾਂ-ਕਾਵਿ, ਹਿੰਦ ਦੀ ਚਾਦਰ, ਮਹਾਂ ਮਾਨਵ ਅਤੇ ਮਾਲਵੇਂਦ੍ਰ ਹਨ। ਪਹਿਲੇ ਵਿਚ ਤਿਆਗ-ਮੂਰਤ ਅਤੇ ਕੁਰਬਾਨੀ ਦੇ ਪੁੰਜ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਦੂਜੇ ਵਿਚ ਵਿਗਿਆਨਕ ਸਮਾਜਵਾਦ ਦੇ ਪਿਤਾਮਾ ਕਾਰਲ ਮਾਰਕਸ ਦੇ ਜੀਵਨ ਨੂੰ ਵਿਸ਼ਾ ਬਣਾਇਆ ਗਿਆ ਹੈ। ਸਾਲ 1957 ਵਿਚ ਨਵਯੁੱਗ ਪ੍ਰੈੱਸ, ਦਿੱਲੀ ਤੋਂ ਪ੍ਰਕਾਸ਼ਿਤ ‘ਮਾਲਵੇਂਦ੍ਰ’ ਨਾਮਧਾਰੀ ਸੰਪਰਦਾ ਦੇ ਸੰਸਥਾਪਕ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਉਨ੍ਹੀਂਵੀਂ ਸਦੀ ਦੇ ਪੂਰਬਾਰਧ ਦੌਰਾਨ ‘ਸੌ ਸਾਖੀ’ ਨਾਂ ਦੀ ਪੋਥੀ ਚਰਚਾ ਵਿਚ ਸੀ। ਇਸ ਵਿਚਲੀਆਂ ਸਾਖੀਆਂ ਨੂੰ ਭਵਿੱਖ-ਵਾਕ ਮੰਨਿਆ ਗਿਆ। ਇਸ ਵਿਚ ਨਾਮਧਾਰੀ ਸੰਪਰਦਾ ਅਤੇ ਇਸ ਦੇ ਸੰਸਥਾਪਕ ਬਾਰੇ ਵੀ ਇਸ਼ਾਰੇ ਕੀਤੇ ਗਏ ਸਨ। ਅਜਿਹੀ ਇਕ ਸਾਖੀ ਦੀਆਂ ਪੰਕਤੀਆਂ ਹਨ, ‘‘ਤਿਸ ਮਹਿੰ ਰਾਮ ਸਿੰਘ ਮਮਸਾਰ, ਦੇਸ ਮਾਲਵੇ ਮਹਿੰ ਅਵਤਾਰ’’, ਪ੍ਰਤੀਤ ਹੁੰਦਾ ਹੈ ਕਿ ਕਵੀ ਨੇ ਇਨ੍ਹਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਆਪਣੀ ਰਚਨਾ ਨੂੰ ‘ਮਾਲਵੇਂਦ੍ਰ’ ਨਾਉਂ ਦਿੱਤਾ।
ਇੰਦਰ ਸਿੰਘ ਚਕ੍ਰਵਰਤੀ ਦਾ ਦਾਦਕਾ ਅਤੇ ਨਾਨਕਾ ਦੋਵੇਂ ਪਰਿਵਾਰ ਟਕਸਾਲੀ ਕੂਕੇ ਸਨ ਜਿਸ ਕਾਰਨ ਇਸ ਸੰਪਰਦਾ ਨਾਲ ਸਾਂਝ ਉਨ੍ਹਾਂ ਨੂੰ ਗੁੜ੍ਹਤੀ ਵਿਚ ਹੀ ਮਿਲੀ। ਪਿੱਛੋਂ ‘‘ਜੁਆਨੀ ਦੀਆਂ ਦਹਿਲੀਜਾਂ ’ਤੇ ਪੈਰ ਧਰਨ ਸਮੇਂ ਹੀ ਸੰਤ ਜੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਸੇਵਾ ਵਿਖੇ ਸ੍ਰੀ ਭੈਣੀ ਸਾਹਿਬ ਆ ਗਏ’’ ਅਤੇ ਵਿਭਿੰਨ ਸੰਪਰਦਾਇਕ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਇਉਂ ਸਰੀਰਿਕ ਅਤੇ ਆਤਮਕ ਰੂਪ ਵਿਚ ਆਪਣੇ ਇਸ਼ਟ ਦੇਵ ਦੇ ਨਜ਼ਦੀਕ ਰਹਿਣ ਕਾਰਨ ‘‘ਚਕ੍ਰਵਰਤੀ ਜੀ ਦੀ ਰੂਹ ਵਿਚ’’, ਡਾਕਟਰ ਗੋਪਾਲ ਸਿੰਘ ਦੇ ਸ਼ਬਦਾਂ ਵਿਚ ‘‘ਇਹ (ਨਾਮਧਾਰੀ) ਇਤਿਹਾਸ ਹਲੂਲ ਹੋਇਆ ਹੋਇਆ’’ ਸੀ। ਬੇਸ਼ੱਕ ਮਹਾਂਕਾਵਿ ਇਕ ਵਿਅਕਤੀ ਨਾਮਧਾਰੀ ਸਤਿਗੁਰੂ ਰਾਮ ਸਿੰਘ ਦੀ ਜੀਵਨ-ਕਥਾ ਉੱਤੇ ਆਧਾਰਿਤ ਹੈ ਪਰ ਨਾਇਕ ਦੇ ‘ਧਰਿ, ਵੀਰ, ਮਹਾਨ ਆਦਰਸ਼-ਵਿਅਕਤੀ’ ਹੋਣ ਕਾਰਨ ਸੁਭਾਵਿਕ ਹੀ ਸਮੁੱਚੀ ਕੂਕਾ ਲਹਿਰ ਦੀ ਕਾਰਗੁਜ਼ਾਰੀ ਪੁਸਤਕ ਦੇ ਕਲੇਵਰ ਵਿਚ ਆ ਗਈ ਹੈ। ਡਾਕਟਰ ਮੋਹਣ ਸਿੰਘ ਦੀਵਾਨਾ ਦਾ ਇਹ ਕਥਨ ਸਹੀ ਹੈ ਕਿ ਇਸ ਰਚਨਾ ਵਿਚ ‘‘ਪੁੰਨ-ਪਾਪ, ਧਰਮ-ਗਿਆਨ, ਪਰੇਮ-ਭਗਤੀ, ਰਾਜ-ਨੀਤੀ, ਜਗ-ਜੋਗ, ਸੰਸਾ-ਨਵਿਰਤੀ, ਸਭ ਵੰਨਗੀਆਂ ਦੇ ਨਕਸ਼ੇ ਹਨ। ਸਮੁੱਚੇ ਤੌਰ ਉੱਤੇ ਇਹ ਉਸ ਲਹਿਰ ਦੀ ਲਹਿਰਾਉਂਦੀ ਸ਼ਬਦ ਮੂਰਤੀ ਹੈ।’’
ਕਵੀ ਨੇ ਆਪਣੀ ਰਚਨਾ ਨੂੰ 33 ਸਰਗਾਂ ਵਿਚ ਵੰਡਿਆ ਹੈ। ਕਵੀ ਆਪਣੇ ਇਸ਼ਟ ਦੀ ਅਰਾਧਨਾ ਨਾਲ ਰਚਨਾ ਸ਼ੁਰੂ ਕਰਨ ਪਿੱਛੋਂ ਪੰਜਾਬ ਅਤੇ ਇਸ ਦੇ ਵਾਸੀਆਂ ਦੀ ਵਿਲੱਖਣਤਾ ਬਿਆਨਦਾ ਹੈ। ਸੰਖੇਪ ਵਿਚ ਇਸ ਭੂਮੀ ਵਿਚ ਆਰੀਆ ਲੋਕਾਂ ਦੇ ਆਗਮਨ ਤੋਂ ਲੈ ਕੇ ਖਾਲਸਾ ਪੰਥ ਦੀ ਸਾਜਨਾ ਅਤੇ ਅੰਗਰੇਜ਼ੀ ਰਾਜ ਦੀ ਸਥਾਪਨਾ ਕਾਰਨ ਪੰਜਾਬ ਵਿਚ ਉਪਜੀ ਬੇਚੈਨੀ ਦਾ ਉਲੇਖ ਕੀਤਾ ਹੈ। ਇਉਂ ਹੀ ਅੰਤਲੇ ਸਰਗ ਵਿਚ ਸਤਿਗੁਰੂ ਰਾਮ ਸਿੰਘ ਦੇ ਅੰਤਲੇ ਸਮੇਂ ਬਾਰੇ ਅੰਗਰੇਜ਼ ਸਰਕਾਰ ਦੀ ਸਾਜ਼ਿਸ਼ੀ ਨੀਤੀ ਦਾ ਬਿਆਨ ਕਰਨ ਪਿੱਛੋਂ ‘ਮਾਲਵੇਂਦ੍ਰ’ ਦੀ ਰਚਨਾ-ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਹੈ। ਕਵੀ ਦੱਸਦਾ ਹੈ ਕਿ ‘‘ਖਰਚ ਹੋਏ ਨੇ ਇਸ ਤੇ, ਮੇਰੇ ਪੈਂਤੀ ਸਾਲ’’ ਅਤੇ ਇਸ ਅਰਸੇ ਦੌਰਾਨ ਉਸ ਨੇ ਆਪਣੇ ਵੱਡੇ ਵਡੇਰਿਆਂ ਤੋਂ ਜਾਣਕਾਰੀ ਲਈ ਅਤੇ ਨਾਲ ਹੀ ‘‘ਕੀਤੇ ਦਰਸ਼ਨ ਲੱਭ ਲੱਭ, ਬਿਰਧਾਂ ਦੇ ਲਏ ਬਿਆਨ।’’ ਇਨ੍ਹਾਂ ਬਿਰਧਾਂ ਵਿਚ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਸਤਿਗੁਰੂ ਰਾਮ ਸਿੰਘ ਨੂੰ ਸੱਦੇ ਜਾਣ ਉੱਤੇ ਉਨ੍ਹਾਂ ਨੂੰ ਗੱਡੇ ਉੱਤੇ ਬਿਠਾ ਕੇ ਲੁਧਿਆਣੇ ਲੈ ਕੇ ਜਾਣ ਵਾਲਾ ਮਹੰਤ ਗੁਰਦਿੱਤ ਸਿੰਘ, ਰੰਗੂਨ ਵਿਚ ਬੰਦੀ ਜੀਵਨ ਭੋਗ ਰਹੇ ਸਤਿਗੁਰੂ ਰਾਮ ਸਿੰਘ ਨੂੰ ਉੱਥੇ ਜਾ ਕੇ ਮਿਲਣ ਵਾਲਾ ਬਾਬਾ ਭਗਵਾਨ ਸਿੰਘ ਆਦਿ ਨਾਮਧਾਰੀ ਬਜ਼ੁਰਗ ਸ਼ਾਮਲ ਸਨ। ‘ਮਾਲਵੇਂਦ੍ਰ’ ਦੀ ਰਚਨਾ ਲਈ ਚਕ੍ਰਵਰਤੀ ਨੇ ਬਿਰਧਾਂ ਦੇ ਬਿਆਨਾਂ ਤੋਂ ਬਿਨਾਂ ਗਿਆਨੀ ਗਿਆਨ ਸਿੰਘ, ਬਾਬਾ ਸੁਮੇਰ ਸਿੰਘ, ਸੰਤ ਕਾਲਾ ਸਿੰਘ ਆਦਿ ਦੀਆਂ ਲਿਖਤਾਂ ਵਿਚੋਂ ਪ੍ਰਾਪਤ ਜਾਣਕਾਰੀ ਦੀ ਵਰਤੋਂ ਅਤੇ ਇਨ੍ਹਾਂ ਦੇ ਹਵਾਲੇ ਨਾਲ ਆਪਣੇ ਕਥਨ ਦੀ ਪੁਸ਼ਟੀ ਕੀਤੀ। ਉਸ ਨੇ ਇਸ ਬਾਰੇ ਪਦ-ਟਿੱਪਣੀ ਵਿਚ ਸੰਕੇਤ ਕਰਨ ਦੀ ਥਾਂ ਮੂਲ ਲਿਖਤ ਵਿਚ ਵੇਰਵਾ, ਉਹ ਵੀ ਕਾਵਿ ਰੂਪ ਵਿਚ, ਦਿੱਤਾ ਹੈ।
ਜੀਤ ਸਿੰਘ ‘ਸੀਤਲ’ ਅਨੁਸਾਰ ਮਾਲਵੇਂਦ੍ਰ ਵਿਚ ਇਸ ਤੋਂ ਬਿਨਾਂ ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਹੀਰਿਆਂ ਵਤ ਜੜੀਆਂ ਸਾਫ਼ ਦਿਸਦੀਆਂ ਹਨ।’’
ਬਾਬਾ ਰਾਮ ਸਿੰਘ ਜੀ ਨੇ ਨਾਮਧਾਰੀ ਪੰਥ ਦੀ ਸਾਜਨਾ 12 ਅਪਰੈਲ 1857 ਨੂੰ ਕੀਤੀ। ਕਵੀ ਨੇ ਉਨ੍ਹਾਂ ਦੇ ਇਸ ਤੋਂ ਪਹਿਲੇ ਜੀਵਨ ਨੂੰ ਬਸੰਤ ਆਗਮਨ ਤੇ ਗੁਰੂ ਅਵਤਾਰ, ਸਿੱਖ ਸੈਨਾ ਦੇ ਸੈਨਕ 1837 ਈ., ਭੈਣੀ ਸਾਹਿਬ, ਫੀਰੋਜ਼ਪੁਰ ਵਿਚ, ਮੁੜ ਸ੍ਰੀ ਭੈਣੀ ਸਾਹਿਬ ਅਤੇ ਹਜਰੋਂ ਦਾ ਦੌਰਾ ਨਾਮੀ ਛੇ ਸਰਗਾਂ ਵਿਚ ਲਿਖਿਆ ਹੈ। ਇਉਂ ਹੀ ਅੰਤਲੇ ਪੰਜ ਸਰਗ- ਦੇਸ਼ ਨਿਕਾਲਾ, ਪਰਾਗਰਾਜ ਦੇ ਕਿਲ੍ਹੇ ਵਿਚ, ਰੰਗੂਨ ਜੇਹਲ ਵਿਚ, ਬਾਬਾ ਦਰਬਾਰਾ ਸਿੰਘ ਰੰਗੂਨ ਵਿਚ ਅਤੇ ਮਰਗੋਈ ਵਿਚ - ਉਨ੍ਹਾਂ ਦੇ ਅੰਤਲੇ ਜੀਵਨ ਨਾਲ ਸੰਬੰਧਿਤ ਹਨ। ਵਿਚਕਾਰਲੇ ਸਰਗਾਂ ਵਿਚ ਬਾਬਾ ਰਾਮ ਸਿੰਘ ਦੇ ਜੀਵਨ ਸਮਾਚਾਰ ਦਰਜ ਕਰਦਿਆਂ ਮੁੱਖ ਮੁੱਖ ਘਟਨਾਵਾਂ ਜਿਵੇਂ ਮਾਲਵੇ ਦਾ ਦੌਰਾ ਅਤੇ ਮਾਈਆਂ ਨੂੰ ਅੰਮ੍ਰਿਤ, ਮੜ੍ਹੀਆਂ ਤੇ ਗੋਰਾਂ ਢਾਹੁਣੀਆਂ, ਅਨੰਦ ਦੀ ਮਰਯਾਦਾ - ਗੁਰੂ ਮਤ ਦਾ ਆਰੰਭ, ਰਾਜਨੀਤਕ ਸਰਗਰਮੀਆਂ, ਡਾਕ ਦਾ ਮਹਿਕਮਾ, ਅੰਮ੍ਰਿਤਸਰ ਦੀ ਦੀਵਾਲੀ, ਅੰਮ੍ਰਿਤਸਰ ਬੁੱਚੜ ਬੱਧ, ਰਾਇਕੋਟ ਦਾ ਸਾਕਾ, ਮਲੇਰਕੋਟਲੇ ਦਾ ਸਾਕਾ ਆਦਿ ਨੂੰ ਸੁਤੰਤਰ ਸਰਗਾਂ ਵਿਚ ਬਿਆਨ ਕੀਤਾ ਹੈ। ਡਾ. ਮੋਹਣ ਸਿੰਘ ਦੀਵਾਨਾ ਨੇ ਠੀਕ ਹੀ ਕਿਹਾ ਹੈ ਕਿ ‘‘ਸਮੁੱਚੇ ਤੌਰ ਉੱਤੇ ਇਹ (ਮਾਲਵੇਂਦ੍ਰ) ਓਸ ਲਹਿਰ ਦੀ ਲਹਿਰਾਉਂਦੀ ਸ਼ਬਦ ਮੂਰਤੀ ਹੈ।’’
ਵਿਸ਼ੇ ਦੀ ਵਿਸ਼ਾਲਤਾ ਦੇ ਨਾਲ ਨਾਲ ‘ਮਾਲਵੇਂਦ੍ਰ’ ਕਾਵਿ-ਗੁਣਾਂ ਨਾਲ ਵੀ ਓਤ ਪੋਤ ਹੈ। ਬੇਸ਼ੱਕ ਪਰੰਪਰਾ ਮਹਾਂ-ਕਾਵਿ ਨੂੰ ਇਕ ਹੀ ਛੰਦ ਵਿਚ ਲਿਖੇ ਜਾਣ ਦੀ ਬਣ ਚੁੱਕੀ ਸੀ ਪਰ ਚਕ੍ਰਵਰਤੀ ਨੇ ਇਸ ਨੂੰ ਉਲੰਘਦਿਆਂ ਕਈ ਛੰਦਾਂ ਦੀ ਵਰਤੋਂ ਕੀਤੀ ਹੈ ਜਿਨ੍ਹਾਂ ਵਿਚ ਸਿਰਖੰਡੀ, ਕਬਿੱਤ, ਕੋਰੜਾ, ਦਵਈਆ ਅਤੇ ਦੋਹਿਰਾ ਪ੍ਰਮੁੱਖ ਹਨ, ਕੁਝ ਬੰਦ ਮਿਰਜ਼ੇ ਦੀ ਸੱਦ ਦੇ ਤੋਲ ਵਿਚ ਵੀ ਲਿਖੇ ਗਏ ਹਨ ਜਿਸ ਨਾਲ ਰਸਿਕਤਾ ਪੈਦਾ ਹੋਈ ਹੈ। ਕਰਤਾਰ ਸਿੰਘ ਬਲੱਗਣ ਦੇ ਸ਼ਬਦਾਂ ਵਿਚ ‘‘ਮਾਲਵੇਂਦ੍ਰ ਵਿਚਲੀ ਛੰਦਾ ਬੰਦੀ ਇਹ ਦਸਦੀ ਏ ਕਿ ਚਕ੍ਰਵਰਤੀ ਜੀ ਦੀ ਕਾਵਿਕ-ਸੂਝ ਬੂਝ ਕਿੰਨੀ ਮਾਂਜੀ, ਧੋਤੀ ਤੇ ਨਿੱਤਰੀ ਹੋਈ ਏ।’’
ਵਿਦਵਾਨਾਂ ਦੀਆਂ ਉਪਰੋਕਤ ਟਿੱਪਣੀਆਂ ਦੇ ਸਨਮੁੱਖ ਇਸ ਦੇ ਕਾਵਿ-ਗੁਣਾਂ ਬਾਰੇ ਹੋਰ ਚਰਚਾ ਕਰਨ ਦੀ ਲੋੜ ਨਹੀਂ ਰਹਿੰਦੀ। ਫਿਰ ਵੀ ਪਾਠਕਾਂ ਦੀ ਜਗਿਆਸਾ ਪੂਰਤੀ ਵਾਸਤੇ ਦੋ ਉਦਾਹਰਨਾਂ ਪੇਸ਼ ਕਰਨੀਆਂ ਉਚਿਤ ਹਨ। ਪਹਿਲੀ ਗੱਲ ਇਹ ਕਿ ਕਵੀ ਕਿਸੇ ਦ੍ਰਿਸ਼ ਦਾ ਵਰਣਨ ਕਰਦਿਆਂ ਸ਼ਬਦਾਂ ਰਾਹੀਂ ਉਸ ਦ੍ਰਿਸ਼ ਨੂੰ ਮੂਰਤੀਮਾਨ ਕਰਨ ਦੇ ਪੂਰਨ ਸਮਰੱਥ ਹੈ। ਦ੍ਰਿਸ਼ ਦੇ ਪਿਛੋਕੜ ਵਿਚ ਭਾਵੇਂ ਕੁਦਰਤ ਹੋਵੇ ਜਾਂ ਕਿਸੇ ਵਿਅਕਤੀ, ਪਸ਼ੂ, ਪੰਛੀ ਦੀਆਂ ਅਦਾਵਾਂ ਹੋਣ। ਸੱਯਦ ਵਾਰਸ ਸ਼ਾਹ ਵੱਲੋਂ ਆਪਣੀ ਰਚਨਾ ‘ਹੀਰ’ ਵਿਚ ਸਵੇਰ ਸਮੇਂ ਦਾ ਕੀਤਾ ਚਿਤ੍ਰਨ ਪੰਜਾਬੀ ਪਾਠਕਾਂ ਦੀ ਸਿਮਰਤੀ ਦਾ ਹਿੱਸਾ ਬਣ ਚੁੱਕਿਆ ਹੈ। ਚਕ੍ਰਵਰਤੀ ਜੀ ਵੱਲੋਂ ਉਲੀਕਿਆ ਅੰਮ੍ਰਿਤ ਵੇਲੇ ਦਾ ਸ਼ਬਦ-ਚਿਤਰ ਕਿਸੇ ਪੱਖੋਂ ਉਸ ਤੋਂ ਘੱਟ ਨਹੀਂ। ਇਸ ਬਾਰੇ ਪੜ੍ਹੋ ਹੇਠ ਲਿਖੀਆਂ ਪੰਕਤੀਆਂ:
ਚੜ੍ਹੀ ਉਸ਼ੇਰ ਸੁਹਾਵਣੀ, ਆਈ ਨਵ ਪ੍ਰਭਾਤ
ਸੂਰਜ ਰਿਸ਼ਮਾਂ ਛੱਡੀਆਂ, ਕਿਰਣਾਂ ਆਖੀ ਝਾਤ
ਚੱਕੀਆਂ ਝੋਤੀਆਂ ਸੁਆਣੀਆਂ, ਲਈ ਮਧਾਣੀ ਪਾਇ
ਨ੍ਹਾਉਣ ਲਈ ਵਿਚ ਖੂਹ ਦੇ, ਡੋਲ ਦੇਇ ਪਲਮਾਇ
ਗੱਭਰੂ ਤੜਕੇ ਜਾਗ ਕੇ, ਹੋਏ ਉਠ ਤਿਆਰ
ਜੋਤੇ ਲਾਉਣੇ ਹਲਾਂ ਦੇ, ਲਏ ਨੇ ਬੈਲ ਸ਼ਿੰਗਾਰ
ਫੂਲ-ਬੰਸਜ਼ ਰਾਮ ਸਿੰਘ ਅਤੇ ਤ੍ਰਿਲੋਕ ਸਿੰਘ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੜ ਲੱਗ ਗਏ। ਗੁਰੂੁ ਜੀ ਨੇ ਉਨ੍ਹਾਂ ਨੂੰ ਲਿਖੇ ਹੁਕਮਨਾਮੇ ਵਿਚ ‘‘ਤੇਰਾ ਘਰੁ ਮੇਰਾ ਅਸੈ’’ ਦਾ ਵਰਦਾਨ ਦਿੱਤਾ। ਫੂਲਕੀਆਂ ਰਿਆਸਤਾਂ ਦੇ ਰਾਜੇ/ਮਹਾਰਾਜੇ ਸਿੱਖਾਂ ਦੀ ਹਮਦਰਦੀ ਜਿੱਤਣ ਲਈ ਗੁਰੂ ਜੀ ਦੀ ਇਸ ਬਖ਼ਸ਼ਿਸ਼ ਨੂੰ ਉਭਾਰਦੇ ਸਨ। ਇਨ੍ਹਾਂ ਰਿਆਸਤਾਂ ਵਿਚੋਂ ਪਟਿਆਲਾ ਰਿਆਸਤ ਨੇ ਕੂਕਾ ਲਹਿਰ ਦੇ ਉਭਾਰ ਨੂੰ ਦਬਾਉਣ ਵਿਚ ਅੰਗਰੇਜ਼ ਹਾਕਮਾਂ ਦਾ ਸਾਥ ਦਿੱਤਾ। ਇਸ ਪ੍ਰਸੰਗ ਵਿਚ ਕਵੀ ਦਸਮੇਸ਼ ਗੁਰੂ ਨੂੰ ਸੱਦਾ ਦਿੰਦਾ ਹੈ:
ਤੁਸਾਂ ਕਿਹਾ ਪਟਲੇਸ਼ ਨੂੰ, ਤੇਰਾ ਮੇਰਾ ਘਰ
ਪਤਾ ਤੇ ਲਓ ਓਹ ਘਰ ਅਜ, ਕੀ ਰਿਹਾ ਹੈ ਕਰ?
ਅਤੇ ਫਿਰ ਆਪ ਹੀ ਉੱਤਰ ਦਿੰਦਾ ਹੈ:
ਭਾਈਆਂ ਤੋਂ ਮੂੰਹ ਮੋੜ ਕੇ, ਮੰਨੀ ਗੈਰਾਂ ਈਨ
ਤੁਹਾਡਾ ਘਰ ਮਲੇਛ ਦੇ, ਹੋਇਆ ਅਜ ਅਧੀਨ
ਅੱਗੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਹੈ:
ਆਪਣੇ ਘਰ ਦੀ ਕੀ ਤੁਸੀਂ, ਨਹੀਂ ਲਵੋਗੇ ਸਾਰ
ਵੇਖੋ ਨਾ ਜ਼ਰਾ ਆਣ ਕੇ, ਵਗੀ ਜੋ ਰੱਬ ਦੀ ਮਾਰ
ਇਹ ਸੂਖਮ ਉਲਾਂਭਾ ਪਾਠਕ ਦੇ ਮਨ ਵਿਚ ਗੰਭੀਰ ਪ੍ਰਸ਼ਨ ਖੜ੍ਹੇ ਕਰਦਾ ਹੈ।
‘ਮਾਲਵੇਂਦ੍ਰ’ ਦੇ ਅਜਿਹੇ ਸਾਹਿਤਕ ਗੁਣਾਂ ਕਾਰਨ ਚਕ੍ਰਵਰਤੀ ਦੇ ਸਮਕਾਲੀ ਪੰਜਾਬੀ ਵਿਦਵਾਨਾਂ ਨੇ ਇਸ ਰਚਨਾ ਦੀ ਮੁਕਤ-ਕੰਠ ਸ਼ਲਾਘਾ ਕੀਤੀ। ਕਰਤਾਰ ਸਿੰਘ ਬਲੱਗਣ ਨੇ ਕਵੀ ਵੱਲੋਂ ਇਤਿਹਾਸ ਨੂੰ ਕਾਵਿ-ਰੂਪ ਵਿਚ ਬਿਆਨ ਕਰਨ ਵਿਚ ਸਫਲਤਾ ਪ੍ਰਾਪਤ ਕਰਨ ਦੀ ਪੁਸ਼ਟੀ ਕਰਦਿਆਂ ਲਿਖਿਆ ਹੈ, ‘‘ਚਕ੍ਰਵਰਤੀ ਨੇ ਜਿੱਥੇ ਇਸ ਇਤਿਹਾਸ ਨੂੰ ਕਾਵਿਕ ਰੰਗ ਦੇ ਕੇ ਸੁੰਦਰ ਬਣਾ ਦਿੱਤਾ ਏ, ਉੱਥੇ ਆਪਣੀ ਸਾਹਿਤਕ ਰੁਚੀ ਦੇ ਤੁਫੈਲ ਪਾਠਕ ਦੇ ਦਿਮਾਗ਼ ’ਤੇ ਭਾਰ ਨਹੀਂ ਪੈਣ ਦਿੱਤਾ।’’
ਨਾਮਧਾਰੀ ਵਿਦਵਾਨ ਸੰਤ ਨਿਧਾਨ ਸਿੰਘ ‘ਆਲਮ’ ਨੇ ਇੰਦਰ ਸਿੰਘ ਚਕ੍ਰਵਰਤੀ ਦੀ ਸਰਾਹਨਾ ਕਰਦਿਆਂ ਲਿਖਿਆ ਹੈ, ‘‘ਆਪ ਦੀ ਇਤਿਹਾਸਕ ਜਾਣਕਾਰੀ, ਵਿਦਵਤਾ ਅਤੇ ਲਿਖਣ ਸ਼ੈਲੀ ਦੀ ਨਾ ਕੇਵਲ ਨਾਮਧਾਰੀ ਹੀ ਸਰਾਹਨਾ ਕਰਦੇ ਹਨ ਸਗੋਂ ਗੈਰ-ਨਾਮਧਾਰੀ ਵੀ ਉਸ ਦੇ ਕਾਇਲ ਹਨ।’’
ਉੱਚ-ਪੱਧਰ ਦੀ ਸਾਹਿਤ ਰਚਨਾ ਹੋਣ ਦੇ ਬਾਵਜੂਦ ਇਸ ਨੂੰ ਸੰਪਰਦਾਈ ਪ੍ਰਵਾਨਗੀ ਨਹੀਂ ਸੀ ਮਿਲੀ। ਨਾਮਧਾਰੀ ਇਤਿਹਾਸ ਦੇ ਖੋਜੀ ਵਿਦਵਾਨ ਅਤੇ ਮਾਹਿਰ ਸ. ਸੁਵਰਨ ਸਿੰਘ ਵਿਰਕ ਨੇ ਇਸ ਦਾ ਕਾਰਨ ਦੱਸਦਿਆਂ ਲਿਖਿਆ ਹੈ, ‘‘ਕੁਝ ਇਤਿਹਾਸਕ ਤੱਥਾਂ ਦੀਆਂ ਉਕਾਈਆਂ ਅਤੇ ਕਿਤਾਬ ਦੇ ਨਾਮ ‘ਮਾਲਵੇਂਦ੍ਰ’ ਕਾਰਨ ਇਸ ਦੇ ਛਪਣ ’ਤੇ ਸਤਿਗੁਰੂ ਪਰਤਾਪ ਸਿੰਘ ਜੀ ਨੇ ਆਪਣੀ ਪ੍ਰਵਾਨਗੀ ਦੀ ਮੋਹਰ ਨਾ ਲਾਈ।’’ ਗ੍ਰੰਥ ਦੇ ਨਾਉਂ ਬਾਰੇ ਦੋ ਇਤਰਾਜ਼ ਸਨ। ਪਹਿਲਾ ਇਹ ਕਿ ‘‘ਮਾਲਵੇਂਦ੍ਰ ਦਾ ਅਰਥ ਹੈ ਕਿ ਮਾਲਵੇ ਦਾ ਰਾਜਾ। ਪਰ ਕੂਕਾ ਲਹਿਰ ਦੇ ਮਹਾਂ-ਨਾਇਕ, ਖੰਡਾਂ-ਬ੍ਰਹਿਮੰਡਾਂ ਦੇ ਮਾਲਕ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਇਕ ਹੀ ਇਲਾਕੇ ਜਾਂ ਖਿੱਤੇ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ।’’ ਦੂਜਾ ਇਤਰਾਜ਼ ਇਹ ਸੀ ਕਿ ‘‘ਮਾਲਵੇਂਦ੍ਰ ਬਹਾਦਰ ਇਕ ਖਿਤਾਬ ਸੀ ਜੋ ਭਾਰਤ ਦੀ ਅੰਗਰੇਜ਼ ਸਰਕਾਰ ਵੱਲੋਂ ਉਸ ਦੇ ਵਫ਼ਾਦਾਰ ਮਾਲਵੇ ਦੇ ਰਾਜਿਆਂ, ਰਜਵਾੜਿਆਂ ਨੂੰ ਦਿੱਤਾ ਜਾਂਦਾ ਸੀ ਅਤੇ ਇਹ ਰਾਜੇ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਨਾਮਿਆਂ ਅਨੁਸਾਰ ਅੰਗਰੇਜ਼ ਸਰਕਾਰ ਨੇ (ਦੇਸ਼ ਭਗਤ) ਕੂਕਿਆਂ ਦਾ ਲਹੂ ਪੀਣ ਤੇ ਲਾਏ ਸਨ।’’ ਇਸ ਮਹਾਂ-ਕਾਵਿ ਦੇ ਇਤਿਹਾਸਕ ਅਤੇ ਰੂਪਕ ਮਹੱਤਵ ਕਾਰਨ ਹੁਣ ਉਪਰੋਕਤ ਉਕਾਈਆਂ ਦੂਰ ਕਰਦਿਆਂ ਇਸ ਨੂੰ ਬਦਲਵੇਂ ਨਾਉਂ ‘ਵਿਸ਼ਵੇਂਦ੍ਰ’ (ਸੰਪਾਦਕ: ਸੁਵਰਨ ਸਿੰਘ ਵਿਰਕ; ਕੀਮਤ: 500 ਰੁਪਏ; ਨਾਮਧਾਰੀ ਦਰਬਾਰ, ਸ੍ਰੀ ਭੈਣੀ ਸਾਹਿਬ) ਅਧੀਨ ਪ੍ਰਕਾਸ਼ਿਤ ਕੀਤਾ ਗਿਆ ਹੈ। ਪੂਰਬਲੀ ਸੈਂਚੀ ਵਿਚ ਆਈਆਂ ਉਕਾਈਆਂ ਦੀ ਸੋਧ ਬਾਰੇ ਸੰਪਾਦਕ ਨੇ ਦੱਸਿਆ ਹੈ, ‘‘ਸੰਤ ਜੀ ਬਾਰੇ ਅੰਗਰੇਜ਼ ਸਰਕਾਰ ਦੇ ਰਿਕਾਰਡ ਵਿਚ ਆਈਆਂ ਜਾਣਕਾਰੀਆਂ ਦੇ ਅੰਗਰੇਜ਼ੀ ਵਿਚ ਹੋਣ ਕਾਰਨ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸਨ। ਬਹੁਤ ਸਾਰੇ ਕੂਕਿਆਂ ਬਾਰੇ ਅੰਗਰੇਜ਼ੀ ਦੇ ਦਸਤਾਵੇਜ਼ ‘ਮਾਲਵੇਂਦ੍ਰ’ ਛਪਣ ਤੋਂ ਬਾਅਦ ਹੀ ਆਮ ਪਾਠਕਾਂ ਤੱਕ ਉਪਲਬਧ ਹੋਏ ਹਨ। ਇਸ ਲਈ ਘਟਨਾਵਾਂ ਦੀਆਂ ਤਾਰੀਖਾਂ ਜਾਂ ਹੋਰ ਵੇਰਵਿਆਂ ਬਾਬਤ ਸੰਤ ਜੀ ਨੂੰ ਕੁਝ ਟਪਲੇ ਲੱਗਣੇ ਸੁਭਾਵਿਕ ਸਨ।’’
ਹੱਥਲੀ ਸੈਂਚੀ ਵਿਚ ਉਪਰੋਕਤ ਦੋਵਾਂ ਇਤਰਾਜ਼ਾਂ ਨੂੰ ਦੂਰ ਕਰ ਦਿੱਤਾ ਗਿਆ ਹੈ। ਸੰਪਾਦਕ ਦੇ ਲਿਖਣ ਅਨੁਸਾਰ ‘‘ਇਸ ਮਹਾਂ ਕਾਵਿ ਨੂੰ ਸਤਿਗੁਰੂ ਜੀ ਦੀ ਮਹਾਨ ਕੀਰਤੀ ਦੇ ਅਨੁਕੂਲ ‘ਵਿਸ਼ਵੇਂਦ੍ਰ’ ਨਾਮ ਦਿੱਤਾ ਗਿਆ ਹੈ।’’ ਇਉਂ ਹੀ ਖੋਜੀਆਂ ਦੇ ਹੱਥ ਲੱਗੇ ਨਵੇਂ ਦਸਤਾਵੇਜ਼ਾਂ ਦੀ ਛਾਣ ਬੀਣ ਕਰਕੇ ਪੂਰਬਲੀ ਐਡੀਸ਼ਨ ਵਿਚਲੀਆਂ ਉਕਾਈਆਂ ਨੂੰ ਪਦ-ਟਿੱਪਣੀਆਂ ਦੇ ਰੂਪ ਵਿਚ ਦੂਰ ਕਰ ਦਿੱਤਾ ਗਿਆ ਹੈ। ਸਵਾ ਦੋ ਸੌ ਪਦ-ਟਿੱਪਣੀਆਂ ਸੰਪਾਦਕ ਦੀ ਮਿਹਨਤ ਦਾ ਮੂੰਹ ਬੋਲਦਾ ਸਬੂਤ ਹਨ। ਇਉਂ ‘ਵਿਸ਼ਵੇਂਦ੍ਰ’ ਨਾਮਧਾਰੀ ਲਹਿਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਚਾਹਵਾਨ ਪਾਠਕਾਂ ਵਾਸਤੇ ਇਕ ਸਟੀਕ ਸਰੋਤ-ਪੁਸਤਕ ਬਣ ਗਈ ਹੈ।
ਸੰਪਰਕ: 94170-49417

Advertisement

Advertisement
Advertisement