ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਰਧਾ ਦਾ ਅੰਤਹੀਣ ਵਿਰਲਾਪ

07:29 AM Jul 07, 2024 IST

ਅਰਵਿੰਦਰ ਜੌਹਲ

Advertisement

ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਪਿੰਡ ਫੁਲਰਾਈ ਵਿੱਚ ਇਸ ਹਫ਼ਤੇ ਸਤਿਸੰਗ ਦੌਰਾਨ ਮਚੀ ਭਗਦੜ ਵਿੱਚ 121 ਵਿਅਕਤੀ ਮਾਰੇ ਗਏ। ਇਸ ਹਾਦਸੇ ਦਾ ਸ਼ਿਕਾਰ ਸਾਰੇ ਵਿਅਕਤੀ ਸਤਿਸੰਗ ਕਰਵਾਉਣ ਵਾਲੇ ਬਾਬੇ ਸੂਰਜਪਾਲ ਉਰਫ਼ ਭੋਲੇ ਬਾਬਾ ਉਰਫ਼ ਨਾਰਾਇਣ ਸਾਕਾਰ ਹਰੀ ਦੇ ਅਨਿੰਨ ਸ਼ਰਧਾਲੂ ਸਨ ਜੋ ਆਪਣੀ ਜ਼ਿੰਦਗੀ ਦੇ ਮਸਲਿਆਂ ਤੋਂ ਨਿਜਾਤ ਪਾਉਣ ਅਤੇ ਜੀਵਨ ਵਿੱਚ ਖੁਸ਼ਹਾਲੀ ਤੇ ਖ਼ੁਸ਼ੀਆਂ ਲਈ ਬਾਬੇ ਤੋਂ ਆਸ਼ੀਰਵਾਦ ਲੈਣ ਲਈ ਸਤਿਸੰਗ ਵਿੱਚ ਹਾਜ਼ਰੀ ਭਰਨ ਆਏ ਸਨ। ਜਾਟਵ (ਦਲਿਤ) ਭਾਈਚਾਰੇ ਨਾਲ ਸਬੰਧ ਰੱਖਦਾ ਇਹ ਬਾਬਾ ਇਸ ਗੱਲੋਂ ਹੋਰਾਂ ਬਾਬਿਆਂ ਤੋਂ ਵੱਖਰਾ ਸੀ ਕਿ ਇਸ ਨੇ ਨਾ ਤਾਂ ਆਪਣੀ ਕੋਈ ਵੈੱਬਸਾਈਟ ਬਣਾਈ ਸੀ ਅਤੇ ਨਾ ਹੀ ਉਸ ਦਾ ਕੋਈ ਸੋਸ਼ਲ ਮੀਡੀਆ ਅਕਾਊਂਟ ਸੀ। ਹੋਰ ਤਾਂ ਹੋਰ, ਉਸ ਦੇ ਕਿਸੇ ਆਸ਼ਰਮ ਵਿੱਚ ਸੀਸੀਟੀਵੀ ਕੈਮਰੇ ਵੀ ਨਹੀਂ ਸੀ ਲੱਗੇ ਹੋਏ। ਕਿਸੇ ਵੀ ਸੋਸ਼ਲ ਮੀਡੀਆ ਜਾਂ ਰਵਾਇਤੀ ਮੀਡੀਆ ’ਤੇ ਉਸ ਦੀਆਂ ਸਰਗਰਮੀਆਂ ਦੀ ਕਦੇ ਕੋਈ ਕਵਰੇਜ ਨਹੀਂ ਸੀ ਹੋਈ ਪਰ 2 ਜੁਲਾਈ ਵਾਲੇ ਦਿਨ ਬਾਬੇ ਦਾ ਸਤਿਸੰਗ ਸਾਡੇ ਰਵਾਇਤੀ ਅਤੇ ਸੋਸ਼ਲ ਮੀਡੀਆ ਚੈਨਲਾਂ ’ਤੇ ਚਰਚਾ ਦਾ ਕੇਂਦਰ ਰਿਹਾ ਤੇ ਉਹ ਵੀ ਗ਼ਲਤ ਕਾਰਨਾਂ ਕਰ ਕੇ। ਉਸ ਸਤਿਸੰਗ ਲਈ ਬਾਬੇ ਨੇ 80 ਹਜ਼ਾਰ ਲੋਕਾਂ ਦੇ ਇਕੱਠ ਲਈ ਪ੍ਰਸ਼ਾਸਨ ਤੋਂ ਪ੍ਰਵਾਨਗੀ ਲਈ ਸੀ ਪਰ ਮੀਡੀਆ ਰਿਪੋਰਟਾਂ ਅਨੁਸਾਰ ਉੱਥੇ ਕੋਈ ਦੋ ਤੋਂ ਢਾਈ ਲੱਖ ਦਾ ਇਕੱਠ ਹੋ ਗਿਆ। ਸ਼ਰਧਾਲੂਆਂ ਨੂੰ ‘ਗਿਆਨ-ਪ੍ਰਸ਼ਾਦ’ ਵੰਡਣ ਅਤੇ ਸਤਿਸੰਗ ਪੂਰਾ ਹੋਣ ਤੋਂ ਬਾਅਦ ਇਹ ਬਾਬਾ ਜਦੋਂ ਆਪਣੀ ਮਹਿੰਗੀ ਕਾਰ ’ਤੇ ਆਪਣੇ ਸੁਰੱਖਿਆ ਗਾਰਡਾਂ ਅਤੇ ਖ਼ਾਸ ਚੇਲਿਆਂ ਦੀਆਂ ਲਗਜ਼ਰੀ ਕਾਰਾਂ ਤੇ ਜੀਪਾਂ ਦੇ ਕਾਫ਼ਲੇ ਨਾਲ ਜਾ ਰਿਹਾ ਸੀ ਤਾਂ ਸ਼ਰਧਾਲੂ ਉਸ ਦੀ ਇੱਕ ਝਲਕ ਪਾਉਣ ਤੇ ਕਾਰਾਂ ਦੇ ਟਾਇਰਾਂ ਦੀ ਧੂੜ ਆਪਣੇ ਮੱਥੇ ਨਾਲ ਲਾਉਣ ਲਈ ਬਾਬੇ ਦੇ ਕਾਫ਼ਲੇ ਵੱਲ ਭੱਜ ਉੱਠੇ। ਬਾਹਰ ਜਾਣ ਦਾ ਰਾਹ ਤੰਗ ਸੀ ਅਤੇ ਸ਼ਰਧਾਲੂਆਂ ਦਾ ਸਮੁੰਦਰ ਬਹੁਤ ਵਿਸ਼ਾਲ। ਉੱਤੋਂ ਬਾਬੇ ਦੇ ਸੁਰੱਖਿਆ ਗਾਰਡ ਉਨ੍ਹਾਂ ਨੂੰ ਬਾਬੇ ਪਿੱਛੇ ਭੱਜਣ ਤੋਂ ਰੋਕਣ ਲੱਗੇ। ਬੱਸ ਉਸ ਮੌਕੇ ਫਿਰ ਅਜਿਹੀ ਭਗਦੜ ਮਚੀ ਕਿ ਬਹੁਤ ਸਾਰੀਆਂ ਔਰਤਾਂ ਵਿਧਵਾ ਹੋ ਗਈਆਂ, ਮਾਵਾਂ ਤੋਂ ਬੱਚੇ ਅਤੇ ਬੱਚਿਆਂ ਤੋਂ ਮਾਵਾਂ ਸਦਾ ਸਦਾ ਲਈ ਵਿਛੜ ਗਈਆਂ। ਕਈ ਘਰਾਂ ਦੇ ਇੱਕੋ ਇੱਕ ਕਮਾਊ ਜੀਅ ਦੀ ਇਸ ਭਗਦੜ ਦੌਰਾਨ ਜਾਨ ਚਲੀ ਗਈ। ਸੈਂਕੜੇ ਹੋਰ ਪੈਰਾਂ ਹੇਠ ਮਧੋਲੇ ਗਏ, ਕਈ ਸਾਹ ਘੁਟਣ ਕਾਰਨ ਮਾਰੇ ਗਏ, ਕਈ ਹੋਰ ਗੰਭੀਰ ਜ਼ਖ਼ਮੀ ਹੋ ਗਏ ਅਤੇ ਅੰਤ ਨੂੰ 121 ਜਾਨਾਂ ਇਸ ਸਤਿਸੰਗ ਦੀ ਭੇਟ ਚੜ੍ਹ ਗਈਆਂ। ਇਹ ਅੰਕੜਾ ਅਜੇ ਹੋਰ ਉੱਪਰ ਜਾ ਸਕਦਾ ਹੈ।
ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਚੈਨਲਾਂ ’ਤੇ ਇਸ ਭਗਦੜ ਦੀ ਕਵਰੇਜ ਦੇ ਦ੍ਰਿਸ਼ ਧੁਰ ਅੰਦਰ ਤੱਕ ਪ੍ਰੇਸ਼ਾਨ ਕਰਨ ਵਾਲੇ ਸਨ। ਇੱਕ ਮਾਂ ਆਪਣੀ ਮਰੀ ਹੋਈ ਧੀ ਮੋਢੇ ’ਤੇ ਚੁੱਕੀ ਜਾ ਰਹੀ ਸੀ। ਕਿਤੇ ਪਤੀ ਆਪਣੀ ਪਤਨੀ ਦੀ ਲਾਸ਼ ਕੋਲ ਬੈਠਾ ਵਿਰਲਾਪ ਕਰ ਰਿਹਾ ਸੀ, ਕਿਤੇ ਬੇਵੱਸ ਔਰਤ ਆਪਣੇ ਪਰਿਵਾਰ ਦੇ ਜੀਆਂ ਦੇ ਬੇਜਾਨ ਸਰੀਰਾਂ ਨੂੰ ਵਾਰ ਵਾਰ ਹਲੂਣ ਰਹੀ ਸੀ ਕਿ ਕਿਤੇ ਕਿਸੇ ਦੇ ਸਰੀਰ ’ਚੋਂ ਸਾਹ ਦੀ ਕੋਈ ਆਵਾਜ਼ ਆ ਜਾਵੇ। ਸ਼ਰਧਾਲੂਆਂ ਵੱਲੋਂ ‘ਪਰਮਾਤਮਾ’ ਅਤੇ ‘ਪ੍ਰਭੂ ਜੀ’ ਸੱਦੇ ਜਾਣ ਵਾਲੇ ਇਸ ਬਾਬੇ ਨੂੰ ਕੀ ਇਸ ਹਾਦਸੇ ਬਾਰੇ ਮਿੰਟਾਂ ਵਿੱਚ ਹੀ ਪਤਾ ਨਹੀਂ ਲੱਗਿਆ? ਪਰ ਨਾ ਬਾਬਾ ਰੁਕਿਆ ਤੇ ਮੁੜਿਆ। ਉਸ ਦੀਆਂ ਕਾਰਾਂ ਦਾ ਕਾਫ਼ਲਾ ਧੂੜ ਉਡਾਉਂਦਾ ਅੱਗੇ ਹੀ ਅੱਗੇ ਵਧਦਾ ਗਿਆ। ਉਸ ਦੇ ਮੋਏ ਅਤੇ ਅੱਧਮੋਏ ਸ਼ਰਧਾਲੂਆਂ ਨੂੰ ਬੇਜਾਨ ਬੋਰੀਆਂ ਦੀ ਤਰ੍ਹਾਂ ਟੈਂਪੂ, ਟਰੱਕਾਂ, ਟਰਾਲਿਆਂ ਵਿੱਚ ਲੱਦ ਕੇ ਨੇੜਲੇ ਛੋਟੇ ਛੋਟੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਪਰ ਉੱਥੇ ਨਾ ਲੋੜੀਂਦੇ ਡਾਕਟਰ ਤੇ ਨਰਸਾਂ ਸਨ ਅਤੇ ਨਾ ਹੀ ਬਾਕੀ ਜ਼ਰੂਰੀ ਸਾਜ਼ੋ-ਸਾਮਾਨ ਤੇ ਦਵਾਈਆਂ। ਚਾਰੇ ਪਾਸੇ ਕੁਰਲਾਹਟ ਸੀ, ਬੇਵੱਸੀ ਸੀ, ਚੀਖਾਂ ਸਨ, ਵਿਰਲਾਪ ਸੀ ਤੇ ... ... ...। ਪੁਲੀਸ ਨੇ ਬਾਬੇ ਦੇ ਆਸ਼ਰਮ ਨੂੰ ਘੇਰਾ ਪਾ ਲਿਆ। ‘ਹੁਕਮਾਂ’ ਦੀ ਪਾਲਣਾ ਕਰਦਿਆਂ ਕਈ ਮੰਤਰੀ ਅਤੇ ਆਲ੍ਹਾ ਅਫ਼ਸਰ ਘਟਨਾ ਸਥਾਨ ਵੱਲ ਦੌੜਾ ਦਿੱਤੇ ਗਏ ਪਰ ਬਾਬੇ ਦਾ ਕੋਈ ਥਹੁ ਪਤਾ ਨਹੀਂ ਸੀ। ਕਮਾਲ ਦੀ ਗੱਲ ਇਹ ਹੈ ਕਿ ਯੂਪੀ ਪੁਲੀਸ ਨੇ ਸਤਿਸੰਗ ਦੇ ਪ੍ਰਬੰਧਕਾਂ ਖ਼ਿਲਾਫ਼ ਜੋ ਐੱਫਆਈਆਰ ਦਰਜ ਕੀਤੀ ਹੈ, ਉਸ ਵਿੱਚ ਭੋਲੇ ਬਾਬਾ ਦੀ ਬਜਾਇ ਆਸ਼ਰਮ ਦੇ ਮੁੱਖ ਸੇਵਾਦਾਰ ਦੇਵਪ੍ਰਕਾਸ਼ ਮਧੂਕਰ ਅਤੇ ਹੋਰਨਾਂ ਦੇ ਨਾਂ ਮੁਲਜ਼ਮਾਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਹਨ। ਹਾਥਰਸ ਪੁਲੀਸ ਦੀ ਵਿਸ਼ੇਸ਼ ਟੀਮ ਨੇ ਸ਼ਨਿਚਰਵਾਰ ਨੂੰ ਦੇਵਪ੍ਰਕਾਸ਼ ਮਧੂਕਰ ਨੂੰ ਦਿੱਲੀ ਦੇ ਨਜਫ਼ਗੜ੍ਹ ਇਲਾਕੇ ਤੋਂ ਗਿ੍ਰਫ਼ਤਾਰ ਕੀਤਾ ਜਿਸ ਪਿੱਛੋਂ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਪੁਲੀਸ ਨੂੰ ਸ਼ੱਕ ਹੈ ਕਿ ਬਾਬੇ ਦੇ ਸਮਾਗਮ ਨੂੰ ਸਿਆਸੀ ਫੰਡਿੰਗ ਵੀ ਹੋਈ ਹੈ।
ਨਾ ਤਾਂ ਇਹ ਅਜਿਹੀ ਪਹਿਲੀ ਘਟਨਾ ਹੈ ਤੇ ਨਾ ਹੀ ਆਖ਼ਰੀ। ਹਰ ਵਾਰ ਪ੍ਰਸ਼ਾਸਨ ਦੀ ਅੱਖ ਹਾਦਸਾ ਵਾਪਰਨ ਤੋਂ ਬਾਅਦ ਖੁੱਲ੍ਹਦੀ ਹੈ। ਹਾਦਸੇ ਵਾਲੀ ਜਗ੍ਹਾ ਨਾ ਤਾਂ ਲੋੜੀਂਦੀ ਪੁਲੀਸ ਤਾਇਨਾਤ ਸੀ, ਨਾ ਸੁਚਾਰੂ ਆਵਾਜਾਈ ਲਈ ਕੋਈ ਪ੍ਰਬੰਧ ਅਤੇ ਨਾ ਹੀ ਐਮਰਜੈਂਸੀ ਦੀ ਸੂਰਤ ਵਿੱਚ ਮੈਡੀਕਲ ਸੇਵਾਵਾਂ। ਇਸ ਸਾਰੀ ਨਾਕਾਮੀ ਨੂੰ ਛੁਪਾਉਣ ਲਈ ਐੱਫਆਈਆਰ ਵਿੱਚ ਬਾਕਾਇਦਾ ਲਿਖਿਆ ਗਿਆ ਹੈ ਕਿ ਪ੍ਰਬੰਧਕਾਂ ਨੇ ਸਤਿਸੰਗ ’ਚ ਆਉਣ ਵਾਲੇ ਸ਼ਰਧਾਲੂਆਂ ਦੀ ਅਸਲ ਗਿਣਤੀ ਬਾਰੇ ਓਹਲਾ ਰੱਖਿਆ ਅਤੇ ਪੁਲੀਸ ਤੇ ਪ੍ਰਸ਼ਾਸਨ ਨੇ ਉਪਲਬਧ ਵਸੀਲਿਆਂ ਮੁਤਾਬਕ ਹਰ ਢੁੱਕਵੀਂ ਕਾਰਵਾਈ ਕੀਤੀ। ਏਨਾ ਵੱਡਾ ਹਾਦਸਾ ਵਾਪਰਨ ਅਤੇ ਪਰਿਵਾਰਕ ਜੀਆਂ ਨੂੰ ਗੁਆਉਣ ਤੋਂ ਬਾਅਦ ਵੀ ਉਸ ਦੇ ਸ਼ਰਧਾਲੂ ਇਸ ਹਾਦਸੇ ਲਈ ਬਾਬੇ ਨੂੰ ਜ਼ਿੰਮੇਵਾਰ ਨਹੀਂ ਮੰਨਦੇ। ਉਨ੍ਹਾਂ ਦਾ ਕਹਿਣਾ ਹੈ, ‘‘ਭੋਲੇ ਬਾਬਾ ਏਨੀ ਦੇਰ ਤੋਂ ਸਤਿਸੰਗ ਕਰ ਰਹੇ ਹਨ, ਅੱਜ ਤੱਕ ਕਦੇ ਕੋਈ ਕੀੜੀ ਵੀ ਨਹੀਂ ਮਰੀ। ਉਹ ਉਨ੍ਹਾਂ ਦਾ ‘ਭਗਵਾਨ’ ਹੈ ਅਤੇ ਉਹ ਉਸ ਦੇ ਆਸ਼ਰਮ ਵਿੱਚ ਸੇਵਾ ਕਰ ਕੇ ਉਸ ਦਾ ਕਰਜ਼ਾ ਉਤਾਰ ਰਹੇ ਹਨ।’’ ਬਾਬੇ ਦੇ ਸ਼ਰਧਾਲੂ ਵਧੇਰੇ ਕਰ ਕੇ ਗ਼ਰੀਬ ਤੇ ਦਲਿਤ ਸਮਾਜ ਨਾਲ ਸਬੰਧਿਤ ਹਨ ਜੋ ਗ਼ਰੀਬੀ, ਬੇਰੁਜ਼ਗਾਰੀ ਤੇ ਅਨਪੜ੍ਹਤਾ ਦੀ ਘੁੰਮਣਘੇਰੀ ਵਿੱਚ ਫਸੇ ਹੋਏ ਹਨ। ਚੀਜ਼ਾਂ ਨੂੰ ਤਰਕ ਦੀ ਕਸਵੱਟੀ ’ਤੇ ਪਰਖਣ ਲਈ ਉਨ੍ਹਾਂ ਕੋਲ ਸਿੱਖਿਆ ਦਾ ਚਾਨਣ ਨਹੀਂ। ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਤੇ ਚੁਣੌਤੀਆਂ ਤੋਂ ਕਿਵੇਂ ਪਾਰ ਪਾਉਣ। ਮਨ ਦੀ ਅਜਿਹੀ ਅਵਸਥਾ ’ਚ ਉਹ ਕਿਸੇ ਬਾਬੇ ਦੇ ਮਗਰ ਲੱਗ ਤੁਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਜਿਵੇਂ ਉਨ੍ਹਾਂ ਦੇ ਸਿਰੋਂ ਮੁਸ਼ਕਿਲਾਂ ਦਾ ਮਣਾਂ-ਮੂੰਹੀਂ ਭਾਰ ਉਤਰ ਗਿਆ ਅਤੇ ਸਾਰੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੇ ਕਥਿਤ ਰੂਹਾਨੀ ਜਾਂ ਅਧਿਆਤਮਕ ਗੁਰੂ ’ਤੇ ਜਾ ਪਈ ਹੈ। ਉਨ੍ਹਾਂ ਦੇ ਮਨ ਵਿੱਚ ਅੱਗੇ ਤੋਂ ਜੀਵਨ ਵਿੱਚ ਸਭ ਅੱਛਾ ਹੋਣ ਦੀ ਆਸ ਜਾਗ ਉੱਠਦੀ ਹੈ। ਅਜਿਹੇ ਬਾਬੇ ਤੇ ਅਧਿਆਤਮਕ ਗੁਰੂ ਤੁਹਾਡੇ ਮਨ ਦੇ ਡੂੰਘੇ ਕੋਨਿਆਂ ’ਚ ਪਈ ਅਸੁਰੱਖਿਆ ਤੇ ਖ਼ੌਫ਼ ਦੀ ਭਾਵਨਾ ’ਤੇ ਹੀ ਖੇਡਦੇ ਹਨ। ਇਸ ਮਾਮਲੇ ’ਚ ਕਈ ਵਾਰੀ ਪੜ੍ਹੇ-ਲਿਖੇ ਜਾਂ ਅਨਪੜ੍ਹ ਹੋਣ ਦਾ ਸਵਾਲ ਵੀ ਨਹੀਂ ਹੁੰਦਾ। ਬਹੁਤ ਸਾਰੇ ਪੜ੍ਹੇ-ਲਿਖੇ ਲੋਕ ਵੀ ਅਜਿਹੇ ਬਾਬਿਆਂ ਦੇ ਮਗਰ ਲੱਗ ਤੁਰਦੇ ਹਨ। ਆਪਣੇ ਅੰਦਰਲੀ ਅਸੁਰੱਖਿਆ ਤੋਂ ਪਾਰ ਪਾਉਣ ਲਈ ਤੁਹਾਨੂੰ ਧਰਵਾਸ ਦੀ ਲੋੜ ਹੁੰਦੀ ਹੈ ਅਤੇ ਅਜਿਹੇ ਬਾਬੇ ਇਸ ਲੋੜ ਨੂੰ ਪੂਰਾ ਕਰਦੇ ਹਨ।
ਸਾਡੇ ਦੇਸ਼ ਵਿੱਚ ‘ਬਾਬਿਆਂ ਦਾ ਸੱਭਿਆਚਾਰ’ ਪੁਰਾਣਾ ਹੈ ਜੋ ਛੇਤੀ ਕੀਤੇ ਖ਼ਤਮ ਹੋਣ ਵਾਲਾ ਨਹੀਂ। ਰਾਮ ਰਹੀਮ, ਚਿਨਮਯਾ ਨੰਦ ਅਤੇ ਬਾਪੂ ਆਸਾ ਰਾਮ ਜਿਹੇ ਬਾਬਿਆਂ ਦੇ ਕਾਰਨਾਮੇ ਕਿਸੇ ਤੋਂ ਛੁਪੇ ਹੋਏ ਨਹੀਂ। ਰਾਮ ਰਹੀਮ ਨੂੰ ਥੋੜ੍ਹੇ ਥੋੜ੍ਹੇ ਵਕਫ਼ੇ ਮਗਰੋਂ ਲੰਮੀ ਪੈਰੋਲ ਮਿਲਣ ’ਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਹਨ। ਸਿਆਸਤਦਾਨਾਂ ਵੱਲੋਂ ਅਜਿਹੇ ਬਾਬਿਆਂ ਦੀ ਕੀਤੀ ਜਾਂਦੀ ‘ਸਰਪ੍ਰਸਤੀ’ ਕਿਸੇ ਕੋਲੋਂ ਲੁਕੀ ਹੋਈ ਨਹੀਂ ਹੈ। ਇਨ੍ਹਾਂ ਬਾਬਿਆਂ ਦੇ ਸ਼ਰਧਾਲੂ ਸਿਆਸਤਦਾਨਾਂ ਲਈ ਵੱਡਾ ਵੋਟ-ਬੈਂਕ ਹਨ। ਇਹੀ ਕਾਰਨ ਹੈ ਕਿ ਬਹੁਤੀ ਵਾਰੀ ਇਨ੍ਹਾਂ ਦੀਆਂ ਆਪਹੁਦਰੀਆਂ, ਧੱਕੇਸ਼ਾਹੀਆਂ ਅਤੇ ਗ਼ੈਰਕਾਨੂੰਨੀ ਕਾਰਵਾਈਆਂ ਨੂੰ ਸਿਆਸਤਦਾਨ ਨਜ਼ਰਅੰਦਾਜ਼ ਹੀ ਨਹੀਂ ਕਰਦੇ ਸਗੋਂ ਖ਼ੁਦ ਇਨ੍ਹਾਂ ਨੂੰ ਮੱਥਾ ਟੇਕਣ ਵੀ ਜਾਂਦੇ ਹਨ। ਬਾਬਿਆਂ ਨੂੰ ਸਿਆਸੀ ਸ਼ਹਿ ਕਾਰਨ ਕਈ ਵਾਰ ਪ੍ਰਸ਼ਾਸਨ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ। ਪ੍ਰਸ਼ਾਸਨ ਦੀ ਇਸੇ ਬੇਵੱਸੀ ਕਾਰਨ ਬਾਬਿਆਂ ਦਾ ਇਹ ਕਾਰੋਬਾਰ ਲਗਾਤਾਰ ਵਧਦਾ-ਫੁੱਲਦਾ ਰਹਿੰਦਾ ਹੈ। ਅਸਲ ਵਿੱਚ ਬਾਬਿਆਂ ਦੇ ਕਾਰੋਬਾਰ ਦੇ ਨਾਲ ਨਾਲ ਸਿਆਸਤਦਾਨਾਂ ਦਾ ਵੋਟ-ਬੈਂਕ ਵੀ ਵਧਦਾ-ਫੁੱਲਦਾ ਹੈ। ਇਉਂ ਸ਼ਰਧਾ ਅਤੇ ਵੋਟ-ਬੈਂਕ ਦਾ ਇਹ ਅਮੁੱਕ ਚੱਕਰ ਘੁੰਮਦਾ ਰਹਿੰਦਾ ਹੈ। ਦੋਵੇਂ ਧਿਰਾਂ ਇਸ ਤੋਂ ਲਾਹਾ ਲੈਂਦੀਆਂ ਹਨ ਪਰ ਨੁਕਸਾਨ ਸਿਰਫ਼ ਸ਼ਰਧਾਲੂਆਂ ਤੇ ਵੋਟਰਾਂ ਦਾ ਹੁੰਦਾ ਹੈ। ਅੰਤ ’ਚ ਉਨ੍ਹਾਂ ਦੇ ਪੱਲੇ ਪੀੜਾਂ, ਦੁੱਖ ਤੇ ਨਿਰਾਸ਼ਾ ਹੀ ਪੈਂਦੇ ਹਨ।
ਇਹ ਸਭ ਕੁਝ ਆਪਣੀ ਥਾਂ ਹੈ ਪਰ ਇਸ ਮਾਮਲੇ ’ਚ ਹਕੀਕਤ ਸ਼ਨਿੱਚਰਵਾਰ ਨੂੰ ਬਾਬੇ ਸੂਰਜਪਾਲ ਦੇ ਏਐੱਨਆਈ ਨੂੰ ਜਾਰੀ ਕੀਤੇ ਵੀਡੀਓ ਬਿਆਨ ਤੋਂ ਇਕਦਮ ਸਾਫ਼ ਹੋ ਜਾਂਦੀ ਹੈ ਜਿੱਥੇ ਉਹ ਇਸ ਘਟਨਾ ਲਈ ਕੋਈ ਵੀ ਜ਼ਿੰਮੇਵਾਰੀ ਲੈਣੀ ਤਾਂ ਦੂਰ ਦੀ ਗੱਲ, ਉੱਤੋਂ ਇਹ ਕਹਿੰਦਾ ਸੁਣਾਈ ਦਿੰਦਾ ਹੈ, ‘‘ਇਹ ਘਟਨਾ ਵਾਪਰਨ ਕਾਰਨ ਮੈਂ ਡੂੰਘੇ ਸਦਮੇ ’ਚ ਹਾਂ। ਪਰਮਾਤਮਾ ਸਾਨੂੰ ਇਹ ਦੁੱਖ ਝੱਲਣ ਦਾ ਬਲ ਬਖ਼ਸ਼ੇ। ਸਰਕਾਰ ਅਤੇ ਪ੍ਰਸ਼ਾਸਨ ’ਤੇ ਯਕੀਨ ਰੱਖੋ। ਮੈਨੂੰ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਕਿਸੇ ਵੀ ਗੁਨਾਹਗਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।’’
ਕੌਣ ਹੈ ਇਸ ਹਾਦਸੇ ਦਾ ਅਸਲ ਗੁਨਾਹਗਾਰ? ਪ੍ਰਸ਼ਾਸਨ ਜਾਂ ਸਰਕਾਰ ਅਤੇ ਜਾਂ ਫਿਰ ਬਾਬੇ ਦੇ ਸ਼ਰਧਾਲੂ ਜਾਂ ਬਾਬਾ। ਇਸ ਦਾ ਨਿਤਾਰਾ ਤਾਂ ਕਰਨਾ ਹੀ ਪੈਣਾ ਹੈ। ਕਿਸੇ ਦੀ ਜ਼ਿੰਮੇਵਾਰੀ ਤਾਂ ਤੈਅ ਕੀਤੀ ਜਾਣੀ ਬਣਦੀ ਹੈ। ਇੱਕ-ਦੂਜੇ ’ਤੇ ਜ਼ਿੰਮੇਵਾਰੀ ਨਹੀਂ ਸੁੱਟੀ ਜਾ ਸਕਦੀ। ਸਭ ਤੋਂ ਪਹਿਲਾਂ ਪ੍ਰਸ਼ਾਸਨ ਇਸ ਗੱਲੋਂ ਨਾਕਾਮ ਹੋਇਆ ਕਿ ਉਸ ਨੇ ਏਨੀ ਵੱਡੀ ਗਿਣਤੀ ਸ਼ਰਧਾਲੂਆਂ ਨੂੰ ਇਕੱਠੇ ਕਰਨ ਦੀ ਮਨਜ਼ੂਰੀ ਬਿਨਾਂ ਢੁੱਕਵੇਂ ਪ੍ਰਬੰਧਾਂ ਤੋਂ ਦਿੱਤੀ ਅਤੇ ਉਸ ਤੋਂ ਵੀ ਵੱਧ ਅਣਗਹਿਲੀ ਇਹ ਕਿ 80 ਹਜ਼ਾਰ ਦੀ ਮਨਜ਼ੂਰੀ ਵਾਲੇ ਸਥਾਨ ’ਤੇ ਢਾਈ ਲੱਖ ਤੋਂ ਵੱਧ ਸ਼ਰਧਾਲੂ ਕਿਵੇਂ ਪਹੁੰਚ ਗਏ। ਕੀ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਨਹੀਂ ਸੀ ਕਿ ਉਹ ਸਥਿਤੀ ’ਤੇ ਲਗਾਤਾਰ ਨਜ਼ਰ ਰੱਖਦਾ। ਹਜ਼ਾਰਾਂ ਤੋਂ ਲੱਖਾਂ ਦੀ ਗਿਣਤੀ ’ਚ ਬਦਲਦੇ ਸ਼ਰਧਾਲੂ ਪ੍ਰਸ਼ਾਸਕੀ ਮਸ਼ੀਨਰੀ ਦੀ ਨਜ਼ਰ ’ਚ ਆਏ ਬਗ਼ੈਰ ਤਾਂ ਇਕੱਠੇ ਨਹੀਂ ਸੀ ਹੋ ਸਕਦੇ। ਜ਼ਾਹਿਰ ਹੈ ਕਿ ਬਾਬੇ ਦੀ ਸਿਆਸੀ ਪਹੁੰਚ ਅੱਗੇ ਪ੍ਰਸ਼ਾਸਨ ਬੇਵੱਸ ਸੀ ਤੇ ਉਸ ਨੇ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਬੰਦ ਕਰੀ ਰੱਖੀਆਂ ਜਿਸ ਦੇ ਸਿੱਟੇ ਵਜੋਂ ਇਹ ਦੁਖਾਂਤ ਵਾਪਰਿਆ ਤੇ ਸ਼ਰਧਾ ਦੇ ਰਾਹ ਤੁਰ ਕੇ ਆਉਣ ਵਾਲੇ ਮੌਤ ਦੇ ਮੂੰਹ ਜਾ ਪਏ।

Advertisement
Advertisement