ਯਮੁਨਾਨਗਰ ’ਚ ਰਗਬੀ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ
ਦਵਿੰਦਰ ਸਿੰਘ
ਯਮੁਨਾਨਗਰ, 16 ਨਵੰਬਰ
ਵਿਦਿਅਕ ਸੰਸਥਾਵਾਂ ਵਿੱਚ ਰਗਬੀ ਨੂੰ ਉਤਸ਼ਾਹਿਤ ਕਰਨ ਲਈ ਗੁਰੂ ਨਾਨਕ ਖਾਲਸਾ ਵਿਦਿਅਕ ਸੰਸਥਾਵਾਂ ਨੇ ਅਭਿਨੇਤਾ, ਕਾਰਕੁਨ ਅਤੇ ਭਾਰਤੀ ਰਗਬੀ ਫੁਟਬਾਲ ਯੂਨੀਅਨ (ਆਈਆਰਐੱਫਯੂ) ਦੇ ਪ੍ਰਧਾਨ ਰਾਹੁਲ ਬੋਸ ਦੀ ਮੇਜ਼ਬਾਨੀ ਕੀਤੀ। ਰਾਹੁਲ ਬੋਸ ਦੇ ਨਾਲ ਗੁਰੂ ਨਾਨਕ ਖਾਲਸਾ ਵਿਦਿਅਕ ਸੰਸਥਾਵਾਂ ਗਰੁੱਪ ਦਾ ਇੱਕ ਵੱਕਾਰੀ ਵਫ਼ਦ ਵੀ ਸੀ। ਇਸ ਵਿੱਚ ਰਣਦੀਪ ਸਿੰਘ ਜੌਹਰ ਚੇਅਰਮੈਨ ਅਤੇ ਪ੍ਰਬੰਧਕੀ ਕਮੇਟੀ ਦੇ ਹੋਰ ਮੈਂਬਰ ਅਮਰਦੀਪ ਸਿੰਘ ਵਿੱਤ ਸਕੱਤਰ, ਡਾ. ਪੀਰ ਗੁਲਾਮ ਨਬੀ ਸੁਹੇਲ, ਜਮਨਾ ਆਟੋ ਇੰਡਸਟ੍ਰੀਜ਼ ਦੇ ਚੀਫ਼ ਆਪਰੇਟਿੰਗ ਅਫਸਰ ਅਤੇ ਕੰਪਨੀ ਦੇ ਸਮਾਜਿਕ ਸਰੋਕਾਰਾਂ ਦੀ ਮੁਖੀ ਮੈਡਮ ਸਨਯਮ ਮਰਾਠਾ ਮੁੱਖ ਰੂਪ ਵਿੱਚ ਸ਼ਾਮਲ ਸਨ। ਕਾਲਜ ਕੈਂਪਸ ਵਿੱਚ ਰਗਬੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਏ ਸਮਾਗਮ ਵਿੱਚ ਵਿਦਿਆਰਥੀਆਂ ਅਤੇ ਵਫ਼ਦ ਦਰਮਿਆਨ ਇੱਕ ਪ੍ਰੇਰਨਾਦਾਇਕ ਚਰਚਾ ਦੇਖਣ ਨੂੰ ਮਿਲੀ। ਰਾਹੁਲ ਬੋਸ ਨੇ ਯਮੁਨਾਨਗਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਰਗਬੀ ਨੂੰ ਲਾਗੂ ਕਰਨ ਲਈ ਅਪਣਾਈਆਂ ਰਣਨੀਤੀਆਂ ਦੀ ਰੂਪ ਰੇਖਾ ਉਲੀਕਣ ਲਈ ਕਾਲਜ ਦੇ ਪ੍ਰਬੰਧਕਾਂ ਸਣੇ ਕਾਲਜ ਦੇ ਰਗਬੀ ਖਿਡਾਰੀਆਂ ਨਾਲ ਗੱਲਬਾਤ ਕੀਤੀ। ਇਸ ਸਮਾਗਮ ਦਾ ਰਸਮੀ ਸਵਾਗਤ ਗੁਰੂ ਨਾਨਕ ਖਾਲਸਾ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਪ੍ਰਤਿਮਾ ਸ਼ਰਮਾ ਅਤੇ ਗੁਰੂ ਨਾਨਕ ਇੰਸਟੀਚਿਊਟ ਆਫ਼ ਟੈਕਨਾਲੋਜੀ ਐਂਡ ਮੈਨੇਜਮੈਂਟ ਦੇ ਡਾਇਰੈਕਟਰ ਡਾ. ਅਮਿਤ ਜੋਸ਼ੀ ਨੇ ਕੀਤਾ। ਇਸ ਦੌਰਾਨ ਰਾਹੁਲ ਬੋਸ ਨੇ ਕਾਲਜ ਦੇ ਸਾਰੇ ਖੇਡ ਮੈਦਾਨ, ਤੇਜਲੀ ਸਪੋਰਟਸ ਗਰਾਊਂਡ ਯਮੁਨਾਨਗਰ ਦਾ ਵੀ ਦੌਰਾ ਕੀਤਾ। ਇਸ ਸਮਾਗਮ ਦਾ ਮੁੱਖ ਵਿਸ਼ਾ ਸੈਸ਼ਨ 2023-24 ਲਈ ਖੇਡ ਗਤੀਵਿਧੀਆਂ ਦੀ ਸਾਲਾਨਾ ਰਿਪੋਰਟ ਜਾਰੀ ਕਰਨਾ ਸੀ। ਪ੍ਰੋਗਰਾਮ ਵਿੱਚ ਡਾ. ਰਣਜੀਤ ਸਿੰਘ, ਡਾ. ਤਿਲਕ ਰਾਜ, ਡਾ. ਪਾਇਲ ਲਾਂਬਾ, ਪ੍ਰੋਫੈਸਰ ਸੀਮਾ, ਡਾ. ਅਰੁਣ, ਪ੍ਰੋਫੈਸਰ ਸ਼ਿਵ, ਪ੍ਰਮੋਦ ਹਾਜ਼ਰ ਸਨ।
ਗੀਤਾ ਵਿਦਿਆ ਮੰਦਰ ਵਿੱਚ ਖੇਡ ਦਿਵਸ ਮਨਾਇਆ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਇੱਥੇ ਗੀਤਾ ਵਿਦਿਆ ਮੰਦਰ ਵਿੱਚ ਦੋ ਰੋਜ਼ਾ ਖੇਡ ਦਿਵਸ ਸਮਾਗਮ ਕਰਵਾਇਆ ਗਿਆ ਜਿਸ ਦਾ ਉਦਘਾਟਨ ਸਕੂਲ ਦੇ ਪ੍ਰਧਾਨ ਆਸ਼ੂਤੋਸ਼ ਗਰਗ, ਮੈਨੇਜਰ ਅਮਿਤ ਅਗਰਵਾਲ, ਮੀਤ ਪ੍ਰਧਾਨ ਸੁਰਿੰਦਰ ਸੈਣੀ, ਡਾ. ਹਿਮਾਂਸ਼ੂ, ਰਚਿਤਾ ਕੰਸਲ ਅਤੇ ਪ੍ਰਿੰਸੀਪਲ ਨਿਸ਼ਾ ਗੋਇਲ ਆਦਿ ਨੇ ਕੀਤਾ। ਸਕੂਲ ਦੇ ਪ੍ਰਧਾਨ ਆਸ਼ੂਤੋਸ਼ ਗਰਗ ਨੇ ਕਿਹਾ ਕਿ ਕਿ ਸਕੂਲ ਵਿਚ ਖੇਡਾਂ ਦੇ ਨਾਲ ਨਾਲ ਬੱਚਿਆਂ ਨੂੰ ਸੰਸਕ੍ਰਿਤੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿਚ ਚਾਰ ਪੈਨਲ, 2 ਪ੍ਰਾਜੈਕਟ ਸਮਾਰਟ ਕਲਾਸਾਂ , 2 ਐਲਈਡੀ ਲਗਾ ਕੇ ਬੱਚਿਆਂ ਨੂੰ ਆਧੁਨਿਕ ਤਕਨੀਕ ਨਾਲ ਜੋੜ ਕੇ ਸਿੱਖਿਆ ਪ੍ਰਦਾਨ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਜਿੱਤ ਜਾਂ ਹਰ ਕੋਈ ਮਾਇਨੇ ਨਹੀਂ ਰਖੱਦੀ ਤੇ ਖੇਡ ਦਾ ਆਨੰਦ ਮਾਣੋ। ਸਕੂਲ ਪ੍ਰਿੰਸੀਪਲ ਨੇਹਾ ਗੋਇਲ ਨੇ ਕਿਹਾ ਕਿ ਅਸਫਲਤਾ ਕੋਈ ਵੱਡੀ ਗੱਲ ਨਹੀਂ ਹੈ ਅਸਫਲਤਾ ਤੋਂ ਬਾਅਦ ਦੁਬਾਰਾ ਕੋਸ਼ਿਸ਼ ਕਰਨਾ ਜ਼ਰੂਰੀ ਹੈ। ਖੇਡਾਂ ਵਿਚ ਜੋ ਬੱਚੇ ਹਿੱਸਾ ਲੈ ਰਹੇ ਹਨ ਉਨ੍ਹਾਂ ਦੀ ਆਪਣੇ ਆਪ ਵਿਚ ਮਹੱਤਤਾ ਹੈ ।ਖੇਡਾਂ ਸਾਡਾ ਮਾਨਸਿਕ ਤੇ ਸਰੀਰਕ ਸ਼ਕਤੀਆਂ ਦਾ ਵਿਕਾਸ ਕਰਦੀਆਂ ਹਨ। ਇਸ ਮੌਕੇ ਸ਼ਿਸ਼ੁੂ ਵਾਟਿਕਾ ਦੇ ਬੱਚਿਆਂ ਵਲੋਂ ਡਾਂਸ ਪੇਸ਼ ਕੀਤਾ ਗਿਆ। ਅੱਜ ਦੀਆਂ ਖੇਡਾਂ ਵਿਚ 6ਵੀਂ 7ਵੀਂ 8ਵਂ ,9ਵੀਂ ਦੇ ਬੱਚਿਆਂ ਨੇ ਕਬੱਡੀ ਵਿਚ ਹਿੱਸਾ ਲਿਆ। ਇਸ ਤੋਂ ਇਲਾਵਾ ਲੈਮਨ ਰੇਸ, ਬੈਲੂਨ ਰੇਸ, ਬੁਕ ਰੇਸ, ਖੋ ਖੋ, ਪੀਟੀ ਆਦਿ ਮੁਕਾਬਲੇ ਕਰਾਏ ਗਏ। ਇਸ ਤੋਂ ਇਲਾਵਾ 9ਵੀਂ ਤੇ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ 100 ਮੀਟਰ ਦੌੜ ਮੁਕਾਬਲੇ ਕਰਵਾਏ ਗਏ।