ਪਰਵਾਸ ਦੇ ਸੰਕਟ ਅਤੇ ਦੁਸ਼ਵਾਰੀਆਂ ਦਾ ਬਿਰਤਾਂਤ
ਬਲਦੇਵ ਸਿੰਘ ਸੜਕਨਾਮਾ
ਭਾਰਤ ਦੇ ਦੁਨੀਆ ਦਾ ਸਰਵ-ਸ੍ਰੇਸ਼ਟ ਮੁਲਕ ਜਾਂ ਵਿਸ਼ਵ ਗੁਰੂ ਬਣਨ ਦੇ ਦਾਅਵੇ ਬੜੇ ਠੋਕ ਵਜਾ ਕੇ ਕੀਤੇ ਜਾ ਰਹੇ ਹਨ ਪਰ ਇੱਥੋਂ ਦਾ ਨੌਜਵਾਨ ਵਰਗ ਬੇਰੁਜ਼ਗਾਰੀ ਤੋਂ ਮਾਯੂਸ ਅਤੇ ਨਿਰਾਸ਼ ਹੋ ਕੇ ਪਰਵਾਸ ਕਰਨ ਲਈ ਮਜਬੂਰ ਹੈ। ਆਰਥਿਕ, ਸਮਾਜਿਕ ਜਾਂ ਸਿਆਸੀ ਕਾਰਨਾਂ ਕਰਕੇ ਕਾਨੂੰਨੀ, ਗ਼ੈਰ-ਕਾਨੂੰਨੀ ਡੌਂਕੀਆਂ ਰਾਹੀਂ ਵਿਦੇਸ਼ਾਂ ਵਿੱਚ ਵਸਣ ਦੀ ਹੋੜ ਲੱਗੀ ਹੋਈ ਹੈ। ਬੱਚੇ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ਾਂ ਵਿੱਚ ਪੱਕੇ ਪੈਰੀਂ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਮਾਂ-ਬਾਪ ਅਤੇ ਰਿਸ਼ਤੇਦਾਰ ਵੀ ਵਸਦੇ-ਰਸਦੇ ਘਰਾਂ ਨੂੰ ਤਾਲੇ ਲਾ ਕੇ ਜਹਾਜ਼ ਚੜ੍ਹਨ ਦੀ ਲਾਲਸਾ ਪਾਲ ਲੈਂਦੇ ਹਨ। ਦੋ ਸੱਭਿਆਚਾਰਾਂ ’ਚ ਫਸੇ ਇਹ ਲੋਕ ਕਿਵੇਂ ਦੁਸ਼ਵਾਰੀਆਂ, ਜੁੜਦੇ ਟੁੱਟਦੇ ਰਿਸ਼ਤਿਆਂ ਦਾ ਸੰਤਾਪ ਭੋਗਦੇ, ਕਿਵੇਂ ਆਪਣੇ ਹੀ ਆਪਣਿਆਂ ਨਾਲ ਬੇਗ਼ਾਨਗੀ ਈਰਖਾ, ਵੈਰ, ਸਾੜਾ ਤੇ ਵਿਤਕਰੇ ਦੇ ਭਾਵ ਰੱਖਦੇ ਹਨ ਅਤੇ ਕਈ ਵਾਰ ਆਰਥਿਕ ਤੇ ਮਾਨਸਿਕ ਸ਼ੋਸ਼ਣ ਵੀ ਕਰਦੇ ਹਨ। ਇਹ ਤਮਾਮ ਪ੍ਰਭਾਵ ਡਾ. ਜਸਵਿੰਦਰ ਸਿੰਘ ਦੇ ਨਵੇਂ ਨਾਵਲ ‘ਸੁਰਖ਼ ਸਾਜ਼’ (ਕੀਮਤ: 350 ਰੁਪਏ; ਗਰੇਸ਼ੀਅਸ ਬੁਕਸ, ਪਟਿਆਲਾ) ਦੇ ਪਾਠ ਉਪਰੰਤ ਪਾਠਕ ਮਹਿਸੂਸ ਕਰਦਾ ਹੈ।
ਪਰਾਵਸੀ ਲੇਖਕ ਉੱਥੋਂ ਦੀ ਰਹਿਤਲ, ਵਸੇਬ ਅਤੇ ਸੱਭਿਆਚਾਰਕ ਵਖਰੇਵੇਂ ਨੂੰ ਆਪਣੀਆਂ ਕਿਰਤਾਂ ਵਿੱਚ ਤਾਂ ਦਰਸਾਉਂਦੇ ਹਨ ਹੀ, ਹੁਣ ਪੰਜਾਬ ਜਾਂ ਭਾਰਤ ਦੇ ਲੇਖਕ ਜਿਹੜੇ ਅਕਸਰ ਵਿਦੇਸ਼ਾਂ ਵਿੱਚ ਚੱਕਰ ਲਾਉਂਦੇ ਰਹਿੰਦੇ ਹਨ, ਵੀ ਗ੍ਰਹਿਣ ਕੀਤੇ ਨਵੇਂ ਅਨੁਭਵਾਂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਉਣ ਲੱਗੇ ਹਨ। ਨਾਵਲ ‘ਸੁਰਖ਼ ਸਾਜ਼’ ਵੀ ਅਜਿਹੇ ਅਨੁਭਵਾਂ ਵਿੱਚੋਂ ਨਿਕਲਿਆ ਹੈ।
ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨ ਸੁਪਨੇ ਲੈ ਕੇ ਜਾਂਦੇ ਹਨ। ਉੱਥੋਂ ਦੀ ਧਰਤੀ ’ਤੇ ਉੱਤਰਦਿਆਂ ਹੀ ਹਕੀਕਤ ਨਾਲ ਸਾਹਮਣਾ ਹੁੰਦਾ ਹੈ। ਉੱਥੇ ਕੱਚੇ ਤੋਂ ਪੱਕੇ ਹੋਣ ਤੱਕ ਉਨ੍ਹਾਂ ਨੂੰ ਕਿਹੜੀਆਂ ਜ਼ਿੱਲਤਾਂ, ਔਕੜਾਂ, ਮਾਯੂਸੀਆਂ ਤੇ ਬੇਭਰੋਸਗੀਆਂ ਨਾਲ ਦੋ-ਚਾਰ ਹੋਣਾ ਪੈਂਦਾ ਹੈ, ਕਿਵੇਂ ਏਜੰਟਾਂ, ਖੇਡ ਪ੍ਰਮੋਟਰਾਂ, ਗਾਇਕਾਂ ਆਦਿ ਰਾਹੀਂ ਕਬੂਰਤਬਾਜ਼ੀ ਕੀਤੀ ਜਾਂਦੀ ਹੈ। ਇਹ ਸਭ ਜਸਵਿੰਦਰ ਸਿੰਘ ਨੇ ਇਸ ਨਾਵਲ ਰਾਹੀਂ ਖ਼ੂਬਸੂਰਤ ਤੇ ਰੌਚਿਕ ਬਿਰਤਾਂਤ ਨਾਲ ਪੇਸ਼ ਕੀਤਾ ਹੈ।
ਨਾਵਲ ਦੇ ਪਹਿਲੇ ਕਾਂਡ ਤੋਂ ਹੀ ਪਾਠਕ ਨੂੰ ਆਭਾਸ ਹੋਣ ਲੱਗਦਾ ਹੈ ਕਿ ਕਬੱਡੀ ਟੀਮ ਨੂੰ ਵਿਦੇਸ਼ ਲਿਜਾਣ ਦੀ ਆੜ ਵਿੱਚ ਕਬੂਤਰਬਾਜ਼ੀ ਹੋ ਰਹੀ ਹੈ। ਟੀਮ ਵਿੱਚ ਹੋਰ ਕਬੂਤਰਾਂ ਦੇ ਨਾਲ ਹਰੀਪਾਲ ਵੀ ਹੈ ਜਿਹੜਾ ਥਾਂ-ਥਾਂ ਟਿਕਾਣੇ ਬਦਲਦਾ ਖੱਜਲ ਖੁਆਰ ਹੁੰਦਾ ਆਖ਼ਰ ਆਪਣਾ ਟਿਕਾਣਾ ਬਣਾ ਲੈਂਦਾ ਹੈ। ਸ਼ੋਸ਼ਣ ਕਰਨ ਵਾਲਿਆਂ ਵਿੱਚ ਕੁਝ ਸੁਹਿਰਦ ਅਤੇ ਮਦਦਗਾਰ ਲੋਕ ਵੀ ਹੁੰਦੇ ਹਨ। ਹਰੀਪਾਲ ਨੂੰ ਗੈਰੀ, ਦਰਸ਼ਨ ਤੇ ਡਾ. ਸਮਿੱਥ ਜਿਹੇ ਹਮਦਰਦ ਵੀ ਮਿਲਦੇ ਹਨ। ਮਿਹਨਤ ਤੇ ਜਨੂਨ ਆਪਣਾ ਰੰਗ ਵਿਖਾਉਂਦੇ ਹਨ। ਹਰੀਪਾਲ ਉੱਥੇ ਪੱਕਾ ਹੋਣ ਤੋਂ ਬਾਅਦ ਵਿਆਹ ਵੀ ਕਰਵਾਉਂਦਾ ਹੈ ਤੇ ਆਪਣੇ ਸੁਪਨਿਆਂ ਨੂੰ ਸਾਕਾਰ ਹੁੰਦੇ ਵੀ ਵੇਖਦਾ ਹੈ ਪਰ ਉੱਥੇ ਨਾ ਰਿਸ਼ਤਿਆਂ ਦੀ ਕਦਰ ਹੈ, ਨਾ ਭਾਵਨਾਵਾਂ ਦੀ। ਪੈਸੇ ਦੀ ਕਦਰ ਵੀ ਇੱਕ ਹੱਦ ਤੱਕ ਹੈ। ਹਰੀਪਾਲ ਉੱਥੇ ਹੀ ਆਪਣੇ ਸੁਪਨੇ ਟੁੱਟਦੇ ਵੇਖਦਾ ਹੈ।
ਜਸਵਿੰਦਰ ਸਿੰਘ ਨੇ ਪੰਜਾਬ ਅਤੇ ਅਮਰੀਕਾ ਦੇ ਸੱਭਿਆਚਾਰ ਅਤੇ ਵਸੇਬ ਨੂੰ ਦਰਸਾਉਣ ਲਈ ਉਚੇਚਾ ਯਤਨ ਕੀਤਾ ਹੈ। ਇਹ ਅਚੇਤ ਹੋਇਆ ਹੈ ਜਾਂ ਸੁਚੇਤ ਪਰ ਨਾਵਲੀ ਪਾਠ ਕਰਦਿਆਂ ਪਾਠਕ ਦੇ ਮਨ ਵਿੱਚ ਦੋਹਾਂ ਸੱਭਿਆਚਾਰਾਂ ਦੀ ਤੁਲਨਾ ਨਾਲ ਨਾਲ ਤੁਰਦੀ ਹੈ। ਇੱਕ ਪਾਸੇ ਭਾਵਨਾਵਾਂ ਹਨ, ਨੈਤਿਕਤਾ ਹੈ। ਇਖ਼ਲਾਕ ਹੈ, ਸਮਾਜਿਕ ਮਰਿਆਦਾ ਹੈ, ਵੱਡਿਆਂ ਦਾ ਸਤਿਕਾਰ ਹੈ। ਦੂਜੇ ਪਾਸੇ ਸਭ ਕੁਝ ਮਕਾਨਕੀ ਹੈ, ਭਾਵਨਾਵਾਂ ਰਹਿਤ ਹੈ। ਗੈਰੀ ਅਤੇ ਹਰੀਪਾਲ ਦੋਹਾਂ ਦੇ ਤਲਾਕ ਵੀ ਇਸ ਤਰ੍ਹਾਂ ਹੀ ਹੁੰਦੇ ਹਨ। ਬੱਚਿਆਂ ਦੇ ਵਿਆਹ, ਮਾਂ-ਬਾਪ ਨਾਲ ਰਹਿਣਾ ਹੈ ਜਾਂ ਨਹੀਂ ਰਹਿਣਾ, ਕੋਈ ਭਰੋਸਾ ਨਹੀਂ। ਇਹ ਵਿਕਸਤ ਦੇਸ਼ ਦਾ ਸੱਭਿਆਚਾਰ ਹੈ। ਜਸਵਿੰਦਰ ਸਿੰਘ ਖ਼ੁਦ ਵਿਦਵਾਨ ਆਲੋਚਕ ਹੈ। ਦੂਸਰੇ ਲੇਖਕਾਂ ਦੀਆਂ ਕਿਰਤਾਂ ਦਾ ਮੁਲਾਂਕਣ ਕਰਦਿਆਂ ਉਹ ਸਮਝਦਾ ਹੈ, ਕੀ ਕਹਿਣਾ ਹੈ, ਕਦੋਂ ਕਹਿਣਾ ਹੈ ਤੇ ਕਿਸ ਤਰ੍ਹਾਂ ਕਹਿਣਾ ਹੈ। ਬਿਰਤਾਂਤ ਵਿੱਚ ਜਗਿਆਸਾ ਬਣਾਈ ਰੱਖਣ ਦਾ ਉਸ ਨੂੰ ਹੁਨਰ ਹੈ। ਉਂਜ ਮੇਰੇ ਇੱਕ ਦੋਸਤ ਪਾਠਕ ਦਾ ਵਿਚਾਰ ਹੈ: ‘‘ਯਾਰ, ਨਾਵਲ ਦੀ ਕਥਾ ਜੂੰ ਦੀ ਤੋਰ ਤੁਰਦੀ ਹੈ। ਲੇਖਕ ਗੱਲ ਨੂੰ ਲਮਕਾਉਂਦਾ ਬਹੁਤ ਹੈ। ਮੇਰੇ ਵਰਗੇ ਪਾਠਕਾਂ ’ਚ ਇੰਨਾ ਸਬਰ ਨਹੀਂ ਹੁੰਦਾ।’’ ਮੈਂ ਉਸ ਨੂੰ ਸਮਝਾਇਆ, ‘‘ਇਹ ਸੂਝਵਾਨ ਪਾਠਕਾਂ ਦਾ ਨਾਵਲ ਹੈ।’’ ਉਸ ਫਿਰ ਕਿਹਾ, ‘‘ਪਤਾ ਨਹੀਂ ਮੈਨੂੰ ਲੱਗਿਆ, ਕੁਝ ਥਾਵਾਂ ’ਤੇ ਵਿਦੇਸ਼ੀ ਧਰਤੀ ਦਾ ਬਿਰਤਾਂਤ ਪੰਜਾਬੀ ਪੇਂਡੂ ਪਾਠਕਾਂ ਨਾਲ ਵਿੱਥ ਰੱਖ ਕੇ ਤੁਰਦਾ ਹੈ...।’’ ਖ਼ੈਰ, ਹਰ ਪਾਠਕ ਦੀ ਆਪਣੀ ਸੋਚ ਹੈ। ਨਾਵਲ ਦਾ ਬਿਰਤਾਂਤ ਬੇਹੱਦ ਸੰਘਣਾ ਹੈ। ਬੜਾ ਸੁਚੇਤ ਹੋ ਕੇ ਨਾਵਲ ਪੜ੍ਹਨ ਦੀ ਲੋੜ ਹੈ। ਵਿਦੇਸ਼ੀ ਸੱਭਿਆਚਾਰ ਦੇ ਪ੍ਰਤੱਖਣ ਅਤੇ ਨਿਰੀਖਣ ਲਈ ਜਸਵਿੰਦਰ ਦੀ ਕਲਮ ਨੂੰ ਸਲਾਮ ਕਰਨਾ ਬਣਦਾ ਹੈ ਜਿਸ ਨੇ ਵਿਦੇਸ਼ ਵਸਦੇ ਪੰਜਾਬੀਆਂ ਦੀ ਹਰ ਖ਼ੁਸ਼ੀ, ਵਿਹਾਰ, ਸੰਕਟਾਂ, ਰਿਸ਼ਤਿਆਂ ਅਤੇ ਲਾਲਸਾਵਾਂ ਨੂੰ ਏਨੀ ਨੀਝ ਨਾਲ ਸਮਝਿਆ, ਵਾਚਿਆ ਤੇ ਆਪਣੇ ਨਾਵਲ ਵਿੱਚ ਪੇਸ਼ ਕੀਤਾ। ਲੇਖਕ ਨੇ ਉਨ੍ਹਾਂ ਨੌਜਵਾਨਾਂ ਦੀ ਵੀ ਨਿਸ਼ਾਨਦੇਹੀ ਕੀਤੀ ਹੈ ਜਿਹੜੇ ਵਿਦੇਸ਼ ਜਾਣਾ ਨਹੀਂ ਚਾਹੁੰਦੇ ਤੇ ਇੱਥੇ ਰਹਿ ਕੇ ਹੀ ਆਪਣੀ ਯੋਗਤਾ ਨਾਲ ਕੁਝ ਕਰਨ ਦਾ ਹੌਸਲਾ ਰੱਖਦੇ ਹਨ: ‘ਨੋ ਮੈਂ ਅਮਰੀਕਾ ਨਹੀਂ ਜਾਣਾ ਤਾਇਆ ਜੀ, ਮੈਂ ਆਈਏਐੱਸ ਕਰਨੀ ਆ’
ਵਿਦੇਸ਼ੀ ਧਰਤੀ ਦੇ ਜੀਵਨ ਦਰਸ਼ਨ ਬਾਰੇ ਪਾਤਰ ਗੈਰੀ ਆਖਦਾ ਹੈ: ਮਜ਼ੇ ਲਓ ਯਾਰ, ਸਿਆਣੇ ਕਹਿਗੇ- ਆਹ ਜੀਵਨ ਮਿੱਠਾ, ਅਗਲਾ ਕਿਸ ਨੇ ਡਿੱਠਾ। ... ਮਨ ਚਿੱਤ ਲਾ ਸੁਣ... ਸੰਗੀਤ ਦਾ, ਕਿਤਾਬਾਂ ਦਾ ਸ਼ੌਕ ਪਾਲ। ਮੇਰਾ ਚਿੱਤ ਕਰਦਾ ਸਾਰੇ ਜੰਜਾਲ ਛੱਡ ਗਾਰਸੀਆ ਨਾਲ ਸੋਸ਼ਲ ਵਰਕ ਕਰਾਂ, ਬਥੇਰਾ ਕਮਾ ਲਿਆ।
ਅੰਤ ਵਿੱਚ ਨਾਵਲ ਹਾਂਦਰੂ ਸੁਨੇਹੇ, ਕਦੇ ਵੀ ਨਾ ਹਾਰਨ ਤੇ ਜੱਦੋਜਹਿਦ ਕਰਦੇ ਰਹਿਣ ਤੇ ਨਵੇਂ ਦਿਸਹੱਦਿਆਂ ਦੀ ਤਲਾਸ਼ ਲਈ ਜਾਣ ਦੇ ਸੰਕੇਤ ਨਾਲ ਬੰਦ ਹੁੰਦਾ ਹੈ। ਮੈਨੂੰ ਯਕੀਨ ਹੈ, ਪਾਠਕ ‘ਸੁਰਖ਼ ਸਾਜ਼’ ਵਿੱਚ ਰੁਚੀ ਦਿਖਾਉਣਗੇ।
ਸੰਪਰਕ: 98147-83069