ਅਮਿਤ ਸ਼ਾਹ ਵੱਲੋਂ ਗਾਂਧੀਨਗਰ ਤੋਂ ਨਾਮਜ਼ਦਗੀ ਦਾਖ਼ਲ
ਗਾਂਧੀਨਗਰ, 19 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੀ ਗਾਂਧੀਨਗਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਸ਼ਾਹ ਨੇ ਕਿਹਾ ਕਿ ਆਮ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜਾ ਕਾਰਜਕਾਲ ਦੇਣ ਬਾਰੇ ਹਨ। ਗਾਂਧੀਨਗਰ ਦੇ ਕੁਲੈਕਟਰ ਕੋਲ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਸ਼ਾਹ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਮੌਜੂਦ ਸਨ। ਸ਼ਾਹ ਨੇ ਦੁਪਹਿਰੇ ਠੀਕ 12:39 ਵਜੇ ‘ਵਿਜੈ ਮਹੂਰਤ’ ਉੱਤੇ ਜ਼ਿਲ੍ਹਾ ਚੋਣ ਅਧਿਕਾਰੀ ਐੱਮ.ਕੇ.ਦਵੇ ਕੋਲ ਆਪਣੀ ਨਾਮਜ਼ਦਗੀ ਭਰੀ।
ਸ਼ਾਹ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਆਮ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜਾ ਕਾਰਜਕਾਲ ਦੇਣ ਬਾਰੇ ਹਨ ਤਾਂ ਕਿ ਉਹ ਭਾਰਤ ਨੂੰ 2047 ਤੱਕ ਵਿਕਸਤ ਮੁਲਕ ਬਣਾ ਸਕਣ। ਕੇਂਦਰੀ ਮੰਤਰੀ ਨੇ ਕਿਹਾ ਕਿ ਸ੍ਰੀ ਮੋਦੀ ਦਾ ਤੀਜਾ ਕਾਰਜਕਾਲ ਅਹਿਮ ਹੋਵੇਗਾ ਕਿਉਂਕਿ ਪਹਿਲੇ ਦੋ ਕਾਰਜਕਾਲ ਤਾਂ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੱਲੋਂ ਕੀਤੀਆਂ ਗ਼ਲਤੀਆਂ ਦਰੁਸਤ ਕਰਨ ਵਿਚ ਲੰਘ ਗਏ। ਸ਼ਾਹ ਨੇ ਕਿਹਾ, ‘‘ਮੋਦੀ ਜੀ ਨੇ ਭਾਰਤ ਨੂੰ 2047 ਤੱਕ ਵਿਕਸਤ ਮੁਲਕ ਵਿਚ ਤਬਦੀਲ ਕਰਨ ਤੇ ਸਾਰੇ ਸੈਕਟਰਾਂ ਵਿਚ ਅੱਵਲ ਨੰਬਰ ਬਣਾਉਣ ਦਾ ਅਹਿਦ ਲਿਆ ਹੈ। ਜੇਕਰ ਅਸੀਂ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨਾ ਹੈ ਤਾਂ ਅਗਲੇ ਪੰਜ ਸਾਲ ਬਹੁਤ ਅਹਿਮ ਹਨ ਕਿਉਂਕਿ ਪਿਛਲੇ ਦਸ ਸਾਲ ਤਾਂ ਪਿਛਲੀ ਯੂਪੀਏ ਸਰਕਾਰ ਦੇ ਟੋਇਆਂ ਨੂੰ ਭਰਨ ਵਿਚ ਲੱਗ ਗਏ ਹਨ।’’ ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿਚ ‘ਵਿਕਸਤ ਭਾਰਤ’ ਦੀ ਨੀਂਹ ਮਜ਼ਬੂਤ ਕੀਤੀ ਜਾਵੇਗੀ।’’ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਸ਼ਾਹ 2019 ਦੀਆਂ ਲੋਕ ਸਭਾ ਚੋਣਾਂ ਵਿਚ ਗਾਂਧੀਨਗਰ ਹਲਕੇ ਤੋਂ ਪੰਜ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ। ਗੁਜਰਾਤ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ ਲਈ ਤੀਜੇ ਗੇੜ ਤਹਿਤ 7 ਮਈ ਨੂੰ ਵੋਟਾਂ ਪੈਣੀਆਂ ਹਨ।
ਇਸ ਦੌਰਾਨ ਕੇਂਦਰੀ ਮੰਤਰੀ ਨਰਾਇਣ ਰਾਣੇ ਨੇ ਮਹਾਰਾਸ਼ਟਰ ਦੇ ਕੋਂਕਣ ਖਿੱਤੇ ਦੀ ਰਤਨਾਗਿਰੀ-ਸਿੰਧੂਦੁਰਗ ਲੋਕ ਸਭਾ ਸੀਟ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਆਪਣੇ ਹਮਾਇਤੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 400 ਤੋਂ ਵੱਧ ਸੀਟਾਂ ਜਿੱਤਣ ਦੇ ਦਿੱਤੇ ਸੱਦੇ ਵਿਚ ਆਪਣਾ ਯੋਗਦਾਨ ਪਾਉਣ। ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਰਾਣੇ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ।
ਤਿਲੰਗਾਨਾ ਭਾਜਪਾ ਦੇ ਪ੍ਰਧਾਨ ਜੀ. ਕਿਸ਼ਨ ਰੈੱਡੀ ਤੇ ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਨੇ ਵੀ ਅੱਜ ਹੈਦਰਾਬਾਦ ਵਿਚ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਤਿਲੰਗਾਨਾ ਦੀਆਂ ਲੋਕ ਸਭਾ ਸੀਟਾਂ ਲਈ 13 ਮਈ ਨੂੰ ਵੋਟਾਂ ਪੈਣਗੀਆਂ। ਰੈੱਡੀ ਵੱਲੋਂ ਨਾਮਜ਼ਦਗੀ ਭਰਨ ਤੋਂ ਪਹਿਲਾਂ ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੈਲੀ ਨੂੰ ਸੰਬੋਧਨ ਕੀਤਾ। ਰੈੱਡੀ ਨੇ ਸਿਕੰਦਰਾਬਾਦ ਵਿਚ ਰਿਟਰਨਿੰਗ ਅਧਿਕਾਰੀ ਕੋਲ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ। ਉਧਰ ਓਵਾਇਸੀ ਮੱਕਾ ਮਸਜਿਦ ’ਚ ਜੁਮੇ ਦੀ ਨਮਾਜ਼ ਅਦਾ ਕਰਨ ਮਗਰੋਂ ਆਪਣੇ ਸਮਰਥਕਾਂ ਨਾਲ ਵੱਡੇ ਜਲੂਸ ਦੀ ਸ਼ਕਲ ਵਿਚ ਹੈਦਰਾਬਾਦ ਸੀਟ ਤੋਂ ਨਾਮਜ਼ਦਗੀ ਭਰਨ ਲਈ ਪੁੱਜੇ। ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਸੁਪਰੀਮੋ ਐੱਨ.ਚੰਦਰਬਾਬੂ ਨਾਇਡੂ ਤੇ ਆਂਧਰਾ ਪ੍ਰਦੇਸ਼ ਭਾਜਪਾ ਦੀ ਪ੍ਰਧਾਨ ਡੀ.ਪੂਰਨਦੇਸ਼ਵਰੀ ਨੇ ਵੀ ਅੱਜ ਆਪੋ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਨਾਇਡੂ ਵੱਲੋਂ ਉਨ੍ਹਾਂ ਦੀ ਪਤਨੀ ਐੱਨ.ਭੁਵਨੇਸ਼ਵਰੀ ਨੇ ਕੁੁੁਪਮ ਅਸੈਂਬਲੀ ਹਲਕੇ ਦੀ ਚੋਣ ਲਈ ਕਾਗਜ਼ ਭਰੇ। ਨਾਇਡੂ ਦਾ ਮੁਕਾਬਲਾ ਵਾਈਐੱਸਆਰਸੀਪੀ ਉਮੀਦਵਾਰ ਕੇ.ਆਰ.ਜੇ. ਭਾਰਤ ਨਾਲ ਹੈ। ਦੱਸਣਯੋਗ ਹੈ ਕਿ ਆਂਧਰਾ ਪ੍ਰਦੇਸ਼ ਵਿਚ 13 ਮਈ ਨੂੰ ਲੋਕ ਸਭਾ ਚੋਣਾਂ ਦੇ ਨਾਲ ਹੀ ਸੂਬਾਈ ਅਸੈਂਬਲੀ ਲਈ ਵੀ ਵੋਟਾਂ ਪੈਣਗੀਆਂ। -ਪੀਟੀਆਈ