ਕਸ਼ਮੀਰ ਵਾਦੀ ਵਿੱਚ ਪੁੱਜੇ ਅਮਰੀਕੀ ਹਥਿਆਰ, ਭਾਰਤੀ ਫ਼ੌਜ ਵੱਲੋਂ ਜਾਂਚ ਸ਼ੁਰੂ
ਸ੍ਰੀਨਗਰ, 4 ਅਕਤੂਬਰ
ਭਾਰਤੀ ਫੌਜ ਸੰਭਾਵੀ ਤੌਰ ’ਤੇ ਅਫਗਾਨਿਸਤਾਨ ਰਸਤੇ ਕਸ਼ਮੀਰ ਪੁੱਜੇ ਅਮਰੀਕੀ ਹਥਿਆਰਾਂ ਦੇ ਦਸਤਾਵੇਜ਼ ਬਣਾ ਰਹੀ ਹੈ। ਸ੍ਰੀਨਗਰ ਸਥਿਤ ਚਿਨਾਰ ਕੋਰ ਦੇ ਜਨਰਲ ਅਫਸਰ ਕਮਾਂਡਿੰਗ (ਜੀਓਸੀ) ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜਿਹੇ ਹਥਿਆਰਾਂ ਦਾ ਪਤਾ ਲਾਉਣ ਲਈ ਅਮਰੀਕਾ ਕੋਲ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਈ ਨੇ ਅਫਗਾਨਿਸਤਾਨ ਤੋਂ ਅਮਰੀਕੀ ਹਥਿਆਰਾਂ ਦੀ ਘਾਟੀ ਵਿੱਚ ਬਰਾਮਦਗੀ ’ਤੇ ਚਿੰਤਾਵਾਂ ਬਾਰੇ ਪੁੱਛੇ ਗਏ ਸਵਾਲ ’ਤੇ ਇਹ ਜਵਾਬ ਦਿੱਤਾ। ਉਨ੍ਹਾਂ ਕਿਹਾ, ‘ਮੈਂ ਇਸ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਸਾਡੀਆਂ ਖੁਫੀਆ ਏਜੰਸੀਆਂ ਦੇ ਵਿਸ਼ੇਸ਼ ਖੇਤਰ ’ਚ ਆਉਂਦਾ ਹੈ ਅਤੇ ਮੇਰਾ ਮੰਨਣਾ ਹੈ ਕਿ ਇਸ ਬਾਰੇ ਉਹ ਜ਼ਿਆਦਾ ਦੱਸ ਸਕਦੇ ਹਨ ਕਿ ਇਹ ਹਥਿਆਰ ਕਿੱਥੋਂ ਆ ਰਹੇ ਹਨ ਅਤੇ ਇਹ ਸਾਡੇ ਦੇਸ਼ ਨਾਲ ਦੁਸ਼ਮਣੀ ਰੱਖਣ ਵਾਲੇ ਲੋਕਾਂ ਦੇ ਹੱਥਾਂ ਵਿੱਚ ਕਿਵੇਂ ਪਹੁੰਚ ਰਹੇ ਹਨ।’ ਇਨ੍ਹਾਂ ਹਥਿਆਰਾਂ ਦੇ ਦਸਤਾਵੇਜ਼ ਬਣਾਉਣ ਅਤੇ ਇਸ ਬਾਰੇ ਜਾਣਕਾਰੀ ਮੰਗਣ ਵਾਲੇ ਲੋਕਾਂ ਬਾਰੇ ਪੁੱਛੇ ਜਾਣ ’ਤੇ ਲੈਫਟੀਨੈਂਟ ਜਨਰਲ ਘਈ ਨੇ ਕਿਹਾ, ‘ਇਹ ਯਕੀਨੀ ਤੌਰ ’ਤੇ ਜਾਰੀ ਹੈ ਅਤੇ ਮੈਂ ਯਕੀਨੀ ਤੌਰ ’ਤੇ ਇਸ ਦੀ ਪੁਸ਼ਟੀ ਕਰ ਸਕਦਾ ਹਾਂ।’
ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ’ਚ ਮੁਕਾਬਲਿਆਂ ਦੌਰਾਨ ਮਾਰੇ ਗਏ ਅਤਿਵਾਦੀਆਂ ਕੋਲੋਂ ਐੱਮ4 ਕਾਰਬਾਈਨ ਅਸਾਲਟ ਰਾਈਫਲਾਂ ਬਰਾਮਦ ਕੀਤੀਆਂ ਹਨ। ਅਜਿਹਾ ਲੱਗਦਾ ਹੈ ਕਿ 2021 ਵਿੱਚ ਅਫਗਾਨਿਸਤਾਨ ਤੋਂ ਵਾਪਸੀ ਮਗਰੋਂ ਅਮਰੀਕੀ ਫ਼ੌਜ ਵੱਲੋਂ ਛੱਡੇ ਗਏ ਹਥਿਆਰ ਪਾਕਿਸਤਾਨੀ ਹੈਂਡਲਰਾਂ ਰਾਹੀਂ ਅਤਿਵਾਦੀਆਂ ਤੱਕ ਪਹੁੰਚੇ ਹਨ। 1980 ਦੇ ਦਹਾਕੇ ਵਿੱਚ ਡਿਜ਼ਾਈਨ ਅਤੇ ਵਿਕਸਤ ਕੀਤੀਆਂ ਗਈਆਂ ਐੱਮ4 ਕਰਬਾਈਨ ਰਾਈਫਲਾਂ ਵਿਆਪਕ ਤੌਰ ’ਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਵੱਲੋਂ ਵਰਤੀਆਂ ਜਾਂਦੀਆਂ ਹਨ। ਪਾਕਿਸਤਾਨੀ ਵਿਸ਼ੇਸ਼ ਬਲਾਂ ਅਤੇ ਸਿੰਧ ਪੁਲੀਸ ਦੀ ਵਿਸ਼ੇਸ਼ ਸੁਰੱਖਿਆ ਇਕਾਈ ਸਮੇਤ ਹੋਰਾਂ ਵੱਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। -ਪੀਟੀਆਈ