For the best experience, open
https://m.punjabitribuneonline.com
on your mobile browser.
Advertisement

ਅਮਰੀਕਨ ਸੁੰਡੀ ਦੀ ਮਾਰ: ਸ਼ਿਮਲਾ ਮਿਰਚ ਸੜਕਾਂ ’ਤੇ ਸੁੱਟਣ ਲਈ ਮਜਬੂਰ ਹੋਏ ਕਿਸਾਨ

07:57 AM Apr 17, 2024 IST
ਅਮਰੀਕਨ ਸੁੰਡੀ ਦੀ ਮਾਰ  ਸ਼ਿਮਲਾ ਮਿਰਚ ਸੜਕਾਂ ’ਤੇ ਸੁੱਟਣ ਲਈ ਮਜਬੂਰ ਹੋਏ ਕਿਸਾਨ
ਪਿੰਡ ਭੈਣੀਬਾਘਾ ਦੇ ਕਿਸਾਨਾਂ ਵੱਲੋਂ ਸੜਕ ’ਤੇ ਸੁੱਟੀਆਂ ਸ਼ਿਮਲਾ ਮਿਰਚਾਂ। -ਫੋਟੋ: ਮਾਨ
Advertisement

ਪੱਤਰ ਪ੍ਰੇਰਕ
ਮਾਨਸਾ, 16 ਅਪਰੈਲ
ਜਿੰਕ ਫੂਡ ਦੀ ਰਾਣੀ ਸ਼ਿਮਲਾ ਮਿਰਚ ’ਤੇ ਅਮਰੀਕਨ ਸੁੰਡੀ ਦੇ ਹਮਲੇ ਹੋਣ ਤੋਂ ਬਾਅਦ ਹੁਣ ਕਿਸਾਨ ਇਸ ਨੂੰ ਸੜਕਾਂ ’ਤੇ ਸੁੱਟਣ ਲੱਗੇ ਹਨ। ਇਸ ਹਮਲੇ ਤੋਂ ਬਚਾਅ ਲਈ ਕਿਸਾਨ ਲਗਾਤਾਰ ਸਪਰੇਆਂ ਕਰਦਾ ਆ ਰਿਹਾ ਹੈ, ਪਰ ਜਦੋਂ ਸਪਰੇਆਂ ਨੇ ਸੁੰਡੀ ਖ਼ਤਮ ਕੀਤੀ ਤਾਂ ਕਾਣੀਆਂ ਹੋ ਚੁੱਕੀਆਂ ਮਿਰਚਾਂ ਨੂੰ ਕਿਸਾਨਾਂ ਵੱਲੋਂ ਸੜਕਾਂ ’ਤੇ ਸੁੱਟਿਆ ਜਾਣ ਲੱਗਿਆ ਹੈ।
ਖੇਤਾਂ ਵਿੱਚ ਜਾ ਕੇ ਵੇਖਣ ’ਤੇ ਪਤਾ ਲੱਗਾ ਕਿ ਕਿਸਾਨਾਂ ਵੱਲੋਂ ਧੜਾ-ਧੜ ਅਮਰੀਕਨ ਸੁੰਡੀ ਦੀ ਰੋਕਥਾਮ ਲਈ ਮਹਿੰਗੀਆਂ ਸਪਰੇਆਂ ਕੀਤੀਆਂ ਜਾ ਰਹੀਆਂ ਹਨ, ਪਰ ਜਦੋਂ ਸੁੰਡੀ ਮਰਨ ਵਿੱਚ ਨਾ ਆਈ ਤਾਂ ਲਗਾਤਾਰ ਕਾਣੀਆਂ ਅਤੇ ਥੋਥੀਆਂ ਹੋ ਰਹੀਆਂ ਸ਼ਿਮਲਾ ਮਿਰਚਾਂ ਦੀ ਤੁੜਵਾਈ ਕਰਵਾ ਕੇ ਕਿਸਾਨ ਧੜਾਧੜ ਸੜਕਾਂ ’ਤੇ ਸੁੱਟਣ ਲੱਗੇ ਹਨ। ਸ਼ਿਮਲਾ ਮਿਰਚ ਉਪਰ ਪਹਿਲੀ ਵਾਰ ਹੋਏ ਅਮਰੀਕਨ ਸੁੰਡੀ ਦੇ ਇਸ ਹਮਲੇ ਨੇ ਖੇਤੀ ਵਿਭਿੰਨਤਾ ਨੂੰ ਵੱਡੀ ਸੱਟ ਮਾਰੀ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਵਾਰ ਸ਼ਿਮਲਾ ਮਿਰਚ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਅਮਰੀਕਨ ਸੁੰਡੀ ਦੇ ਹਮਲੇ ਨੇ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਰਦੀਆਂ ’ਚ ਲੰਬਾ ਸਮਾਂ ਧੁੰਦਾਂ ਨੇ ਸਬਜ਼ੀਆਂ ਮਾਰ ਧਰਿਆ ਅਤੇ ਹੁਣ ਜਦੋਂ ਸ਼ਿਮਲਾ ਮਿਰਚ ਦੀ ਤੁੜਾਈ ਸ਼ੁਰੂ ਹੋਈ ਤਾਂ ਇੱਕ ਦਮ ਅਮਰੀਕਨ ਸੁੰਡੀ ਨੇ ਹਮਲਾ ਕਰ ਦਿੱਤਾ।
ਕਿਸਾਨ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੀੜੇਮਾਰ ਦਵਾਈਆਂ ਦੇ ਸੈਂਪਲ ਭਰੇ ਜਾਣ ਅਤੇ ਕਿਸਾਨਾਂ ਦੀ ਆਰਥਿਕ ਲੁੱਟ ਹੋਣ ਤੋਂ ਬਚਾਇਆ ਜਾਵੇ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਸੁੱਤਾ ਪਿਆ ਹੈ ਅਤੇ ਡੀਲਰ ਨਕਲੀ ਦਵਾਈਆਂ ਤੇ ਹੋਰ ਸਾਮਾਨ ਕਿਸਾਨਾਂ ਨੂੰ ਵੇਚਣ ਲੱਗੇ ਹੋਏ ਹਨ।
ਕਾਸ਼ਤਕਾਰ ਕਿਸਾਨ ਜਸਪਾਲ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਹੀ ਕੀੜੇਮਾਰ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ, ਪਰ ਕੋਈ ਵੀ ਸਪਰੇਅ ਅਸਰ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੁੰਡੀ ’ਤੇ ਕੰਟਰੋਲ ਨਾ ਹੋਣ ਕਾਰਨ ਸ਼ਿਮਲਾ ਮਿਰਚ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਜਿਸ ਕਰਕੇ ਰੋਜ਼ਾਨਾ ਸੁੰਡੀ ਦੀ ਖ਼ਰਾਬ ਕੀਤੀ ਸ਼ਿਮਲਾ ਮਿਰਚ ਖੇਤ ਵਿਚੋਂ ਕੱਲ੍ਹੀ-ਕੱਲ੍ਹੀ ਤੋੜਕੇ ਬਾਹਰ ਸੁੱਟਣੀ ਪੈਂਦੀ ਹੈ,ਜਿਸ ਨਾਲ ਤੁੜਾਈ ਲਈ ਮਜ਼ਦੂਰੀ ਵੀ ਬਹੁਤ ਪੈਂਦੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×