ਅਮਰੀਕੀ ਮਦਦ
ਰੱਖਿਆ ਸਕੱਤਰ ਗਿਰੀਧਰ ਅਰਮਾਨੇ ਨੇ ਦੱਸਿਆ ਕਿ ਅਮਰੀਕਾ ਵਲੋਂ ਅਸਲ ਕੰਟਰੋਲ ਰੇਖਾ ਮੁਤੱਲਕ ਹਾਲਾਤ ਬਾਰੇ ਅਹਿਮ ਜਾਣਕਾਰੀ ਮੁਹੱਈਆ ਕਰਵਾਉਣ ਸਦਕਾ ਹੀ ਭਾਰਤ ਚੀਨ ਦੀਆਂ ਹਮਲਾਵਰ ਕਾਰਵਾਈਆਂ ਨੂੰ ਕਾਰਗਰ ਢੰਗ ਨਾਲ ਠੱਲ੍ਹ ਪਾ ਸਕਿਆ ਹੈ। ਪਹਿਲੀ ਵਾਰ ਕਿਸੇ ਭਾਰਤੀ ਅਧਿਕਾਰੀ ਵਲੋਂ ਅਸਲ ਕੰਟਰੋਲ ਰੇਖਾ ਬਾਬਤ ਅਜਿਹੀ ਇਮਦਾਦ ਦਾ ਇਕਬਾਲ ਕੀਤਾ ਗਿਆ ਹੈ। ਸ੍ਰੀ ਅਰਮਾਨੇ ਨੇ ਇਹ ਵੀ ਕਿਹਾ ਕਿ ਭਾਰਤ ਤਵੱਕੋ ਰੱਖਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਲੋੜ ਪੈਣ ’ਤੇ ਅਮਰੀਕਾ ਦਾ ਦੋਸਤਾਨਾ ਸਾਥ ਮਿਲਦਾ ਰਹੇਗਾ। ਅਮਰੀਕਾ ਵਲੋਂ ਮੁਹੱਈਆ ਕਰਵਾਈ ਗਈ ਇਸ ਤਰ੍ਹਾਂ ਦੀ ਤਕਨੀਕੀ ਇਮਦਾਦ ਇਸ ਗੱਲ ਦਾ ਸੰਕੇਤ ਹੈ ਕਿ ਪਿਛਲੇ ਦੋ ਦਹਾਕਿਆਂ ਵਿਚ ਅਮਰੀਕਾ ਅਤੇ ਭਾਰਤ ਦੇ ਆਪਸੀ ਸਬੰਧਾਂ ਵਿਚ ਨਾਟਕੀ ਤਬਦੀਲੀ ਆਈ ਹੈ ਅਤੇ ਇਸ ਦੀ ਸ਼ੁਰੂਆਤ 1999 ਵਿਚ ਹਿਮਾਲਿਆ ਖੇਤਰ ਵਿਚ ਉਪਜੇ ਟਕਰਾਅ ਤੋਂ ਹੋਈ ਸੀ।
ਦਰਅਸਲ, ਭਾਰਤ ਨੂੰ ਅਮਰੀਕਾ ਆਪਣੇ ਫ਼ੌਜੀ ਸਾਜ਼ੋ-ਸਾਮਾਨ ਦੀ ਵੱਡੀ ਮੰਡੀ ਦੇ ਰੂਪ ਵਿਚ ਦੇਖਦਾ ਹੈ ਜਿਸ ਕਰ ਕੇ ਉਹ ਭਾਰਤ ਨਾਲ ਆਪਣੇ ਸੁਖਾਵੇਂ ਸਬੰਧਾਂ ਦੀ ਲੋੜ ਨੂੰ ਸਮਝਦਾ ਹੈ ਪਰ ਇਸ ਦੇ ਨਾਲ ਹੀ ਭਾਰਤ ਦੀ ਸੰਪਰਕ ਸ਼ਕਤੀ ਅਤੇ ਵਧ ਰਹੇ ਆਰਥਿਕ ਉਭਾਰ ਸਦਕਾ ਵੀ ਦੋਵੇਂ ਦੇਸ਼ ਇਕ ਦੂਜੇ ਦੇ ਨੇੜੇ ਆ ਰਹੇ ਹਨ। ਭਾਰਤ ਨੇ ਯੂਕਰੇਨ ਤੋਂ ਅਨਾਜ ਲਈ ਲਾਂਘਾ ਖੁਲ੍ਹਵਾਉਣ ਲਈ ਪੇਸ਼ਕਦਮੀ ਕੀਤੀ ਸੀ ਅਤੇ ਇਸ ਤੋਂ ਇਲਾਵਾ ਯੂਕਰੇਨ ਵਿਚ ਜ਼ਾਪੋਰਿਜ਼ੀਆ ਪਰਮਾਣੂ ਪਲਾਂਟ ਦੇ ਸੰਕਟ ਨੂੰ ਹੱਲ ਕਰਨ ਵਿਚ ਵੀ ਮਦਦ ਕੀਤੀ ਸੀ। ਇਸ ਦੇ ਨਾਲ ਹੀ ਅਮਰੀਕਾ ਚੀਨ ਦੇ ਸੰਸਾਰ ਭਰ ਵਿਚ ਵਧ ਰਹੇ ਪ੍ਰਭਾਵ ਦੇ ਮੱਦੇਨਜ਼ਰ, ਇਸ ਖਿੱਤੇ ਵਿਚ ਚੀਨ ਦੇ ਟਾਕਰੇ ਲਈ ਭਾਰਤ ਨੂੰ ਇੱਕ ਲਿਹਾਜ਼ ਨਾਲ ਮਜ਼ਬੂਤ ਧਿਰ ਮੰਨਦਾ ਹੈ। ਰੂਸ-ਚੀਨ ਨੇੜਤਾ ਵੀ ਅਮਰੀਕਾ ਨੂੰ ਭਾਰਤ ਵੱਲ ਖਿੱਚ ਰਹੀ ਹੈ। ਜ਼ਾਹਿਰ ਹੈ ਕਿ ਇਹ ਭੂ-ਸਿਆਸਤ ਵੀ ਦੋਹਾਂ ਦੇਸ਼ਾਂ ਨੂੰ ਨੇੜੇ ਲਿਆ ਰਹੀ ਹੈ। ਇਹੀ ਨਹੀਂ, ਅਮਰੀਕਾ ਵਿਚ ਉਪ ਰਾਸ਼ਟਰਪਤੀ ਤੋਂ ਲੈ ਕੇ ਮਾਈਕ੍ਰੋਸੌਫਟ ਅਤੇ ਗੂਗਲ ਜਿਹੀਆਂ ਕੰਪਨੀਆਂ ਨੂੰ ਚਲਾਉਣ ਵਾਲੀਆਂ ਹਸਤੀਆਂ ਦਾ ਸਬੰਧ ਭਾਰਤੀ ਭਾਈਚਾਰੇ ਨਾਲ ਹੈ ਅਤੇ ਉਨ੍ਹਾਂ ਦੇ ਕੱਦ ਤੇ ਘੇਰੇ ਨੇ ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਦਾ ਹੋਰ ਵਿਸਤਾਰ ਕਰਨ ਲਈ ਇਹ ਸ਼ੰਕੇ ਨਵਿਰਤ ਕਰਨ ਦੀ ਲੋੜ ਹੈ ਕਿ ਇਕ-ਦੂਜੇ ਦੀ ਪਿੱਠ ਪਿੱਛੇ ਦੋਵਾਂ ਵਿਚੋਂ ਕੋਈ ਇਕ ਚੀਨ ਦੇ ਨੇੜੇ ਹੋ ਰਿਹਾ ਹੈ। ਅਮਰੀਕਾ ਨੇ ਭਾਵੇਂ ਚੀਨ ਨਾਲ ਉੱਚ-ਪੱਧਰੀ ਰਾਬਤਿਆਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਪਰ ਇਸ ਦੇ ਬਾਵਜੂਦ ਸਾਊਥ ਬਲਾਕ ’ਚ ਕੋਈ ਘਬਰਾਹਟ ਨਾ ਹੋਣ ਦਾ ਮਤਲਬ ਹੈ ਕਿ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸਬੰਧ ਚੰਗੇ ਦੌਰ ’ਚੋਂ ਲੰਘ ਰਹੇ ਹਨ। ਇਸ ਦਾ ਕਾਰਨ ਹੈ ਕਿ ਅਸਲ ਕੰਟਰੋਲ ਰੇਖਾ ’ਤੇ ਭਾਰਤ ਨੂੰ ਅਮਰੀਕੀ ਮਦਦ ਦੀ ਕੋਈ ਕਮੀ ਨਹੀਂ ਆਈ ਹੈ ਅਤੇ ਰੱਖਿਆ ਸਾਜ਼ੋ-ਸਾਮਾਨ ਦਾ ਮਿਲ ਕੇ ਨਿਰਮਾਣ ਕਰਨ ਲਈ ਗੱਲਬਾਤ ਵੀ ਸਹਿਜਤਾ ਨਾਲ ਅੱਗੇ ਵਧ ਰਹੀ ਹੈ। ਕੁਝ ਮਸਲਿਆਂ ਵਿਚ ਦਿੱਕਤਾਂ ਤਾਂ ਭਾਵੇਂ ਬਣੀਆਂ ਰਹਿਣਗੀਆਂ ਪਰ ਵੱਖ ਵੱਖ ਖੇਤਰਾਂ ਵਿਚ ਭਿਆਲੀ ਮਗਰੋਂ ਹੁਣ ਦੋਵੇਂ ਧਿਰਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਇਕ-ਦੂਜੇ ਦੇ ਨੇੜੇ ਰਹਿਣ ਵਿਚ ਹੀ ਬਿਹਤਰੀ ਹੈ। ਦੋਵੇਂ ਦੇਸ਼ ਰਲ ਕੇ ਇਨ੍ਹਾਂ ਖੇਤਰਾਂ ਅੰਦਰ ਨਵੇਂ ਪੂਰਨੇ ਪਾ ਸਕਦੇ ਹਨ।