ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ-ਇਰਾਨ ਚਾਬਹਾਰ ਸਮਝੌਤੇ ਤੋਂ ਅਮਰੀਕਾ ਖ਼ਫ਼ਾ

06:32 AM May 15, 2024 IST

ਵਾਸ਼ਿੰਗਟਨ, 14 ਮਈ
ਤਹਿਰਾਨ ਤੇ ਨਵੀਂ ਦਿੱਲੀ ਵੱਲੋਂ ਚਾਬਹਾਰ ਬੰਦਰਗਾਹ ਨੂੰ ਲੈ ਕੇ ਸਮਝੌਤਾ ਸਹੀਬੰਦ ਕੀਤੇ ਜਾਣ ਤੋਂ ਇਕ ਦਿਨ ਮਗਰੋੋਂ ਅਮਰੀਕਾ ਨੇ ਅੱਜ ਚਿਤਾਵਨੀ ਦਿੱਤੀ ਕਿ ਕੋਈ ਵੀ ਮੁਲਕ ਜੇਕਰ ਇਰਾਨ ਨਾਲ ਕਾਰੋਬਾਰੀ ਸਮਝੌਤਾ ਕਰਦਾ ਹੈ ਤਾਂ ਉਹ ‘ਪਾਬੰਦੀਆਂ ਦੇ ਸੰਭਾਵੀ ਜੋਖਮ’ ਲਈ ਤਿਆਰ ਰਹੇ। ਭਾਰਤ ਨੇ ਸੋਮਵਾਰ ਨੂੰ ਰਣਨੀਤਕ ਪੱਖੋਂ ਅਹਿਮ ਇਰਾਨ ਦੀ ਚਾਬਹਾਰ ਬੰਦਰਗਾਹ ਚਲਾਉਣ ਲਈ ਦਸ ਸਾਲ ਦਾ ਕਰਾਰ ਸਹੀਬੰਦ ਕੀਤਾ ਸੀ। ਇਸ ਸਮਝੌਤੇ ਮਗਰੋਂ ਨਵੀਂ ਦਿੱਲੀ ਨੂੰ ਕੇਂਦਰੀ ਏਸ਼ੀਆ ਵਿਚ ਵਪਾਰ ਦਾ ਘੇਰਾ ਵਧਾਉਣ ਵਿਚ ਮਦਦ ਮਿਲੇਗੀ। ਇਰਾਨ ਦੇ ਊਰਜਾ ਨਾਲ ਭਰਪੂਰ ਦੱਖਣੀ ਸਾਹਿਲ ’ਤੇ ਸਿਸਤਾਨ-ਬਲੋਚਿਸਤਾਨ ਸੂਬੇ ਵਿਚ ਸਥਿਤ- ਓਮਾਨ ਦੀ ਖਾੜੀ ਵਿਚਲੀ ਚਾਬਹਾਰ ਬੰਦਰਗਾਹ, ਜਿਸ ਨੂੰ ਨਵੀਂ ਦਿੱਲੀ ਨੇ 2003 ਵਿਚ ਵਿਕਸਤ ਕਰਨ ਦੀ ਤਜਵੀਜ਼ ਰੱਖੀ ਸੀ, ਸੜਕ ਤੇ ਰੇਲ ਪ੍ਰਾਜਕੈਟ (ਕੌਮਾਂਤਰੀ ਉੱਤਰ-ਦੱਖਣ ਟਰਾਂਸਪੋਰਟ ਕੌਰੀਡੋਰ) ਦੀ ਵਰਤੋਂ ਕਰਦਿਆਂ ਭਾਰਤੀ ਵਸਤਾਂ ਨੂੰ ਅਫ਼ਗਾਨਿਸਤਾਨ ਤੇ ਕੇਂਦਰੀ ਏਸ਼ੀਆ ਤੱਕ ਲਾਂਘਾ ਪ੍ਰਦਾਨ ਕਰੇਗੀ।
ਸ਼ੱਕੀ ਪ੍ਰਮਾਣੂ ਪ੍ਰੋਗਰਾਮ ਕਰਕੇ ਅਮਰੀਕਾ ਵੱਲੋਂ ਇਰਾਨ ’ਤੇ ਲਾਈਆਂ ਪਾਬੰਦੀਆਂ ਦੇ ਸਿੱਟੇ ਵਜੋਂ ਚਾਬਹਾਰ ਬੰਦਰਗਾਹ ਨੂੰ ਵਿਕਸਤ ਕਰਨ ਦੀ ਰਫ਼ਤਾਰ ਮੱਠੀ ਪੈ ਗਈ ਸੀ। ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਵੇਦਾਂਤ ਪਟੇਲ ਨੇ ਸੋਮਵਾਰ ਨੂੰ ਨਿਯਮਤ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਇਰਾਨ ਤੇ ਭਾਰਤ ਵੱਲੋਂ ਚਾਬਹਾਰ ਬੰਦਰਗਾਹ ਨੂੰ ਲੈ ਕੇ ਕੀਤੇ ਕਰਾਰ ਸਬੰਧੀ ਰਿਪੋਰਟਾਂ ਤੋਂ ਜਾਣੂ ਹਾਂ। ਮੈਂ ਭਾਰਤ ਸਰਕਾਰ ਨੂੰ ਚਾਬਹਾਰ ਬੰਦਰਗਾਹ ਦੇ ਨਾਲ-ਨਾਲ ਇਰਾਨ ਨਾਲ ਦੁਵੱਲੇ ਸਬੰਧਾਂ ਬਾਰੇ ਆਪਣੀ ਵਿਦੇਸ਼ ਨੀਤੀ ਦੇ ਟੀਚਿਆਂ ਬਾਰੇ ਗੱਲ ਕਰਨ ਦੇਵਾਂਗਾ।’’ ਪਟੇਲ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘‘ਮੈਂ ਸਿਰਫ਼ ਇੰਨਾ ਕਹਾਂਗਾ, ਕਿਉਂ ਜੋ ਇਹ ਮਸਲਾ ਅਮਰੀਕਾ ਨਾਲ ਜੁੜਦਾ ਹੈ, ਸਾਡੇ ਵੱਲੋਂ ਇਰਾਨ ’ਤੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਅਤੇ ਅਸੀਂ ਉਨ੍ਹਾਂ ’ਤੇ ਦਬਾਅ ਪਾਉਂਦੇ ਰਹਾਂਗੇ।’’ ਪਟੇਲ ਨੇ ਕਿਹਾ, ‘‘ਤੁਸੀਂ ਪਹਿਲਾਂ ਵੀ ਕਈ ਮੌਕਿਆਂ ’ਤੇ ਇਹ ਗੱਲ ਸੁਣੀ ਹੋਵੇਗੀ ਕਿ ਕੋਈ ਵੀ ਮੁਲਕ, ਜੇਕਰ ਇਰਾਨ ਨਾਲ ਕਾਰੋਬਾਰੀ ਸਮਝੌਤਾ ਕਰਨ ਬਾਰੇ ਵਿਚਾਰ ਕਰ ਰਿਹਾ ਹੈ, ਤਾਂ ਉਸ ਨੂੰ ਪਾਬੰਦੀਆਂ ਦੇ ਸੰਭਾਵੀ ਜੋਖਮ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ।’’ ਭਾਰਤ ਤੇ ਇਰਾਨ ਵੱਲੋਂ ਚਾਬਹਾਰ ਬੰਦਰਗਾਹ ਨੂੰ 7200 ਕਿਲੋਮੀਟਰ ਲੰਮੇ ਆਈਐੱਨਐੱਸਟੀਸੀ- ਜੋ ਭਾਰਤ, ਇਰਾਨ, ਅਫ਼ਗਾਨਿਸਤਾਨ, ਅਰਮੇਨੀਆ, ਅਜ਼ਰਬਾਇਜਾਨ, ਰੂਸ, ਕੇਂਦਰੀ ਏਸ਼ੀਆ ਤੇ ਯੂਰਪ ਦਰਮਿਆਨ ਮਾਲ ਦੀ ਢੋਆ-ਢੁਆਈ ਲਈ ਮਲਟੀ ਮੋਡ ਟਰਾਂਸਪੋਰਟ ਪ੍ਰਾਜੈਕਟ ਦੇ ਅਹਿਮ ਧੁਰੇ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਅਧਿਕਾਰਤ ਬਿਆਨ ਮੁਤਾਬਕ ਇੰਡੀਅਨ ਪੋਰਟਸ ਗਲੋਬਲ ਲਿਮਟਿਡ (ਆਈਪੀਜੀਐੱਲ) ਅਤੇ ਇਰਾਨ ਦੀ ਦਿ ਪੋਰਟ ਐਂਡ ਮੈਰੀਟਾਈਮ ਆਰਗੇਨਾਈਜ਼ੇਸ਼ਨ ਨੇ ਲੰਮੇ ਸਮੇਂ ਲਈ ਕਰਾਰ ਸਹੀਬੰਦ ਕੀਤਾ ਸੀ। ਕਰਾਰ ਤਹਿਤ ਆਈਪੀਜੀਐੱਲ ਵੱਲੋਂ 12 ਕਰੋੜ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ ਜਦੋਂਕਿ 25 ਕਰੋੜ ਡਾਲਰ ਦਾ ਕਰਜ਼ੇ ਲਿਆ ਜਾਵੇਗਾ। ਲੰਘੇ ਦਿਨ ਸਿਰੇ ਚੜ੍ਹਿਆ ਕਰਾਰ 2016 ਦੇ ਇਕ ਸ਼ੁਰੂਆਤੀ ਸਮਝੌਤੇ ਦੀ ਥਾਂ ਲਏਗਾ, ਜਿਸ ਵਿਚ ਚਾਬਹਾਰ ਬੰਦਰਗਾਹ ’ਚ ਸ਼ਾਹਿਦ ਬਹਿਸ਼ਤੀ ਟਰਮੀਨਲ ਭਾਰਤ ਵੱਲੋਂ ਸੰਚਾਲਤ ਕਰਨਾ ਅਤੇ ਸਾਲਾਨਾ ਆਧਾਰ ’ਤੇ ਕਰਾਰ ਨਵਿਆਉਣਾ ਵੀ ਸ਼ਾਮਲ ਸੀ। ਭਾਰਤ ਨੇ ਪਿਛਲੇ ਸਾਲ ਇਮਦਾਦ ਵਜੋਂ ਅਫ਼ਗ਼ਾਨਿਸਤਾਨ ਨੂੰ 20,000 ਟਨ ਕਣਕ ਭੇਜਣ ਲਈ ਚਾਬਹਾਰ ਬੰਦਰਗਾਹ ਦੀ ਹੀ ਵਰਤੋਂ ਕੀਤੀ ਸੀ। ਇਰਾਨ ਨੂੰ ਵਾਤਾਵਰਨ ਪੱਖੀ ਕੀਟਨਾਸ਼ਕਾਂ ਦੀ ਸਪਲਾਈ ਲਈ ਵੀ ਇਹੀ ਰੂਟ ਵਰਤਿਆ ਗਿਆ ਸੀ। ਗੁਜਰਾਤ ਦੀ ਕਾਂਡਲਾ ਬੰਦਰਗਾਹ 550 ਨੌਟੀਕਲ ਮੀਲ ਦੇ ਫਾਸਲੇ ਨਾਲ ਚਾਬਹਾਰ ਬੰਦਰਗਾਹ ਦੇ ਸਭ ਤੋਂ ਨੇੜੇ ਪੈਂਦੀ ਹੈ। ਚਾਬਹਾਰ ਤੇ ਮੁੰਬਈ ਵਿਚਲਾ ਫਾਸਲਾ 786 ਨੌਟੀਕਲ ਮੀਲ ਹੈ। -ਪੀਟੀਆਈ

Advertisement

Advertisement
Advertisement