For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਨਾਕਾਮ ਕੀਤੀ

07:55 AM Nov 23, 2023 IST
ਅਮਰੀਕਾ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਨਾਕਾਮ ਕੀਤੀ
Advertisement

ਸੰਦੀਪ ਦੀਕਸ਼ਿਤ
ਨਵੀਂ ਦਿੱਲੀ, 22 ਨਵੰਬਰ
ਯੂਕੇ ਮੀਡੀਆ ਦੀ ਮੰਨੀਏ ਤਾਂ ਅਮਰੀਕੀ ਅਥਾਰਿਟੀਜ਼ ਨੇ ਖਾਲਿਸਤਾਨੀ ਵੱਖਵਾਦੀ ਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸਐੈੱਫਜੇ) ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਨਾਕਾਮ ਕੀਤੀ ਸੀ। ਬਰਤਾਨਵੀ ਮੀਡੀਆ ਨੇ ਕਿਹਾ ਕਿ ਜੂਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਫੇਰੀ ਮਗਰੋਂ ਅਮਰੀਕਾ ਨੇ ਇਸ ਕਥਿਤ ਸਾਜ਼ਿਸ਼ ਨੂੰ ਲੈ ਕੇ ਭਾਰਤ ਕੋਲ ਆਪਣਾ ਵਿਰੋਧ ਦਰਜ ਕਰਵਾਇਆ ਸੀ।
ਇਹ ਦੋਸ਼ ਅਜਿਹੇ ਮੌਕੇ ਸਾਹਮਣੇ ਆਏ ਹਨ ਜਦੋਂ ਭਾਰਤ ਨੇ ਅਮਰੀਕਾ ਨਾਲ ਮੰਤਰੀ ਪੱਧਰ ਦੀ 2+2 ਬੈਠਕ ਕੀਤੀ ਹੈ ਤੇ ਅਗਲੇ ਕੁਝ ਮਹੀਨਿਆਂ ਵਿੱਚ ਅਮਰੀਕੀ ਸਦਰ ਜੋਅ ਬਾਇਡਨ ਅਤੇ ਜਾਪਾਨ ਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀਆਂ ਨੇ ‘ਕੁਆਡ’ ਆਗੂਆਂ ਦੀ ਸਿਖਰ ਵਾਰਤਾ ਲਈ ਭਾਰਤ ਆਉਣਾ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਕੂਟਨੀਤਕ ਪੱਧਰ ’ਤੇ ਇਤਰਾਜ਼ ਜਤਾਉਣ ਦੇ ਨਾਲ ਸਰਕਾਰੀ ਵਕੀਲਾਂ ਨੇ ਪੰਨੂ ਦੇ ਕਤਲ ਦੀ ਯੋਜਨਾ ਵਿੱਚ ਸ਼ਾਮਲ ਇਕ ਸਾਜ਼ਿਸ਼ਘਾੜੇ ਖਿਲਾਫ਼ ਡਿਸਟ੍ਰਿਕਟ ਕੋਰਟ ਵਿੱਚ ਸੀਲਬੰਦ ਦੋਸ਼-ਪੱਤਰ ਵੀ ਦਾਖ਼ਲ ਕੀਤਾ ਹੈ। ਹਾਲਾਂਕਿ ਅਮਰੀਕਾ ਦਾ ਨਿਆਂ ਵਿਭਾਗ ਦੋਸ਼ ਜਨਤਕ ਕੀਤੇ ਜਾਣ ਨੂੰ ਲੈ ਕੇ ਦੁਚਿੱਤੀ ਵਿੱਚ ਹੈ। ਅਮਰੀਕਾ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਦੋਸ਼ ਜਨਤਕ ਕਰੇ ਜਾਂ ਫਿਰ ਉਸ ਨੂੰ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਹੱਤਿਆ ਮਾਮਲੇ ਵਿੱਚ ਕੈਨੇਡਾ ਵੱਲੋਂ ਵਿੱਢੀ ਜਾਂਚ ਪੂਰੀ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ। ਰਿਪੋਰਟ ਦਾਅਵਾ ਕਰਦੀ ਹੈ ਕਿ ਦੋਸ਼ਪੱਤਰ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਨਾਮ ਸ਼ਾਮਲ ਹਨ, ਉਨ੍ਹਾਂ ਵਿਚੋਂ ਇਕ ਅਮਰੀਕਾ ਛੱਡ ਕੇ ਜਾ ਚੁੱਕਾ ਹੈ, ਪਰ ਇਸ ਵਿਚ ਹੋਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਮਰੀਕੀ ਨਿਆਂ ਵਿਭਾਗ, ਸੰਘੀ ਜਾਂਚ ਏਜੰਸੀ (ਐੱਫਬੀਆਈ) ਤੇ ਕੌਮੀ ਸੁਰੱਖਿਆ ਕੌਂਸਲ (ਐੱਨਐੱਸਸੀ) ਨੇ ਅਜੇ ਤੱਕ ਇਨ੍ਹਾਂ ਦਾਅਵਿਆਂ ਬਾਰੇ ਅਧਿਕਾਰਤ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਲੰਡਨ ਅਧਾਰਿਤ ਰੋਜ਼ਨਾਮਚੇ ਵਿਚ ਅਣਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਲਾਏ ਦੋਸ਼ਾਂ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਪੰਨੂ ਹਾਲ ਹੀ ਵਿੱਚ ਉਦੋਂ ਸੁਰਖੀਆਂ ਵਿੱਚ ਆਇਆ ਸੀ, ਜਦੋਂ ਉਸ ਨੇ ਇਕ ਵੀਡੀਓ ਸੁਨੇਹੇ ਵਿਚ ਸਿੱਖ ਯਾਤਰੀਆਂ ਨੂੰ ‘ਏਅਰ ਇੰਡੀਆ’ ਦੀਆਂ ਉਡਾਣਾਂ ਵਿੱਚ ਸਫ਼ਰ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ। ਪੰਨੂ ਨੇ ਕਿਹਾ ਸੀ ਕਿ ਏਅਰ ਇੰਡੀਆ ਰਾਹੀਂ ਸਫ਼ਰ ਨਾਲ ਜਾਨ ਵੀ ਜਾ ਸਕਦੀ ਹੈ। ਇਸ ਧਮਕੀ ਮਗਰੋਂ ਐੱਨਆਈਏ ਨੇ ਪਿਛਲੇ ਦਿਨੀਂ ਪੰਨੂ ਖਿਲਾਫ਼ ਕੇਸ ਦਰਜ ਕੀਤਾ ਹੈ। ਉਧਰ ਭਾਰਤ ਵਿਚਲੀ ਅਮਰੀਕੀ ਅੰਬੈਸੀ ਨੇ ਕਿਹਾ, ‘‘ਅਸੀਂ ਕਾਨੂੰਨ ਏਜੰਸੀਆਂ ਨਾਲ ਜੁੜੇ ਮਸਲਿਆਂ ਜਾਂ ਸਾਡੇ ਭਾਈਵਾਲਾਂ ਨਾਲ ਜਾਰੀ ਖੁਫੀਆ ਗੱਲਬਾਤ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ।’’

Advertisement

ਅਮਰੀਕੀ ਨਾਗਰਿਕ ਨੂੰ ਅਮਰੀਕੀ ਸਰਜ਼ਮੀਨ ’ਤੇ ਧਮਕੀ ਅਮਰੀਕੀ ਪ੍ਰਭੂਸੱਤਾ ਲਈ ਚੁਣੌਤੀ: ਪੰਨੂ

ਮੀਡੀਆ ਵੱਲੋਂ ਸੰਪਰਕ ਕਰਨ ’ਤੇ ਗੁਰਪਤਵੰਤ ਪੰਨੂ ਨੇ ਕਿਹਾ, ‘‘ਜੇ ਕਿਸੇ ਅਮਰੀਕੀ ਨਾਗਰਿਕ ਨੂੰ ਅਮਰੀਕੀ ਸਰਜ਼ਮੀਨ ’ਤੇ ਕੋਈ ਵੰਗਾਰ ਦਰਪੇਸ਼ ਹੈ ਤਾਂ ਫਿਰ ਇਹ ਅਮਰੀਕਾ ਦੀ ਪ੍ਰਭੂਸੱਤਾ ਲਈ ਚੁਣੌਤੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਬਾਇਡਨ ਪ੍ਰਸ਼ਾਸਨ ਅਜਿਹੀ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੈ।’’ ਪੰਨੂ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਅਮਰੀਕੀ ਸਰਕਾਰ ਜਵਾਬ ਦੇਵੇ।

Advertisement

ਅਮਰੀਕਾ ਤੋਂ ਮਿਲੀ ਜਾਣਕਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ: ਭਾਰਤ

ਨਵੀਂ ਦਿੱਲੀ: ਭਾਰਤ ਨੇ ਕਿਹਾ ਕਿ ਉਹ ਸੁਰੱਖਿਆ ਨਾਲ ਜੁੜੇ ਮਸਲਿਆਂ ’ਤੇ ਅਮਰੀਕਾ ਵੱਲੋਂ ਮਿਲਦੀ ਜਾਣਕਾਰੀ ਨੂੰ ਸੰਜੀਦਗੀ ਨਾਲ ਲੈਂਦਾ ਹੈ ਕਿਉਂਕਿ ਇਹ ਉਸ ਦੀ ਆਪਣੀ ਕੌਮੀ ਸੁਰੱਖਿਆ ਨਾਲ ਜੁੜੇ ਫਿਕਰਾਂ ’ਤੇ ਵੀ ਅਸਰ ਪਾਉਂਦੇ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ‘‘ਭਾਰਤ-ਅਮਰੀਕਾ ਰੱਖਿਆ ਸਹਿਯੋਗ ਬਾਰੇ ਹਾਲੀਆ ਵਿਚਾਰ ਚਰਚਾ ਦੌਰਾਨ ਅਮਰੀਕਾ ਨੇ ਜਥੇਬੰਦਕ ਅਪਰਾਧ, ਗੰਨ ਰਨਰਜ਼, ਦਹਿਸ਼ਤਗਰਦਾਂ ਤੇ ਹੋਰਨਾਂ ਵਿਚਲੇ ਗੱਠਜੋੜ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।’’ ਤਰਜਮਾਨ ਨੇ ਕਿਹਾ ਕਿ ਇਹ ਜਾਣਕਾਰੀ ਦੋਵਾਂ ਮੁਲਕਾਂ ਲਈ ਵੱਡੀ ਫਿਕਰਮੰਦੀ ਦਾ ਵਿਸ਼ਾ ਹੈ ਤੇ ਉਨ੍ਹਾਂ ਲੋੜੀਂਦੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਬਾਗਚੀ ਨੇ ਕਿਹਾ, ‘‘ਭਾਰਤ ਆਪਣੇ ਵੱਲੋਂ ਅਜਿਹੀਆਂ ਜਾਣਕਾਰੀਆਂ ਨੂੰ ਸੰਜੀਦਗੀ ਨਾਲ ਲੈਂਦਾ ਹੈ ਤੇ ਸਬੰਧਤ ਵਿਭਾਗਾਂ ਵੱਲੋਂ ਪਹਿਲਾਂ ਹੀ ਇਸ ਦੀ ਪੜਚੋਲ ਸ਼ੁਰੂ ਕਰ ਦਿੱਤੀ ਗਈ ਹੈ।’’ -ਪੀਟੀਆਈ

Advertisement
Author Image

joginder kumar

View all posts

Advertisement