Ambedkar's insult: ਦੇਸ਼ ਅੰਬੇਦਕਰ ਦਾ ਅਪਮਾਨ ਨਹੀਂ ਸਹੇਗਾ, ਸ਼ਾਹ ਮੁਆਫ਼ੀ ਮੰਗਣ: ਰਾਹੁਲ
ਨਵੀਂ ਦਿੱਲੀ, 18 ਦਸੰਬਰ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਬਾਬਾਸਾਹਿਬ ਅੰਬੇਦਕਰ ਦਾ ਨਿਰਾਦਰ ਨਹੀਂ ਸਹਿਣ ਕਰੇਗਾ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜ ਸਭਾ ਵਿਚ ਕੀਤੀਆਂ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗਣ। ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਸਣੇ ਇੰਡੀਆ ਗੱਠਜੋੜ ਦੇ ਕਈ ਸੰਸਦ ਮੈਂਬਰਾਂ ਨੇ ਸ਼ਾਹ ਵੱਲੋਂ ਮੁਆਫ਼ੀ ਮੰਗੇ ਜਾਣ ਦੀ ਮੰਗ ਨੂੰ ਲੈ ਕੇ ਸੰਸਦੀ ਅਹਾਤੇ ਵਿਚ ਪ੍ਰਦਰਸ਼ਨ ਕੀਤਾ।
ਗਾਂਧੀ ਨੇ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਂਝੀ ਕਰਦਿਆਂ ਹਿੰਦੀ ਵਿਚ ਲਿਖੀ ਫੇਸਬੁੱਕ ਪੋਸਟ ਵਿਚ ਕਿਹਾ, ‘‘ਬਾਬਾਸਾਹਿਬ ਸੰਵਿਧਾਨ ਦੇ ਨਿਰਮਾਤਾ ਹਨ, ਇਕ ਮਹਾਨ ਵਿਅਕਤੀ ਜਿਨ੍ਹਾਂ ਦੇਸ਼ ਨੂੰ ਦਿਸ਼ਾ ਦਿੱਤੀ। ਦੇਸ਼ ਉਨ੍ਹਾਂ ਦੇ ਜਾਂ ਉਨ੍ਹਾਂ ਵੱਲੋਂ ਘੜੇ ਸੰਵਿਧਾਨ ਦਾ ਨਿਰਾਦਰ ਨਹੀਂ ਸਹਿਣ ਕਰੇਗਾ। ਗ੍ਰਹਿ ਮੰਤਰੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।’’
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਪ੍ਰਦਰਸ਼ਨ ਦੀਆਂ ਤਸਵੀਰਾਂ ਐਕਸ ’ਤੇ ਸਾਂਝੀਆਂ ਕੀਤੀਆਂ। ਪ੍ਰਿਯੰਕਾ ਨੇ ਐਕਸ ’ਤੇ ਕਿਹਾ, ‘‘ਅੰਬੇਦਕਰ ਜੀ ਦਾ ਨਾਮ ਲੈਣ ਨਾਲ ਅਧਿਕਾਰ ਮਿਲਦੇ ਹਨ। ਅੰਬੇਦਕਰ ਜੀ ਦਾ ਨਾਮ ਲੈਣਾ ਮਨੁੱਖੀ ਗੌਰਵ ਦਾ ਪ੍ਰਤੀਕ ਹੈ। ਅੰਬੇਦਕਰ ਦਾ ਨਾਮ ਕਰੋੜਾਂ ਦਲਿਤਾਂ ਤੇ ਵੰਚਿਤਾਂ (ਵਾਂਝਿਆਂ) ਦੇ ਆਤਮ-ਸਨਮਾਨ ਦਾ ਪ੍ਰਤੀਕ ਹੈ।’’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਸ਼ਾਹ ਦੀ ਉਪਰਲੇ ਸਦਨ ਵਿਚਲੀ ਤਕਰੀਰ ਦੀ ਵੀਡੀਓ ਐਕਸ ’ਤੇ ਸਾਂਝੀ ਕੀਤੀ। -ਪੀਟੀਆਈ
ਇਹ ਵੀ ਪੜ੍ਹੋ: Parliament Winter Session: ਅੰਬੇਦਕਰ ਬਾਰੇ ਸੰਸਦ ਦੇ ਦੋਵਾਂ ਸਦਨਾਂ ’ਚ ਹੰਗਾਮਾ, ਵਿਰੋਧੀ ਧਿਰਾਂ ਨੇ ‘ਜੈ ਭੀਮ’ ਦੇ ਨਾਅਰੇ ਲਾਏ