Congress workers die: ਪ੍ਰਦਰਸ਼ਨਾਂ ਦੌਰਾਨ ਲਖਨਊ ਤੇ ਗੁਹਾਟੀ ਵਿੱਚ ਦੋ ਕਾਂਗਰਸੀ ਵਰਕਰਾਂ ਦੀ ਮੌਤ
ਲਖਨਊ/ਗੁਹਾਟੀ, 18 ਦਸੰਬਰ
ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ, ਮਹਿੰਗਾਈ, ਨਿੱਜੀਕਰਨ ਅਤੇ ਕਾਨੂੰਨ ਵਿਵਸਥਾ ਵਰਗੇ ਮੁੱਦਿਆਂ ਨੂੰ ਲੈ ਕੇ ਅਤੇ ਗੁਹਾਟੀ ਵਿੱਚ ਮਨੀਪੁਰ ’ਚ ਅਸ਼ਾਂਤੀ ਤੇ ਅਡਾਨੀ ਸਮੂਹ ਖ਼ਿਲਾਫ਼ ਰਿਸ਼ਵਤਖੋਰੀ ਦੇ ਦੋਸ਼ਾਂ ਸਣੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ ਦੌਰਾਨ ਦੋਵੇਂ ਥਾਵਾਂ ’ਤੇ ਇਕ-ਇਕ ਪਾਰਟੀ ਵਰਕਰ ਦੀ ਮੌਤ ਹੋ ਗਈ। ਕਾਂਗਰਸ ਵੱਲੋਂ ਪਾਰਟੀ ਵਰਕਰਾਂ ਦੀਆਂ ਮੌਤਾਂ ਪੁਲੀਸ ਦੇ ਤਸ਼ੱਦਦ ਕਾਰਨ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਉੱਤਰ ਪ੍ਰਦੇਸ਼ ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਗੋਰਖਪੁਰ ਦੇ ਰਹਿਣ ਵਾਲੇ 28 ਸਾਲਾ ਪ੍ਰਭਾਤ ਪਾਂਡੇ ਨੂੰ ਕਾਂਗਰਸ ਦਫ਼ਤਰ ਤੋਂ ਹਸਪਤਾਲ ਮ੍ਰਿਤਕ ਹੀ ਲਿਜਾਇਆ ਗਿਆ। ਡੀਸੀਪੀ (ਸੈਂਟਰਲ ਲਖਨਊ) ਰਵੀਨਾ ਤਿਆਗੀ ਨੇ ਦੱਸਿਆ, ‘‘ਪ੍ਰਭਾਤ ਪਾਂਡੇ ਨੂੰ ਕਾਂਗਰਸ ਦਫ਼ਤਰ ਤੋਂ ਬੇਹੋਸ਼ੀ ਦੀ ਹਾਲਤ ਵਿੱਚ ਹਜ਼ਰਗੰਜ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।’’ ਤਿਆਗੀ ਨੇ ਕਿਹਾ, ‘‘ਡਾਕਟਰਾਂ ਮੁਤਾਬਕ ਪਹਿਲੀ ਨਜ਼ਰੇ ਉਸ ਦੇ ਸਰੀਰ ’ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਹੈ। ਇਸ ਤੋਂ ਇਲਾਵਾ ਪੈਨਲ ਵੱਲੋਂ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਉੱਧਰ, ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਜੇ ਰਾਏ ਨੇ ਵਿਧਾਨ ਭਵਨ ਦਾ ਘਿਰਾਓ ਕਰਨ ਦੀ ਕੋਸ਼ਿਸ਼ ਦੌਰਾਨ ਪੁਲੀਸ ਦੀ ਬੇਰਹਿਮੀ ਕਾਰਨ ਕਾਂਗਰਸ ਦੇ ਇਕ ਕਾਰਕੁਨ ਦੀ ਮੌਤ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਇਸੇ ਤਰ੍ਹਾਂ ਅਸਾਮ ਦੇ ਗੁਹਾਟੀ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਮਨੀਪੁਰ ’ਚ ਅਸ਼ਾਂਤੀ ਅਤੇ ਅਡਾਨੀ ਸਮੂਹ ’ਤੇ ਰਿਸ਼ਵਤਖੋਰੀ ਦੇ ਦੋਸ਼ਾਂ ਸਣੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਰਾਜਭਵਨ ਵੱਲ ਕੀਤੇ ਕੀਤੇ ਗਏ ਮਾਰਚ ਦੌਰਾਨ ਅੱਥਰੂ ਗੈਸ ਕਾਰਨ ਕਥਿਤ ਤੌਰ ’ਤੇ ਇਕ ਕਾਂਗਰਸੀ ਵਰਕਰ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਹਾਲਾਂਕਿ, ਇਸ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਕਾਂਗਰਸੀ ਵਰਕਰ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਉਨ੍ਹਾਂ ਘਟਨਾ ਦੌਰਾਨ ਕਿਸੇ ਦੇ ਵੀ ਜ਼ਖ਼ਮੀ ਹੋਣ ਤੋਂ ਇਨਕਾਰ ਕੀਤਾ।
ਪੁਲੀਸ ਤੇ ਕਾਂਗਰਸੀ ਸਮਰਥਕਾਂ ਵਿਚਾਲੇ ਹੋਈ ਝੜਪ ਦੌਰਾਨ ਕਾਂਗਰਸ ਦੀ ਅਸਾਮ ਇਕਾਈ ਦੇ ਪ੍ਰਧਾਨ ਭੁਪੇਨ ਕੁਮਾਰ ਬੋਰਾਹ ਅਤੇ ਸਾਬਕਾ ਰਾਜ ਸਭਾ ਮੈਂਬਰ ਰਿਪੁਨ ਬੋਰਾ ਧਰਤੀ ’ਤੇ ਡਿੱਗ ਗਈ ਅਤੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਪਾਰਟੀ ਦੇ ਤਰਜਮਾਨ ਬੇਦਾਰਤ ਬੋਰਾ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਕਾਨੂੰਨੀ ਸੈੱਲ ਦੇ ਮੈਂਬਰ ਐਡਵੋਕੇਟ ਮ੍ਰਿਦੁਲ ਇਸਲਾਮ (45) ਨੇੜੇ ਅੱਥਰੂ ਗੈਸ ਦਾ ਗੋਲਾ ਡਿੱਗਣ ਤੋਂ ਬਾਅਦ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਹੋਈ ਤੇ ਉਨ੍ਹਾਂ ਦੀ ਤਬੀਅਤ ਵਿਗੜ ਗਈ। ਉਨ੍ਹਾਂ ਕਿਹਾ, ‘‘ਮ੍ਰਿਦੁਲ ਨੂੰ ਤੁਰੰਤ ਨੇੜਲੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਉਸ ਤੋਂ ਬਾਅਦ ਗੁਹਾਟੀ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।’’ ਉਨ੍ਹਾਂ ਕਿਹਾ ਕਿ ਸੀਨੀਅਰ ਪੱਤਰਕਾਰ ਅਮਰੇਂਦਰ ਡੇਕਾ ਤੇ ਉਨ੍ਹਾਂ ਦੇ ਕੈਮਰਾਮੈਨ ਸਣੇ ਕਈ ਮੀਡੀਆ ਕਰਮੀ ਜ਼ਖ਼ਮੀ ਹੋ ਗਏ ਜਿਨ੍ਹਾਂ ਦਾ ਜੀਐੱਮਸੀਐੱਚ ਵਿੱਚ ਇਲਾਜ ਚੱਲ ਰਿਹਾ ਹੈ।’’
ਉੱਧਰ, ਜੀਐੱਮਸੀਐੱਚ ਦਾ ਦੌਰਾ ਕਰਨ ਤੋਂ ਬਾਅਦ ਗੁਹਾਟੀ ਦੇ ਪੁਲੀਸ ਕਮਿਸ਼ਨਰ ਦਿਗਾਂਤ ਬਾਰਾਹ ਨੇ ਕਿਹਾ, ‘‘ਪੁਲੀਸ ਵੱਲੋਂ ਅੱਥਰੂ ਗੈਸ ਦੇ ਸਿਰਫ਼ ਤਿੰਨ ਗੋਲੇ ਸੜਕ ’ਤੇ ਸੁੱਟੇ ਗਏ ਸਨ ਤਾਂ ਜੋ ਧੂੰਏਂ ਕਾਰਨ ਲੋਕ ਖਿੰਡ ਜਾਣ।’’ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਰਾਜ ਭਵਨ ਵੱਲ ਮਾਰਚ ਦੀ ਇਜਾਜ਼ਤ ਵੀ ਨਹੀਂ ਲਈ ਸੀ। -ਪੀਟੀਆਈ