ਅਮਰਨਾਥ ਯਾਤਰਾ: ਸ਼ਰਧਾਲੂਆਂ ਦਾ ਦੂਜਾ ਜਥਾ ਰਵਾਨਾ
ਜੰਮੂ/ਨਵੀਂ ਦਿੱਲੀ, 1 ਜੁਲਾਈ
ਅਮਰਨਾਥ ਯਾਤਰਾ ਲਈ 4,400 ਤੋਂ ਵੱਧ ਸ਼ਰਧਾਲੂਆਂ ਦਾ ਦੂਸਰਾ ਜੱਥਾ ਇੱਥੋਂ ਦੇ ਭਗਵਤੀ ਨਗਰ ਕੈਂਪ ਤੋਂ ਅੱਜ ਰਵਾਨਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਤੀਰਥ ਯਾਤਰੀ ਸਵੇਰੇ 188 ਵਾਹਨਾਂ ਵਿੱਚ ਕੈਂਪ ਤੋਂ ਰਵਾਨਾ ਹੋਏ। ਇਸ ਦੇ ਨਾਲ ਹੀ ਜੰਮੂ ਕੈਂਪ ਤੋਂ ਅਮਰਨਾਥ ਯਾਤਰਾ ਲਈ ਰਵਾਨਾ ਹੋਣ ਵਾਲੇ ਤੀਰਥ ਯਾਤਰੀਆਂ ਦੀ ਗਿਣਤੀ 7,904 ਹੋ ਗਈ ਹੈ। ਪਹਿਲੇ ਜਥੇ ਨੂੰ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਬੀਤੇ ਦਿਨੀਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਨਾਥ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਕੀਤੇ ਹੋਏ ਹਨ। ਸ਼ਾਹ ਨੇ ਟਵੀਟ ਕੀਤਾ, ‘‘ਬਾਬਾ ਬਰਫਾਨੀ ਦੇ ਦਰਸ਼ਨ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਸ਼ਾਸਨ ਨੇ ਹਰ ਸੰਭਵ ਪ੍ਰਬੰਧ ਕੀਤੇ ਹਨ। ਤੁਹਾਡੀ ਖੁਸ਼ਹਾਲ ਯਾਤਰਾ ਹੀ ਸਾਡੀ ਤਰਜੀਹ ਹੈ। ਯਾਤਰਾ ਲਈ ਸਾਰੇ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ। ਜੈ ਬਾਬਾ ਬਰਫ਼ਾਨੀ।’’
ਸ੍ਰੀਨਗਰ: ਭਾਰਤੀ ਫੌਜ ਨੇ ਕਿਹਾ ਕਿ ਅਮਰਨਾਥ ਯਾਤਰਾ ਨੂੰ ਸੁਰੱਖਿਅਤ ਨੇਪਰੇ ਚਾਡ਼੍ਹਨ ਲਈ ਕਮਾਂਡੋ, ਡਰੋਨ ਰੋਕੂ ਪ੍ਰਣਾਲੀ, ਬੰਬ ਨਕਾਰਾ ਦਸਤੇ ਤੇ ਸੂਹੀਆ ਕੁੱਤਿਆਂ ਦੇ ਦਸਤਿਆਂ ਦੀ ਤਾਇਨਾਤੀ ਸਮੇਤ ਮਜ਼ਬੂਤ ਅਤੇ ਗਤੀਸ਼ੀਲ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਫੌਜ ਨੇ ਕਿਹਾ ਕਿ ਸਾਲਾਨਾ ਅਮਰਨਾਥ ਯਾਤਰਾ ਬਾਲਟਾਲ ਅਤੇ ਪਹਿਲਗਾਮ ਦੇ ਰਸਤੇ ਰਾਹੀਂ ਸ਼ੁਰੂ ਹੋ ਗਈ ਹੈ। ਫੌਜ ਦੇ ਸੈਕਟਰ-3 ਕੌਮੀ ਰਾਈਫਲ ਕਮਾਂਡਰ ਬ੍ਰਿਗੇਡੀਅਰ ਅਤੁਲ ਰਾਜਪੂਤ ਨੇ ਦੱਸਿਆ, ‘‘ਭਾਰਤੀ ਸੈਨਾ ਹਮੇਸ਼ਾ ਯਾਤਰੀਆਂ ਦੀ ਸੁਰੱਖਿਅਤ ਯਾਤਰਾ ਯਕੀਨੀ ਬਣਾਉਣ ਵਿੱਚ ਮਸਰੂਫ ਰਹੀ ਹੈ। ਇਸ ਸਾਲ ਵੀ ਫੌਜ ਨੇ ਹੋਰ ਸਾਰੇ ਹਿੱਤਧਾਰਕਾਂ ਨਾਲ ਮਿਲ ਕੇ ਸ੍ਰੀ ਅਮਰਨਾਥ ਜੀ ਯਾਤਰਾ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।’’ -ਪੀਟੀਆਈ
ਅਮਰਨਾਥ ਯਾਤਰਾ ਸਾਡੀ ਸ਼ਾਨਾਮੱਤੀ ਵਿਰਾਸਤ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਮਰਨਾਥ ਯਾਤਰਾ ਰੂਹਾਨੀਅਤ ਦੀ ਸਾਡੀ ਪਵਿੱਤਰ ਵਿਰਾਸਤ ਹੈ। ਇੱਕ ਟਵੀਟ ਵਿੱਚ ਉਨ੍ਹਾਂ ਕਿਹਾ, ‘‘ਸ੍ਰੀ ਅਮਰਨਾਥ ਜੀ ਦੀ ਯਾਤਰਾ ਸਾਡੀ ਵਿਰਾਸਤ ਦਾ ਰੂਹਾਨੀ ਅਤੇ ਸ਼ਾਨਾਮੱਤੀ ਜਲੌਅ ਹੈ। ਮੇਰੀ ਕਾਮਨਾ ਹੈ ਕਿ ਬਾਬਾ ਬਰਫਾਨੀ ਦੇ ਅਾਸ਼ੀਰਵਾਦ ਨਾਲ ਸਾਰੇ ਸ਼ਰਧਾਲੂਆਂ ਦੇ ਜੀਵਨ ਵਿੱਚ ਨਵੇਂ ਉਤਸ਼ਾਹ ਅਤੇ ਨਵੀਂ ੳੂਰਜਾ ਦਾ ਸੰਚਾਰ ਹੋਵੇ। ਨਾਲ ਹੀ, ਅੰਮ੍ਰਿਤ ਕਾਲ ਵਿੱਚ ਸਾਡਾ ਦੇਸ਼ ਪੂਰੇ ਸੰਕਲਪ ਨਾਲ ਤੇਜ਼ੀ ਨਾਲ ਅੱਗੇ ਵਧੇ। ਜੈ ਬਾਬਾ ਬਰਫਾਨੀ।’’ -ਪੀਟੀਆਈ