ਪੰਚਾਇਤੀ ਜ਼ਮੀਨ ਦੀ ਬੋਲੀ ’ਚ ਘਪਲੇ ਦੇ ਦੋਸ਼
ਸੁਭਾਸ਼ ਚੰਦਰ
ਸਮਾਣਾ, 25 ਜੁਲਾਈ
ਬਲਾਕ ਦੇ ਪਿੰਡ ਬੁਜਰਕ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਲੱਖਾਂ ਰੁਪਏ ਦੇ ਘਪਲੇ ਦਾ ਦੋਸ਼ ਲਾਉਂਦਿਆਂ ਪੰਚਾਇਤ ਮੈਂਬਰਾਂ ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਇਸ ਸਾਲ ਅੱਠ ਮਈ ਨੂੰ ਉਨ੍ਹਾਂ ਦੇ ਪਿੰਡ 28 ਏਕੜ ਜ਼ਮੀਨ ਦੀ ਬੋਲੀ 14.60 ਲੱਖ ਰੁਪਏ ਵਿਚ ਹੋਈ ਸੀ, ਜਿਸ ਵਿਚੋਂ 11.70 ਲੱਖ ਰੁਪਏ ਪੰਚਾਇਤ ਸਕੱਤਰ ਵੱਲੋਂ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਅਤੇ ਬਾਕੀ 2.90 ਲੱਖ ਰੁਪਏ ਦਾ ਕੋਈ ਹਿਸਾਬ ਨਹੀਂ ਦਿੱਤਾ। ਪੰਚਾਇਤ ਮੈਂਬਰਾਂ ਅਨੁਸਾਰ 58 ਹਜ਼ਾਰ ਰੁਪਏ ਪਿੰਡ ਦੇ ਕੰਮ ਕਰਵਾਉਣ ਦੇ ਹਿਸਾਬ ਵਿੱਚ ਦਰਸਾਏ ਗਏ ਹਨ, ਜਦੋਂਕਿ ਪਿੰਡ ਦਾ ਕੋਈ ਕੰਮ ਹੀ ਨਹੀਂ ਕਰਵਾਇਆ ਗਿਆ।
ਉਨ੍ਹਾਂ ਦੋਸ਼ ਲਗਾਇਆ ਕਿ ਪੰਚਾਇਤ ਸਕੱਤਰ ਆਪਣੇ ਕਾਰਵਾਈ ਰਜਿਸਟਰ ਵਿੱਚ ਮੈਂਬਰਾਂ ਦਾ ਪਹਿਲਾਂ ਹੀ ਦਸਤਖ਼ਤ ਕਰਵਾ ਲੈਂਦਾ ਹੈ। ਇਸ ਤਰ੍ਹਾਂ ਪੰਚਾਇਤ ਸਕੱਤਰ ਅਤੇ ਸਰਪੰਚ ਦੋਵੇਂ ਮਿਲ ਕੇ ਕਥਿਤ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ ਜਿਸਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਇਸ ਸਬੰਧੀ ਪਿੰਡ ਦੀ ਮਹਿਲਾਂ ਸਰਪੰਚ ਦੇ ਪਤੀ ਸੰਸਾਰ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਇਨਕਾਰ ਕਰ ਦਿੱਤਾ। ਜਦੋਂਕਿ ਬੀਡੀਪੀਓ ਗੁਰਮੇਲ ਸਿੰਘ ਨੇ 14 ਲੱਖ 61 ਹਜ਼ਾਰ 520 ਰੁਪਏ ਬੋਲੀ ਹੋਣ ਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ 1.10 ਲੱਖ ਰੁਪਏ ਚਕੋਤੇਦਾਰ ਦੀ ਬਕਾਇਆ ਹੈ ਅਤੇ ਖ਼ੁਰਦ-ਬੁਰਦ ਕੀਤੀ 80 ਹਜ਼ਾਰ ਰੁਪਏ ਦੀ ਰਕਮ ਪੰਚਾਇਤ ਸਕੱਤਰ ਤੋਂ ਵਸੂਲ ਕਰ ਲਈ ਗਈ ਹੈ।ਇਸ ਸਬੰਧੀ ਬਲਾਕ ਸੰਮਤੀ ਦੀ ਡਿਪਟੀ ਚੇਅਰਮੈਨ ਅਮਰਜੀਤ ਕੌਰ ਨੇ ਦੱਸਿਆ ਕਿ ਪਿੰਡ ਬੁਜਰਕ ਵਿੱਚ ਹੋਈ ਘਪਲੇ ਸਬੰਧੀ ਸੋਮਵਾਰ ਨੂੰ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਅਧਿਕਾਰੀਆਂ ਤੋਂ ਪੂਰੇ ਬਲਾਕ ਦੇ ਪਿੰਡਾਂ ਦੀ ਹੋਈ ਬੋਲੀ ਦੀ ਵੀਡਿਓਗ੍ਰਾਫੀ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।