For the best experience, open
https://m.punjabitribuneonline.com
on your mobile browser.
Advertisement

ਅਡਾਨੀ ’ਤੇ ਭਾਰਤੀ ਅਧਿਕਾਰੀਆਂ ਨੂੰ 2,100 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼

06:16 AM Nov 22, 2024 IST
ਅਡਾਨੀ ’ਤੇ ਭਾਰਤੀ ਅਧਿਕਾਰੀਆਂ ਨੂੰ 2 100 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਮੀਡੀਆ ਨਾਲ ਅਡਾਨੀ ਗਰੁੱਪ ’ਤੇ ਰਿਸ਼ਵਤ ਦੇ ਲੱਗੇ ਦੋਸ਼ਾਂ ਬਾਰੇ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਨਿਊਯਾਰਕ, 21 ਨਵੰਬਰ
ਭਾਰਤੀ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਹਾਲੇ ਅਮਰੀਕੀ ਸ਼ਾਰਟ ਸੈੱਲਰ ਹਿੰਡਨਬਰਗ ਰਿਸਰਚ ਵੱਲੋਂ ਲਾਏ ਧੋਖਾਧੜੀ ਦੇ ਦੋਸ਼ਾਂ ਤੋਂ ਉਭਰਿਆ ਵੀ ਨਹੀਂ ਸੀ ਕਿ ਹੁਣ ਅਮਰੀਕਾ ਦੀ ਅਦਾਲਤ ’ਚ ਉਸ ’ਤੇ ਸੂਰਜੀ ਊਰਜਾ ਠੇਕੇ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 25 ਕਰੋੜ ਡਾਲਰ (ਕਰੀਬ 2100 ਕਰੋੜ ਰੁਪਏ) ਦੀ ਰਿਸ਼ਵਤ ਦੇਣ ਦੇ ਦੋਸ਼ ਲੱਗੇ ਹਨ। ਭਾਰਤ ਦੇ ਦੂਜੇ ਸਭ ਤੋਂ ਅਮੀਰ ਅਡਾਨੀ ’ਤੇ ਅਮਰੀਕੀ ਅਧਿਕਾਰੀਆਂ ਨੇ ਦੋ ਵੱਖੋ-ਵੱਖਰੇ ਮਾਮਲਿਆਂ ’ਚ ਰਿਸ਼ਵਤਖੋਰੀ ਅਤੇ ਸਕਿਉਰਿਟੀਜ਼ ਧੋਖਾਧੜੀ ਦੇ ਦੋਸ਼ ਲਾਏ ਹਨ। ਨਿਊਯਾਰਕ ਦੀ ਅਦਾਲਤ ’ਚ ਅਮਰੀਕੀ ਨਿਆਂ ਵਿਭਾਗ ਵੱਲੋਂ ਗੌਤਮ ਅਤੇ ਉਸ ਦੇ ਭਤੀਜੇ ਸਾਗਰ ਸਮੇਤ ਸੱਤ ਹੋਰਾਂ ’ਤੇ ਮਹਿੰਗੀ ਸੂਰਜੀ ਊਰਜਾ ਖ਼ਰੀਦਣ ਲਈ ਆਂਧਰਾ ਪ੍ਰਦੇਸ਼ ਜਿਹੀਆਂ ਸੂਬਾ ਸਰਕਾਰਾਂ ਦੇ ਅਣਪਛਾਤੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ ਲਾਏ ਹਨ ਤਾਂ ਜੋ 20 ਸਾਲਾਂ ’ਚ ਦੋ ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਮੁਨਾਫ਼ਾ ਕਮਾਇਆ ਜਾ ਸਕੇ। ਮੁਕੱਦਮੇ ਮੁਤਾਬਕ ਨਵੀਂ ਦਿੱਲੀ ਸਥਿਤ ਐਜ਼ਿਊਰ ਪਾਵਰ ਵੀ ਕਥਿਤ ਰਿਸ਼ਵਤਖੋਰੀ ਸਾਜ਼ਿਸ਼ ਦਾ ਹਿੱਸਾ ਸੀ। ਇਸ ਤੋਂ ਇਲਾਵਾ ਅਮਰੀਕੀ ਸਕਿਉਰਿਟੀਜ਼ ਅਤੇ ਐਕਸਚੇਂਜ ਕਮਿਸ਼ਨ ਨੇ ਵੀ ਗੌਤਮ ਅਤੇ ਸਾਗਰ ਅਡਾਨੀ ਤੇ ਐਜ਼ਿਊਰ ਪਾਵਰ ਦੇ ਅਧਿਕਾਰੀ ’ਤੇ ਸੰਘੀ ਸਕਿਊਰਿਟੀਜ਼ ਕਾਨੂੰਨਾਂ ਦੀਆਂ ਧੋਖਾਧੜੀ ਵਿਰੋਧੀ ਧਾਰਾਵਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ। ਜਾਣਕਾਰੀ ਮੁਤਾਬਕ ਅਡਾਨੀ ਗਰੁੱਪ ਖ਼ਿਲਾਫ਼ ਹਾਲੇ ਸਿਰਫ਼ ਦੋਸ਼ ਲੱਗੇ ਹਨ ਅਤੇ ਜਦੋਂ ਤੱਕ ਉਹ ਦੋਸ਼ੀ ਸਾਬਤ ਨਾ ਹੋ ਜਾਣ, ਉਨ੍ਹਾਂ ਨੂੰ ਬੇਕਸੂਰ ਮੰਨਿਆ ਜਾਵੇਗਾ। ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਅਦਾ ਕੀਤੀ ਰਿਸ਼ਵਤ ਦੀ ਜਾਣਕਾਰੀ ਅਮਰੀਕੀ ਬੈਂਕਾਂ ਅਤੇ ਨਿਵੇਸ਼ਕਾਂ ਤੋਂ ਲੁਕਾਈ ਗਈ, ਜਿਸ ਤੋਂ ਅਡਾਨੀ ਗਰੁੱਪ ਨੇ 12 ਗੀਗਾਵਾਟ ਸੂਰਜੀ ਊਰਜਾ ਦੀ ਸਪਲਾਈ ਕਰਨ ਵਾਲੇ ਪ੍ਰਾਜੈਕਟਾਂ ਲਈ ਅਰਬਾਂ ਡਾਲਰ ਇਕੱਠੇ ਕੀਤੇ ਸਨ। ਅਮਰੀਕੀ ਕਾਨੂੰਨ ਆਪਣੇ ਨਿਵੇਸ਼ਕਾਂ ਜਾਂ ਬਾਜ਼ਾਰਾਂ ਨਾਲ ਜੁੜੇ ਵਿਦੇਸ਼ਾਂ ’ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦਿੰਦਾ ਹੈ। ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਕੰਪਨੀ ਨੇ ਕੌਮਾਂਤਰੀ ਵਿੱਤੀ ਅਦਾਰਿਆਂ ਅਤੇ ਅਮਰੀਕਾ ਸਥਿਤ ਐਸੇਟ ਮੈਨੇਜਮੈਂਟ ਕੰਪਨੀਆਂ ਤੋਂ ਦੋ ਅਰਬ ਡਾਲਰ ਤੋਂ ਵਧ ਦਾ ਬੈਂਕ ਕਰਜ਼ਾ ਚੁੱਕਿਆ ਸੀ। ਕੌਮਾਂਤਰੀ ਵਿੱਤੀ ਅਦਾਰਿਆਂ ਵੱਲੋਂ ਅਮਰੀਕਾ ’ਚ ਨਿਵੇਸ਼ਕਾਂ ਨੂੰ ਵੇਚੀ ਇਕ ਅਰਬ ਡਾਲਰ ਤੋਂ ਵੱਧ ਦੀ ਸਕਿਊਰਿਟੀਜ਼ ਦੀ ਪੇਸ਼ਕਸ਼ ਕੀਤੀ ਸੀ। ਡਿਪਟੀ ਅਸਿਸਟੈਂਟ ਅਟਾਰਨੀ ਜਨਰਲ ਲੀਸਾ ਮਿਲਰ ਨੇ ਕਿਹਾ ਕਿ ਅਡਾਨੀ ਅਤੇ ਉਸ ਦੇ ਹੋਰ ਸਾਥੀਆਂ ਨੇ ਅਮਰੀਕੀ ਨਿਵੇਸ਼ਕਾਂ ਦੀ ਕੀਮਤ ’ਤੇ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਰਾਹੀਂ ਠੇਕੇ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਅਮਰੀਕੀ ਅਟਾਰਨੀ ਬ੍ਰਾਇਨ ਪੀਸ ਨੇ ਕਿਹਾ ਕਿ ਮੁਲਜ਼ਮਾਂ ਨੇ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਇਕ ਵੱਡੀ ਸਾਜ਼ਿਸ਼ ਘੜੀ ਸੀ। -ਪੀਟੀਆਈ

Advertisement

ਅਡਾਨੀ ਗਰੁੱਪ ਵੱਲੋਂ ਦੋਸ਼ ਆਧਾਰਹੀਣ ਕਰਾਰ

ਨਵੀਂ ਦਿੱਲੀ: ਅਡਾਨੀ ਗਰੁੱਪ ਨੇ ਸੂਰਜੀ ਊਰਜਾ ਠੇਕਿਆਂ ਲਈ ਅਫ਼ਸਰਾਂ ਨੂੰ ਰਿਸ਼ਵਤ ਦੇਣ ਦੇ ਅਮਰੀਕੀ ਅਦਾਲਤ ਵੱਲੋਂ ਲਾਏ ਗਏ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਆਧਾਰਹੀਣ ਹਨ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਗਰੁੱਪ ਸਾਰੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ। ਅਡਾਨੀ ਗਰੁੱਪ ਦੇ ਤਰਜਮਾਨ ਨੇ ਇਕ ਬਿਆਨ ’ਚ ਕਿਹਾ ਕਿ ਇਸ ਮਾਮਲੇ ’ਚ ਹਰਸੰਭਵ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਬਿਆਨ ’ਚ ਕਿਹਾ ਗਿਆ, ‘‘ਅਮਰੀਕੀ ਨਿਆਂ ਵਿਭਾਗ ਅਤੇ ਅਮਰੀਕੀ ਸਕਿਊਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਵੱਲੋਂ ਅਡਾਨੀ ਗਰੀਨ ਦੇ ਡਾਇਰੈਕਟਰਾਂ ਖ਼ਿਲਾਫ਼ ਲਾਏ ਗਏ ਦੋਸ਼ ਆਧਾਰਹੀਣ ਹਨ ਅਤੇ ਉਹ ਰੱਦ ਕੀਤੇ ਜਾਂਦੇ ਹਨ।’’ ਤਰਜਮਾਨ ਨੇ ਕਿਹਾ ਕਿ ਅਡਾਨੀ ਗਰੁੱਪ ਨੇ ਹਮੇਸ਼ਾ ਆਪਣੇ ਕਾਰੋਬਾਰ ਦੌਰਾਨ ਸਾਰੇ ਖੇਤਰਾਂ ’ਚ ਸ਼ਾਸਨ, ਪਾਰਦਰਸ਼ਿਤਾ ਅਤੇ ਰੈਗੁਲੇਟਰੀ ਨੇਮਾਂ ਦੇ ਉੱਚੇ ਮਾਪਦੰਡਾਂ ਨੂੰ ਬਣਾਈ ਰੱਖਣ ਲਈ ਵਚਨਬੱਧਤਾ ਦਿਖਾਈ ਹੈ। ਉਸ ਨੇ ਕਿਹਾ ਕਿ ਅਡਾਨੀ ਗਰੁੱਪ ਆਪਣੇ ਸਾਰੇ ਹਿੱਤਧਾਰਕਾਂ, ਭਾਈਵਾਲਾਂ ਅਤੇ ਮੁਲਾਜ਼ਮਾਂ ਨੂੰ ਭਰੋਸਾ ਦਿੰਦਾ ਹੈ ਕਿ ਉਹ ਕਾਨੂੰਨ ਦਾ ਪਾਲਣ ਕਰਨ ਵਾਲਾ ਗਰੁੱਪ ਹੈ ਅਤੇ ਉਨ੍ਹਾਂ ਦੀ ਹਮੇਸ਼ਾ ਪਾਲਣਾ ਕੀਤੀ ਜਾਂਦੀ ਹੈ। -ਪੀਟੀਆਈ

Advertisement

ਅਡਾਨੀ ਗਰੀਨ ਐਨਰਜੀ ਨੇ 60 ਕਰੋੜ ਡਾਲਰ ਦੀ ਬਾਂਡ ਯੋਜਨਾ ਰੱਦ ਕੀਤੀ

ਅਡਾਨੀ ਗਰੁੱਪ ਦੀ ਨਵਿਆਉਣਯੋਗ ਊਰਜਾ ਵਾਲੀ ਕੰਪਨੀ ਅਡਾਨੀ ਗਰੀਨ ਐਨਰਜੀ ਲਿਮਟਿਡ ਨੇ ਵੀਰਵਾਰ ਨੂੰ 60 ਕਰੋੜ ਡਾਲਰ ਦੇ ਬਾਂਡ ਜਾਰੀ ਕਰਨ ਵਾਲੀ ਯੋਜਨਾ ਰੱਦ ਕਰ ਦਿੱਤੀ ਹੈ। ਇਹ ਬਾਂਡ ਯੋਜਨਾ ਦੋਸ਼ ਆਇਦ ਹੋਣ ਤੋਂ ਪਹਿਲਾਂ ਹੀ ਤਿੰਨ ਗੁਣਾ ਭਰ ਗਈ ਸੀ। ਅਡਾਨੀ ਗਰੀਨ ਐਨਰਜੀ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਸੂਚਨਾ ’ਚ ਦੱਸਿਆ, ‘‘ਮੌਜੂਦਾ ਘਟਨਾਕ੍ਰਮ ਨੂੰ ਦੇਖਦਿਆਂ ਸਾਡੀਆਂ ਸਬਸਿਡਰੀ ਕੰਪਨੀਆਂ ਨੇ ਹਾਲੇ ਪ੍ਰਸਤਾਵਿਤ ਅਮਰੀਕੀ ਡਾਲਰ ਵਾਲੀਆਂ ਬਾਂਡ ਪੇਸ਼ਕਸ਼ਾਂ ਨੂੰ ਅੱਗੇ ਨਾ ਵਧਾਉਣ ਦਾ ਫ਼ੈਸਲਾ ਲਿਆ ਹੈ।’’

ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਦੋਸ਼ਾਂ ਦੀ ਕੇਂਦਰ ਜਾਂਚ ਕਰੇ: ਫਾਰੂਕ

ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਕੇਂਦਰ ਨੂੰ ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਦੋਸ਼ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦੀ ਮੁਕੰਮਲ ਜਾਂਚ ਕਰਨੀ ਚਾਹੀਦੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਹੀ ਅਡਾਨੀ ਗਰੁੱਪ ਦੋਸ਼ਾਂ ਹੇਠ ਘਿਰਿਆ ਹੋਇਆ ਹੈ ਅਤੇ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕੇਂਦਰ ਸਰਕਾਰ ਨੂੰ ਇਹ ਮੁੱਦਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਧਰ ਸੀਪੀਐੱਮ ਨੇ ਕਿਹਾ ਕਿ ਸਰਕਾਰ ਹੁਣ ਕਿਸੇ ਨੂੰ ਗੁੰਮਰਾਹ ਨਹੀਂ ਕਰ ਸਕਦੀ ਹੈ ਕਿਉਂਕਿ ਅਜਿਹੇ ਦੋਸ਼ਾਂ ਦਾ ਪਤਾ ਭਾਰਤ ’ਚ ਨਹੀਂ ਸਗੋਂ ਅਮਰੀਕਾ ’ਚ ਲੱਗਾ ਹੈ। -ਪੀਟੀਆਈ

ਅਡਾਨੀ ਮਾਮਲੇ ’ਚ ਕਾਨੂੰਨ ਆਪਣੀ ਕਾਰਵਾਈ ਕਰੇਗਾ: ਭਾਜਪਾ

ਨਵੀਂ ਦਿੱਲੀ: ਅਮਰੀਕਾ ’ਚ ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਰਿਸ਼ਵਤਖੋਰੀ ਦੇ ਦੋਸ਼ਾਂ ਮਗਰੋਂ ਭਾਜਪਾ ਤਰਜਮਾਨ ਅਤੇ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ ਕਿ ਕਾਨੂੰਨ ਆਪਣੀ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਚਾਰ ਸੂਬਿਆਂ ਆਂਧਰਾ ਪ੍ਰਦੇਸ਼, ਉੜੀਸਾ, ਛੱਤੀਸਗੜ੍ਹ ਅਤੇ ਤਾਮਿਲਨਾਡੂ, ਜਿਥੇ ਸਰਕਾਰੀ ਅਫ਼ਸਰਾਂ ਨੂੰ ਅਡਾਨੀ ਗਰੁੱਪ ਵੱਲੋਂ 25 ਕਰੋੜ ਡਾਲਰ ਤੋਂ ਵਧ ਦੀ ਰਿਸ਼ਵਤ ਦੇਣ ਦੇ ਦੋਸ਼ ਲੱਗੇ ਹਨ, ’ਚ ਜਦੋਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਉਸ ਸਮੇਂ ਉਥੇ ਗ਼ੈਰ-ਭਾਜਪਾਈ ਸਰਕਾਰਾਂ ਸਨ। ਉਧਰ ਸੇਬੀ ਅਧਿਕਾਰੀਆਂ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ ਪਰ ਮਾਹਿਰਾਂ ਮੁਤਾਬਕ ਸੇਬੀ ਨੂੰ ਇਸ ਮਾਮਲੇ ਅਤੇ ਹੋਰ ਉਲੰਘਣਾ ਦੀ ਘੋਖ ਕਰਕੇ ਲੋੜੀਂਦੀ ਕਾਰਵਾਈ ਕਰਨੀ ਪਵੇਗੀ। -ਪੀਟੀਆਈ

ਅਡਾਨੀ ਗਰੁੱਪ ਦੇ ਸ਼ੇਅਰ ਮੂਧੇ ਮੂੰਹ ਡਿੱਗੇ

ਮੁੰਬਈ: ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ’ਤੇ ਅਮਰੀਕਾ ਵਿੱਚ ਕਥਿਤ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ ਲੱਗਣ ਮਗਰੋਂ ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਅੱਜ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਮੁੱਖ ਸ਼ੇਅਰ ਸੂਚਕਅੰਕ ਸੈਂਸੈਕਸ ਤੇ ਨਿਫਟੀ ਮੂਧੇ ਮੂੰਹ ਡਿੱਗ ਗਏ। ਇਸ ਤੋਂ ਇਲਾਵਾ ਵਿਦੇਸ਼ੀ ਫੰਡਾਂ ਦੀ ਬੇਰੋਕ ਨਿਕਾਸੀ ਅਤੇ ਏਸ਼ਿਆਈ ਤੇ ਯੂਰਪੀ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨ ਨੇ ਵੀ ਸ਼ੇਅਰ ਬਾਜ਼ਾਰ ਨੂੰ ਪ੍ਰਭਾਵਿਤ ਕੀਤਾ ਹੈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕਅੰਕ ਸੈਂਸੈਕਸ 422.59 ਅੰਕ ਜਾਂ 0.54 ਫੀਸਦ ਡਿੱਗ ਕੇ 77,155.79 ’ਤੇ ਬੰਦ ਹੋਇਆ। ਦਿਨ ਵਿੱਚ ਕਾਰੋਬਾਰ ਦੌਰਾਨ ਇੱਕ ਸਮੇਂ ਇਹ 775.65 ਅੰਕ ਤੱਕ ਡਿੱਗ ਗਿਆ ਸੀ। ਇਸੇ ਤਰ੍ਹਾਂ ਐੱਨਐੱਸਈ ਨਿਫਟੀ 168.60 ਅੰਕ ਜਾਂ 0.72 ਫੀਸਦ ਡਿੱਗ ਕੇ 23,349.90 ’ਤੇ ਆ ਗਿਆ। ਅਡਾਨੀ ਐਂਟਰਪ੍ਰਾਈਜਿਜ਼, ਅਡਾਨੀ ਐਨਰਜੀ ਸੋਲਿਊਸ਼ਨਜ਼, ਅਡਾਨੀ ਪੋਰਟਸ ਅਤੇ ਅਡਾਨੀ ਗਰੀਨ ਐਨਰਜੀ ਸਮੇਤ ਅਡਾਨੀ ਗਰੁੱਪ ਦੇ ਸਾਰੇ ਸ਼ੇਅਰਾਂ ਵਿੱਚ ਲਗਪਗ 23 ਫੀਸਦ ਤੱਕ ਗਿਰਾਵਟ ਦਰਜ ਕੀਤੀ ਗਈ। -ਪੀਟੀਆਈ

ਅਡਾਨੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ: ਰਾਹੁਲ

ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਮੰਗ ਕੀਤੀ ਹੈ ਕਿ ਅਮਰੀਕਾ ਦੀ ਅਦਾਲਤ ’ਚ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ ਲੱਗਣ ਮਗਰੋਂ ਕਾਰੋਬਾਰੀ ਗੌਤਮ ਅਡਾਨੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਧਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਡਾਨੀ ਗਰੁੱਪ ਖ਼ਿਲਾਫ਼ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਖੜਗੇ ਨੇ ‘ਐਕਸ’ ’ਤੇ ਕਿਹਾ ਕਿ ਜਦੋਂ ਸਿਖਰਲੇ ਦਰਜੇ ਦੇ ਭਾਰਤੀ ਕਾਰੋਬਾਰੀ ’ਤੇ ਵਿਦੇਸ਼ੀ ਧਰਤੀ ’ਤੇ ਦੋਸ਼ ਲਾਏ ਜਾਂਦੇ ਹਨ ਤਾਂ ਇਸ ਨਾਲ ਆਲਮੀ ਪੱਧਰ ’ਤੇ ਮੁਲਕ ਦੇ ਅਕਸ ਨੂੰ ਢਾਹ ਲੱਗਦੀ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਹੁਣ ਸਪੱਸ਼ਟ ਹੋ ਗਿਆ ਹੈ ਕਿ ਕਾਰੋਬਾਰੀ ਨੇ ਭਾਰਤੀ ਅਤੇ ਅਮਰੀਕੀ ਕਾਨੂੰਨਾਂ ਦੀ ਘੋਰ ਉਲੰਘਣਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਏਕ ਹੈਂ ਤੋ ਸੇਫ ਹੈਂ’ ਨਾਅਰੇ ’ਤੇ ਤਨਜ਼ ਕਸਦਿਆਂ ਰਾਹੁਲ ਨੇ ਕਿਹਾ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਅਤੇ ਅਡਾਨੀ ਇਕੱਠੇ ਹਨ, ਉਹ ਭਾਰਤ ’ਚ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਅਡਾਨੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਪੁੱਛ-ਗਿੱਛ ਕੀਤੀ ਜਾਣੀ ਚਾਹੀਦੀ ਹੈ। ਰਾਹੁਲ ਨੇ ਅਡਾਨੀ ਦਾ ਬਚਾਅ ਕਰਨ ਵਾਲੀ ਸੇਬੀ ਦੀ ਚੇਅਰਪਰਸਨ ਮਾਧਵੀ ਪੁਰੀ ਬੁੱਚ ਨੂੰ ਅਹੁਦੇ ਤੋਂ ਹਟਾ ਕੇ ਉਸ ਖ਼ਿਲਾਫ਼ ਜਾਂਚ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਉਹ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਵੀ ਇਹ ਮੁੱਦਾ ਚੁਕਣਗੇ ਅਤੇ ਸਾਰੀ ਵਿਰੋਧੀ ਧਿਰ ਇਸ ਮਾਮਲੇ ’ਤੇ ਇਕਜੁੱਟ ਹੈ। ਅਡਾਨੀ ਗਰੁੱਪ ਖ਼ਿਲਾਫ਼ ਸਾਂਝੀ ਸੰਸਦੀ ਕਮੇਟੀ ਰਾਹੀਂ ਜਾਂਚ ਦੀ ਮੰਗ ਨੂੰ ਦੁਹਰਾਉਂਦਿਆਂ ਰਾਹੁਲ ਨੇ ਕਿਹਾ, “ਮੈਂ ਗਾਰੰਟੀ ਦੇ ਸਕਦਾ ਹਾਂ ਕਿ ਭਾਰਤ ਵਿੱਚ ਅਡਾਨੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਜਾਂਚ ਕੀਤੀ ਜਾਵੇਗੀ ਕਿਉਂਕਿ ਮੋਦੀ ਸਰਕਾਰ ਉਸ ਨੂੰ ਬਚਾਅ ਰਹੀ ਹੈ।’’ ਉਨ੍ਹਾਂ ਕਿਹਾ ਕਿ ਜਾਂਚ ਵਿੱਚ ਸਾਰੇ ਰਾਜ ਸ਼ਾਮਲ ਹੋਣੇ ਚਾਹੀਦੇ ਹਨ, ਚਾਹੇ ਉਥੇ ਕੋਈ ਵੀ ਪਾਰਟੀ ਸੱਤਾ ਵਿੱਚ ਹੋਵੇ। -ਪੀਟੀਆਈ

ਕੀਨੀਆ ਵੱਲੋਂ ਅਡਾਨੀ ਗਰੁੱਪ ਨਾਲ ਏਅਰਪੋਰਟ ਤੇ ਊਰਜਾ ਸੌਦੇ ਰੱਦ

ਨੈਰੋਬੀ: ਕੀਨੀਆ ਨੇ ਅਡਾਨੀ ਗਰੁੱਪ ਨਾਲ ਕਰੋੜਾਂ ਡਾਲਰ ਦੇ ਏਅਰਪੋਰਟ ਵਿਸਤਾਰ ਅਤੇ ਊਰਜਾ ਸੌਦੇ ਰੱਦ ਕਰ ਦਿੱਤੇ ਹਨ। ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਰੂਟੋ ਨੇ ਕਿਹਾ ਕਿ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀਆਂ ’ਚੋਂ ਇਕ ਗੌਤਮ ਅਡਾਨੀ ਖ਼ਿਲਾਫ਼ ਅਮਰੀਕਾ ਵੱਲੋਂ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ ਲਾਏ ਜਾਣ ਮਗਰੋਂ ਅਡਾਨੀ ਗਰੁੱਪ ਨਾਲ ਇਨ੍ਹਾਂ ਸੌਦਿਆਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਰਾਸ਼ਟਰਪਤੀ ਰੂਟੋ ਨੇ ਕੌਮ ਦੇ ਨਾਮ ਆਪਣੇ ਸੰਬੋਧਨ ’ਚ ਕਿਹਾ ਕਿ ਇਹ ਫ਼ੈਸਲਾ ਜਾਂਚ ਏਜੰਸੀਆਂ ਅਤੇ ਭਾਈਵਾਲ ਮੁਲਕਾਂ ਵੱਲੋਂ ਦਿੱਤੀ ਗਈ ਨਵੀਂ ਜਾਣਕਾਰੀ ਦੇ ਆਧਾਰ ’ਤੇ ਲਿਆ ਗਿਆ ਹੈ। ਉਂਝ ਉਨ੍ਹਾਂ ਅਮਰੀਕਾ ਦਾ ਨਾਮ ਨਹੀਂ ਲਿਆ। ਅਡਾਨੀ ਗਰੁੱਪ ਇਕ ਸਮਝੌਤੇ ’ਤੇ ਦਸਤਖ਼ਤ ਕਰਨ ਦੀ ਪ੍ਰਕਿਰਿਆ ’ਚ ਸੀ, ਜਿਸ ਤਹਿਤ ਰਾਜਧਾਨੀ ਨੈਰੋਬੀ ’ਚ ਕੀਨੀਆ ਦੇ ਮੁੱਖ ਹਵਾਈ ਅੱਡੇ ਦਾ ਆਧੁਨਿਕੀਕਰਨ ਕੀਤਾ ਜਾਣਾ ਸੀ ਅਤੇ ਹਵਾਈ ਪੱਟੀ ਤੇ ਟਰਮੀਨਲ ਦੀ ਉਸਾਰੀ ਹੋਣੀ ਸੀ। ਇਸ ਦੇ ਬਦਲੇ ’ਚ ਗਰੁੱਪ ਨੇ 30 ਸਾਲਾਂ ਤੱਕ ਹਵਾਈ ਅੱਡੇ ਦੇ ਅਪਰੇਸ਼ਨ ਦਾ ਕੰਮ ਸੰਭਾਲਣਾ ਸੀ। ਅਡਾਨੀ ਗਰੁੱਪ ਦੇ ਇਸ ਸੌਦੇ ਮਗਰੋਂ ਕੀਨੀਆ ’ਚ ਵਿਰੋਧ ਪ੍ਰਦਰਸ਼ਨ ਹੋਏ ਸਨ ਅਤੇ ਹਵਾਈ ਅੱਡੇ ਦੇ ਮੁਲਾਜ਼ਮਾਂ ਨੇ ਹੜਤਾਲ ਵੀ ਕਰ ਦਿੱਤੀ ਸੀ। -ਏਪੀ

Advertisement
Author Image

sukhwinder singh

View all posts

Advertisement