‘ਆਪ’ ਦੇ ਸੋਸ਼ਲ ਮੀਡੀਆ ਵਿੰਗ ’ਤੇ ਗੁਮਰਾਹਕੁਨ ਪ੍ਰਚਾਰ ਦੇ ਦੋਸ਼
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 31 ਮਈ
ਸੰਸਦੀ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ‘ਆਪ’ ਦੇ ਕਥਿਤ ਸੋਸ਼ਲ ਮੀਡੀਆ ਵਿੰਗ ’ਤੇ ਗੁਮਰਾਹਕੁਨ ਆਡੀਓ ਵਾਇਰਲ ਕਰਨ ਦੇ ਦੋਸ਼ ਲਾਏ ਹਨ। ਅੱਜ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਸਿੱਧੂ ਨੇ ਮੀਡੀਆ ਕਰਮੀਆਂ ਨੂੰ ਵਾਇਰਲ ਹੋਈਆਂ ਦੋ ਆਡੀਓ ਸੁਣਾਈਆਂ, ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ‘ਆਪ ਜੀ ਨੂੰ ਪਤਾ ਹੀ ਹੈ ਕਿ ਆਪਣੀ ਹਾਲਤ ਮਾੜੀ ਹੈ ਇਸ ਲਈ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਲਈ ਝਾੜੂ-ਝਾੜੂ ਕਰ ਦਿਓ ਅਤੇ ਝਾੜੂ ਨੂੰ ਵੋਟਾਂ ਪਾ ਦਿਓ’। ਸ੍ਰੀ ਸਿੱਧੂ ਨੇ ਇਸ ਦੇ ਨਾਲ ਹੀ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਸਬੰਧੀ ਆਡੀਓ ਸੁਣਾਈ, ਜਿਸ ’ਚ ਕਿਹਾ ਗਿਆ ਸੀ ਕਿ ‘ਮੈਂ ਚਰਨਜੀਤ ਸਿੰਘ ਚੰਨੀ ਬੋਲ ਰਿਹਾ ਹਾਂ। ਆਪ ਜੀ ਨੂੰ ਪਤਾ ਹੀ ਹੈ ਕਿ ਆਪਣੀ ਹਾਲਤ ਮਾੜੀ ਹੈ ਪਰ ਮੋਦੀ ਨੂੰ ਹਰਾਉਣ ਲਈ ਤਾਕਤਵਰ ਪਾਰਟੀ ‘ਝਾੜੂ’ ਨੂੰ ਵੋਟਾਂ ਪਾ ਦਿਓ ਤਾਂ ਜੋ ਮੋਦੀ ਹਰਾਇਆ ਜਾ ਸਕੇ’।
ਇਨ੍ਹਾਂ ਦੋਵਾਂ ਆਡੀਓ ਬਾਰੇ ਜੀਤਮਹਿੰਦਰ ਸਿੱਧੂ ਨੇ ਦਾਅਵਾ ਕੀਤਾ ਕਿ ਇਹ ‘ਆਪ’ ਦੇ ਸੋਸ਼ਲ ਮੀਡੀਆ ਵਿੰਗ ਦੀ ਸ਼ਰਾਰਤ ਹੈ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਉਹ ਜਿੱਤ ਦੇ ਬਹੁਤ ਨੇੜੇ ਹਨ ਪਰ ‘ਆਪ’ ਗ਼ਲਤ ਰਾਜਨੀਤੀ ਕਰਕੇ ਖੁਦ ਨੂੰ ਵੋਟਾਂ ਪੁਆਉਣਾ ਚਾਹੁੰਦੀ ਹੈ, ਜੋ ਕਦੇ ਵੀ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਡੀਓ ਬਾਰੇ ਉਨ੍ਹਾਂ ਐੱਸਐੱਸਪੀ ਬਠਿੰਡਾ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਹਾਰ ਦੀ ਬੁਖਲਾਹਟ ਵਿੱਚ ਹੈ ਪਰ ਕਾਂਗਰਸੀ ਵਰਕਰ ਟਾਕਰੇ ਲਈ ਪੂਰੀ ਤਰ੍ਹਾਂ ਸੁਚੇਤ ਹਨ। ਉਨ੍ਹਾਂ ਵੋਟਰਾਂ ਨੂੰ ਅਜਿਹੀਆਂ ਹੋਛੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।