ਦੰਗਾ ਪੀੜਤਾਂ ਵੱਲੋਂ ਫਲੈਟਾਂ ’ਤੇ ਨਾਜਾਇਜ਼ ਕਬਜ਼ਿਆਂ ਦੇ ਦੋਸ਼
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਜੁਲਾਈ
ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਦੇ ਵਫ਼ਦ ਨੇ ਅੱਜ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਦੀ ਅਗਵਾਈ ਹੇਠ ਗਲਾਡਾ ਅਧਿਕਾਰੀਆਂ ਨੂੰ ਮਿਲ ਕੇ ਸੀਆਰਪੀਐਫ ਕਲੋਨੀ ਵਿੱਚ ਹੋ ਰਹੇ ਨਾਜਾਇਜ਼ ਕਬਜ਼ਿਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਮਹਿਲਾ ਵਿੰਗ ਪ੍ਰਧਾਨ ਗੁਰਦੀਪ ਕੌਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਸੱਤਾਧਾਰੀ ਧਿਰ ਦੀ ਕਥਿਤ ਸ਼ਹਿ ’ਤੇ ਦੰਗਾ ਪੀੜਤਾਂ ਨੂੰ ਅਲਾਟ ਹੋਏ ਫਲੈਟਾਂ ’ਤੇ ਕਬਜ਼ੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਲ 2016 ਵਿੱਚ ਸਰਕਾਰ ਵਲੋਂ ਤਕਰੀਬਨ 400 ਫਲੈਟ ਦੰਗਾ ਪੀੜਤਾਂ ਨੂੰ ਅਲਾਟ ਹੋਏ ਸਨ। ਉਨ੍ਹਾਂ ਵਿੱਚੋਂ 12 ਪਰਿਵਾਰ ਕਾਰੋਬਾਰ ਦੇ ਸਿਲਸਿਲੇ ਵਿੱਚ ਬਾਹਰ ਗਏ ਹੋਏ ਸਨ। ਉਸ ਤੋਂ ਬਾਅਦ ਇਨ੍ਹਾਂ ਫਲੈਟਾਂ ਦੇ ਜਿੰਦਰੇ ਤੋੜ ਕੇ ਕੁਝ ਲੋਕਾਂ ਨੇ ਫਲੈਟਾਂ ’ਤੇ ਕਬਜ਼ੇ ਕਰ ਲਏ ਸਨ। ਖਾਲੀ ਪਏ 2898, 2880 ਬੀ, 2879 ਬੀ ਅਤੇ 2877 ਏ ਫਲੈਟਾਂ ਦੀ ਮਲਕੀਅਤ ਪੀਡਬਲਯੂਡੀ ਦੀ ਸੀ। ਇਨ੍ਹਾਂ 4 ਫਲੈਟਾਂ ਦੇ ਜਿੰਦਰੇ ਤੋੜਕੇ ਕਬਜ਼ੇ ਕਰ ਲਏ ਗਏ ਹਨ। ਇਨ੍ਹਾਂ ਵਿੱਚੋਂ ਦੋ ਸਰਕਾਰੀ ਫਲੈਟ ਵੇਚ ਦਿੱਤੇ ਗਏ।
ਇਸ ਦੌਰਾਨ ਗਲਾਡਾ ਦੇ ਚੀਫ਼ ਐਡਮਨਿਿਸਟ੍ਰੇਟਰ ਸਾਗਰ ਸੇਤੀਆ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਕਿਸੇ ਵੀ ਫਲੈਟ ’ਤੇ ਨਾਜਾਇਜ਼ ਕਬਜ਼ਾ ਨਹੀਂ ਹੋਣ ਦੇਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਸਾਰੇ ਮਾਮਲੇ ਦੀ ਜਾਂਚ ਕਰਵਾ ਕੇ ਮੁਲਜ਼ਮਾਂ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰਾਉਣ ਲਈ ਸਬੰਧਤ ਥਾਣੇ ਦੀ ਪੁਲੀਸ ਨੂੰ ਵੀ ਕਹਿਣਗੇ। ਵਫ਼ਦ ਵਿੱਚ ਦਲਜੀਤ ਸਿੰਘ ਸੋਨੀ, ਸਤਨਾਮ ਸਿੰਘ ਸੱਤਾ, ਇੰਦਰਪਾਲ ਸਿੰਘ ਵਿੱਕੀ, ਅਮਰਜੀਤ ਸਿੰਘ ਰਾਜਪਾਲ, ਗੁਰਮੀਤ ਕੌਰ, ਬੀਬੀ ਮਨਜੀਤ ਕੌਰ ਅਤੇ ਧਰਮਿੰਦਰ ਸਿੰਘ ਸਮੇਤ ਕਈ ਦੰਗਾ ਪੀੜਤ ਪਰਿਵਾਰ ਹਾਜ਼ਰ ਸਨ।
ਇਸ ਦੌਰਾਨ ਚੀਫ਼ ਐਡਮਨਿਿਸਟ੍ਰੇਟਰ ਨੇ ਦੱਸਿਆ ਕਿ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਵੱਲੋਂ ਅੱਜ ਮਿਲੇ ਵਫ਼ਦ ਨੇ ਦੰਗਾ ਪੀੜਤਾਂ ਦੇ ਫਲੈਟਾਂ ਉੱਪਰ ਨਾਜਾਇਜ਼ ਕਬਜ਼ਿਆਂ ਸਬੰਧੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਵਿੱਚ ਇੱਕ ਵਿਅਕਤੀ ਖ਼ਿਲਾਫ਼ ਨਾਜਾਇਜ਼ ਕਬਜ਼ੇ ਕਰਨ ਅਤੇ ਵੇਚਣ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਉਪਰੰਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।