ਨਾਬਾਲਗ ਬੱਚੀਆਂ ਦੀ ਭਾਲ ’ਚ ਢਿੱਲਮੱਠ ਦਾ ਦੋਸ਼
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਜੁਲਾਈ
ਪਿੰਡ ਗਿੱਦੜਵਿੰਡੀ ਦੇ ਇੱਕ ਮਜ਼ਦੂਰ ਪਰਿਵਾਰ ਦੀਆਂ ਗੁੰਮ ਹੋਈਆਂ ਦੋ ਨਾਬਾਲਗ ਬੱਚੀਆਂ ਦੀ ਭਾਲ ’ਚ ਪੁਲੀਸ ਦੀ ਕਥਿਤ ਢਿੱਲਮੱਠ ਖ਼ਿਲਾਫ਼ ਜਮਹੂਰੀ ਜਥੇਬੰਦੀਆਂ ਦਾ ਵਫ਼ਦ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਦੀ ਅਗਵਾਈ ਹੇਠ ਡੀਐੱਸਪੀ ਸਿਟੀ ਜਸਜਯੋਤ ਸਿੰਘ ਨੂੰ ਮਿਲਿਆ। ਵਫ਼ਦ ਨੇ ਪੁਲੀਸ ਅਧਿਕਾਰੀ ਤੋਂ ਪਿਛਲੀ ਤਿੰਨ ਜੁਲਾਈ ਤੋਂ ਪਿੰਡ ਗਿੱਦੜਵਿੰਡੀ ਦੇ ਇੱਕ ਮਜ਼ਦੂਰ ਪਰਿਵਾਰ ਦੀਆਂ ਗੁੰਮ ਹੋਈਆਂ ਦੋ ਨਾਬਾਲਗ ਬੱਚੀਆਂ ਆਰਤੀ ਕੌਰ (17) ਅਤੇ ਪਰਵੀਨ ਕੌਰ (14) ਪੁੱਤਰੀ ਤੇਜਵਿੰਦਰ ਸਿੰਘ ਦੀ ਪੁਲੀਸ ਰਿਪੋਰਟ ਦਰਜ ਕਰਾਉਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਾ ਕਰਨ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਪੁਲੀਸ ਅਧਿਕਾਰੀ ਨੂੰ ਦੱਸਿਆ ਗਿਆ ਕਿ ਇਸ ਮਾਮਲੇ ’ਚ ਪੀੜਤ ਪਰਿਵਾਰ ਨੂੰ ਦਿਲਾਸਾ ਦੇਣ ਜਾਂ ਹਮਦਰਦੀ ਜ਼ਾਹਿਰ ਕਰਨ ਦੀ ਥਾਂ ਚੌਕੀ ਇੰਚਾਰਜ ਦਾ ਕਥਿਤ ਮਾੜਾ ਰਵੱਈਆ ਨਿੰਦਣਯੋਗ ਹੈ। ਡੀਐੱਸਪੀ ਨੇ ਸਬੰਧਤ ਚੌਕੀ ਇੰਚਾਰਜ ਨੂੰ ਤੁਰੰਤ ਯੋਗ ਕਾਰਵਾਈ ਕਰਨ ਅਤੇ ਬੱਚੀਆਂ ਨੂੰ ਪਹਿਲ ਦੇ ਆਧਾਰ ’ਤੇ ਲੱਭ ਕੇ ਪਰਿਵਾਰ ਦੇ ਹਵਾਲੇ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਸਮੇਂ ਵਫ਼ਦ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਇੰਦਰਜੀਤ ਸਿੰਘ ਧਾਲੀਵਾਲ ਅਤੇ ਇੰਦਰਜੀਤ ਸਿੰਘ ਲੋਧੀਵਾਲ ਅਤੇ ਪਿੰਡ ਵਾਸੀ ਸ਼ਾਮਲ ਸਨ।