ਬਣਾਂਵਾਲਾ ਤਾਪਘਰ ਦੇ ਤਿੰਨੋਂ ਯੂਨਿਟ ਤਕਨੀਕੀ ਨੁਕਸ ਕਾਰਨ ਹੋਏ ਬੰਦ
ਪੱਤਰ ਪ੍ਰੇਰਕ
ਮਾਨਸਾ, 3 ਜੁਲਾਈ
ਪੰਜਾਬ ਵਿੱਚ ਅੱਜ ਉਸ ਵੇਲੇ ਬਿਜਲੀ ਸੰਕਟ ਖੜ੍ਹਾ ਹੋਣ ਦਾ ਗੰਭੀਰ ਖ਼ਦਸ਼ਾ ਪੈਦਾ ਹੋ ਗਿਆ, ਜਦੋਂ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੰਲ) ਦੇ ਤਿੰਨੋਂ ਯੂਨਿਟ ਬੰਦ ਹੋ ਗਏ। ਇਹ ਤਾਪਘਰ ਪੰਜਾਬ ਨੂੰ ਸਭ ਤੋਂ ਵੱਧ ਬਿਜਲੀ ਪੈਦਾ ਕਰਕੇ ਦੇ ਰਿਹਾ ਸੀ। ਇਸ ਦੀ ਕੁੱਲ ਸਮਰੱਥਾ 1980 ਮੈਗਵਾਟ ਹੈ।
ਵੇਰਵਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਤਾਪਘਰ ਵੱਲੋਂ ਝੋਨੇ ਦੇ ਇਸ ਸੀਜ਼ਨ ਦੌਰਾਨ 1500 ਮੈਗਾਵਾਟ ਤੋਂ ਵੱਧ ਬਿਜਲੀ ਪੈਦਾ ਕੀਤੀ ਜਾ ਰਹੀ ਸੀ, ਪਰ ਅਚਾਨਕ ਕਿਸੇ ਤਕਨੀਕੀ ਨੁਕਸ ਕਾਰਨ ਪਹਿਲਾਂ ਇਸ ਦਾ ਇੱਕ ਯੂਨਿਟ ਬੰਦ ਹੋਇਆ ਅਤੇ ਬਾਅਦ ਵਿੱਚ ਪ੍ਰਬੰਧਕਾਂ ਵੱਲੋਂ ਦੂਜੇ ਦੋਵੇਂ ਯੂਨਿਟ ਬੰਦ ਕਰਨੇ ਪਏ। ਬੇਸ਼ੱਕ ਬਣਾਂਵਾਲਾ ਤਾਪਘਰ ਵਿੱਚ ਤਕਨੀਕੀ ਨੁਕਸ ਨੂੰ ਲੱਭਣ ਵਿੱਚ ਮਾਹਿਰਾਂ ਦੀ ਟੀਮ ਜੁਟ ਗਈ ਹੈ ਅਤੇ ਇੱਕ ਪ੍ਰਬੰਧਕੀ ਅਧਿਕਾਰੀ ਅਨੁਸਾਰ ਤਾਪਘਰ ਦਾ ਯੂਨਿਟ ਨੰ.1 ਲਾਈਟ ਅੱਪ ਵੀ ਹੋ ਗਿਆ, ਜਿਸ ਦੇ ਅੱਧੀ ਰਾਤ ਤੋਂ ਪਹਿਲਾਂ-ਪਹਿਲਾਂ ਬਿਜਲੀ ਉਤਪਾਦਨ ਕਰਨ ਦੀ ਆਸ ਹੈ। ਤਾਪਘਰ ਦੀ ਤਕਨੀਕੀ ਟੀਮ ਦੇ ਮੈਂਬਰ ਨੇ ਦੱਸਿਆ ਕਿ ਦੂਜੇ ਦੋਵੇਂ ਯੂਨਿਟਾਂ ਦੇ ਕੱਲ੍ਹ ਤੱਕ ਲਾਈਟ ਅੱਪ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਜਨਰੇਸ਼ਨ ਪਰਮਜੀਤ ਸਿੰਘ ਨੇ ਕਿਹਾ ਕਿ ਬਣਾਂਵਾਲਾ ਤਾਪਘਰ ਦੇ ਬੰਦ ਹੋਣ ਦੇ ਬਾਵਜੂਦ ਵੀ ਖੇਤੀ ਸੈਕਟਰ ਸਮੇਤ ਘਰੇਲੂ ਅਤੇ ਉਦਯੋਗ ਸਪਲਾਈ ਵਿੱਚ ਕੋਈ ਵੀ ਘਾਟ ਨਹੀਂ ਆਵੇਗੀ।