ਸਰਕਾਰ ਸਾਰੇ ਮਾਮਲਿਆਂ ’ਤੇ ਬਹਿਸ ਲਈ ਤਿਆਰ, ਵਿਰੋਧੀ ਧਿਰ ਸੰਸਦ ਸੁਚੱਜੇ ਢੰਗ ਨਾਲ ਚੱਲਣ ਦੇਵੇ: ਜੋਸ਼ੀ ਨੇ ਸਰਬ ਪਾਰਟੀ ਮੀਟਿੰਗ ਬਾਅਦ ਕਿਹਾ
ਨਵੀਂ ਦਿੱਲੀ, 2 ਦਸੰਬਰ
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਕਿਹਾ ਕਿ ਸਰਕਾਰ ਸਦਨ ਵਿੱਚ ਸਾਰੇ ਮਾਮਲਿਆਂ ’ਤੇ ਬਹਿਸ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਨ੍ਹਾਂ ਨੇ ਵਿਰੋਧੀ ਧਿਰ ਨੂੰ ਸਦਨ ਨੂੰ ਸੁਚਾਰੂ ਢੰਗ ਨਾਲ ਚੱਲਣ ਦੇਣ ਦੀ ਬੇਨਤੀ ਕੀਤੀ ਹੈ। ਸ੍ਰੀ ਜੋਸ਼ੀ ਨੇ ਅੱਜ 4 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਸੰਸਦ ਦੇ ਦੋਵਾਂ ਸਦਨਾਂ ’ਚ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਤੋਂ ਬਾਅਦ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਹਿੱਤ ’ਚ ਸੰਸਦ ਅੰਦਰ ਵਿਚਾਰ ਵਟਾਂਦਰੇ ਲਈ ਤਿਆਰ ਹੈ ਪਰ ਵਿਰੋਧੀ ਧਿਰ ਨੂੰ ਨਿਯਮਾਂ ਦਾ ਪਾਲਣ ਕਰਨਾ ਲਾਜ਼ਮੀ ਹੈ। ਸ੍ਰੀ ਜੋਸ਼ੀ ਨੇ ਸਾਰੇ ਸੰਸਦ ਮੈਂਬਰਾਂ ਨੂੰ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਕੀਤੇ ਕੰਮਾਂ ਨੂੰ ਰਿਕਾਰਡ ਵਿੱਚ ਲਿਆਂਦਾ ਜਾ ਸਕੇ। ਇਹ 17ਵੀਂ ਲੋਕ ਸਭਾ ਦਾ ਆਖ਼ਰੀ ਸੈਸ਼ਨ ਹੈ। ਸਰਦ ਰੁੱਤ ਇਜਲਾਸ 4 ਦਸੰਬਰ ਨੂੰ ਸ਼ੁਰੂ ਹੋਵੇਗਾ ਅਤੇ 22 ਦਸੰਬਰ ਨੂੰ ਸਮਾਪਤ ਹੋਵੇਗਾ। 19 ਦਿਨਾਂ ਦੀ ਮਿਆਦ ਵਿੱਚ 15 ਬੈਠਕਾਂ ਹੋਣਗੀਆਂ। ਸਰਬ ਪਾਰਟੀ ਮੀਟਿੰਗ ਬਾਰੇ ਬੋਲਦਿਆਂ ਜੋਸ਼ੀ ਨੇ ਕਿਹਾ ਕਿ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਅੱਜ ਦੀ ਸਰਬ ਪਾਰਟੀ ਮੀਟਿੰਗ ਵਿੱਚ 23 ਪਾਰਟੀਆਂ ਦੇ 30 ਆਗੂ ਹਾਜ਼ਰ ਸਨ।। ਇਸ ਵੇਲੇ ਸੰਸਦ ਵਿੱਚ 37 ਬਿੱਲ ਲਟਕੇ ਹੋਏ ਹਨ।