ਮਾਣਕ ਸਭ ਅਮੋਲਵੇ॥
ਪ੍ਰੋ. ਅਵਤਾਰ ਸਿੰਘ
ਅਧਿਆਪਕ ਬਣ ਜਾਣਾ, ਲੱਗ ਜਾਣਾ ਤੇ ਹੋ ਜਾਣਾ ਅਲੱਗ-ਅਲੱਗ ਗੱਲਾਂ ਹਨ। ਅਧਿਆਪਕ ਬਣਨਾ ਕੇਵਲ ਕਾਨੂੰਨੀ ਯੋਗਤਾ ਨਹੀਂ ਤੇ ਨਾ ਹੀ ਅਧਿਆਪਕ ਲੱਗ ਜਾਣਾ ਹੈ ਬਲਕਿ ਅਧਿਆਪਕ ਹੋਣਾ ਅਜਿਹੀ ਯੋਗਤਾ ਹੈ ਜਿਹੜੀ ਇਨਸਾਨੀਅਤ ਸਿੱਖਣ ਨਾਲ ਆਉਂਦੀ ਹੈ। ਕੋਈ ਅਧਿਆਪਕ ਕਹਿ ਰਿਹਾ ਸੀ ਕਿ ਉਹ ਆਪਣੇ ਵਿਭਾਗ ਵਿਚ ਇਕੱਲਾ ਹੀ ਹੈ। ਉਹਨੇ ਇਹ ਗੱਲ ਇਸ ਲਹਿਜ਼ੇ ਵਿਚ ਕਹੀ, ਜਿਵੇਂ ਉਹ ਜੰਗਲ ਦਾ ਸ਼ੇਰ ਹੋਵੇ। ਮੈਂ ਪੁੱਛਿਆ- ਫਲਾਣਾ ਸਿੰਘ ਕਿੱਥੇ ਗਿਆ? ਉਹਨੇ ਦੱਸਿਆ- ਉਹ ਰਿਟਾਇਰ ਹੋ ਗਿਆ। ਮੈਂ ਪੁੱਛਿਆ- ਉਹਨੇ ਐਕਸਟੈਂਸਨ ਨਹੀਂ ਲਈ? ਕਹਿਣ ਲੱਗਾ- ਲਈ ਹੈ ਪਰ ਹੁਣ ਉਹ ਕਲਾਸਾਂ ਹੀ ਲੈ ਸਕਦਾ, ਕਮੇਟੀਆਂ ਵਿਚ ਨਹੀਂ ਪੈ ਸਕਦਾ। ਮੈਂ ਸਮਝ ਗਿਆ ਕਿ ਉਹਦੇ ਲਈ ਅਧਿਆਪਕ ਹੋਣ ਦਾ ਅਰਥ ਪੜ੍ਹਾਉਣਾ ਨਹੀਂ, ਕਮੇਟੀਆਂ ਵਿਚ ਪੈਣਾ ਹੈ ਤੇ ਕਮੇਟੀਆਂ ’ਚ ਪੈਣ ਦਾ ਮਤਲਬ ਹੈ ਪੜ੍ਹਾਉਣ ਤੋਂ ਟਿਭਣ ਦਾ ਬਹਾਨਾ, ਨਾਲੇ ਟੌਹਰ।
ਅਧਿਆਪਕਾਂ ਦੇ ਕਲਾਸ ’ਚੋਂ ਖਿਸਕਣ ਦਾ ਖਮਿਆਜ਼ਾ ਪਹਿਲਾਂ ਵਿਦਿਆਰਥੀ ਭੁਗਤਦੇ ਹਨ, ਫਿਰ ਸਮਾਜ। ਇਸੇ ਕਰ ਕੇ ਜਿਹੜੇ ਵਿਦਿਆਰਥੀ ਕਲਾਸਾਂ ’ਤੇ ਨਿਰਭਰ ਕਰਦੇ ਹਨ, ਉਹ ਹੁਣ ਕਾਸੇ ਜੋਗੇ ਨਹੀਂ ਰਹਿੰਦੇ ਤੇ ਜਿਨ੍ਹਾਂ ਨੇ ਕੁਝ ਬਣਨਾ ਹੁੰਦਾ ਹੈ, ਉਹ ਕੋਚਿੰਗ ਸੈਂਟਰਾਂ ਦਾ ਸਹਾਰਾ ਲੈਂਦੇ ਹਨ।
ਕਈ ਅਧਿਆਪਕ ਇਹ ਕਹਿੰਦੇ ਹਨ ਕਿ ਹਰ ਤਰ੍ਹਾਂ ਦੇ ਅਫਸਰ ਉਨ੍ਹਾਂ ਕੋਲ ਪੜ੍ਹ ਕੇ ਹੀ ਬਣਦੇ ਹਨ। ਸੱਚ ਇਹ ਹੈ ਕਿ ਉਨ੍ਹਾਂ ਕੋਲ ਤਾਂ ਉਹ ਸਿਰਫ ਦਾਖਲਾ ਲੈਂਦੇ ਤੇ ਡਿਗਰੀ ਪ੍ਰਾਪਤ ਕਰਦੇ ਹਨ; ਪੜ੍ਹਦੇ ਤਾਂ ਕੋਚਿੰਗ ਸੈਂਟਰਾਂ ਵਿਚ ਹਨ। ਹੁਣ ਤਾਂ ਅਧਿਆਪਨ ਦਾ ਟੈਸਟ ਪਾਸ ਕਰਨ ਲਈ ਵੀ ਕੋਚਿੰਗ ਸੈਂਟਰ ਜਾਣਾ ਪੈਂਦਾ ਹੈ। ਜੇ ਅਧਿਆਪਕ ਕਿਸੇ ਨੂੰ ਅਧਿਆਪਕ ਵੀ ਨਹੀਂ ਬਣਾ ਸਕਦਾ ਤਾਂ ਉਸ ਦਾ ਕੰਮ ਫਿਰ ਕੀ ਰਹਿ ਗਿਆ? ਕਮੇਟੀਆਂ ’ਚ ਖੁਸ਼ ਰਹਿਣ ਵਾਲੇ ਅਧਿਆਪਕਾਂ ਦੀ ਜਦ ਚੋਣ ਡਿਊਟੀ ਲਗਦੀ ਹੈ ਤਾਂ ਚੀਕਦੇ ਹਨ ਕਿ ਅਫਸਰ ਅਧਿਆਪਕ ਦੀ ਕਦਰ ਨਹੀਂ ਕਰਦੇ। ਕੋਈ ਪੁੱਛੇ, ਜੇ ਅਧਿਆਪਕ ਨੇ ਕਦੇ ਪੜ੍ਹਾਇਆ ਹੋਵੇ ਤਾਂ ਕਦਰ ਹੋਵੇ! ਜਿਹਨੇ ਕਮੇਟੀਆਂ ਵਿਚ ਹੀ ਸਮਾਂ ਬਿਤਾਇਆ ਹੋਵੇ, ਉਹਦੀ ਕਾਹਦੀ ਕਦਰ!
ਮੇਰਾ ਮੰਨਣਾ ਹੈ, ਅਧਿਆਪਕ ਦਾ ਪੇਸ਼ਾ ਵਿਦਿਆਰਥੀ ਨੂੰ ਤਰਾਸ਼ ਕੇ ਇਨਸਾਨ ਬਣਾਉਣਾ ਹੈ; ਫਿਰ ਉਹ ਜੋ ਮਰਜ਼ੀ ਬਣੇ, ਉਹਦੀ ਇਨਸਾਨੀਅਤ ਕਾਇਮ ਰਹਿਣੀ ਚਾਹੀਦੀ ਹੈ। ਅਸੀਂ ਦੇਖਦੇ ਹਾਂ, ਸਾਡੇ ਵਿਦਿਆਰਥੀ ਹੋਰ ਜੋ ਮਰਜ਼ੀ ਬਣ ਜਾਣ, ਇਨਸਾਨ ਨਹੀਂ ਬਣਦੇ। ਅਧਿਆਪਨ ਦੌਰਾਨ ਮੈਂ ਵਿਦਿਆਰਥੀਆਂ ਅੰਦਰ ਇਨਸਾਨੀਅਤ ਜਗਾਉਣ ਦੇ ਯਤਨ ਕਰਦਾ ਰਿਹਾ ਹਾਂ, ਨਾਲ-ਨਾਲ ਸਵਾਲ ਕਰਨ ਦੀ ਜਾਚ ਸਿਖਾਉਂਦਾ ਰਿਹਾ ਹਾਂ। ਮੈਂ ਸਮਝਦਾਂ, ਜਵਾਬ ਦੇਣ ਤੋਂ ਪਹਿਲਾਂ ਵਿਦਿਆਰਥੀ ਨੂੰ ਸਵਾਲ ਕਰਨਾ ਆਉਣਾ ਚਾਹੀਦਾ। ਜਿਹਨੂੰ ਸਵਾਲ ਕਰਨਾ ਨਹੀਂ ਆਉਂਦਾ, ਉਹ ਜਵਾਬ ਨਹੀਂ ਦੇ ਸਕਦਾ।
ਸਾਡੇ ਵਿਦਿਆਰਥੀਆਂ ਨੂੰ ਤਾਂ ਸਵਾਲ ਕਰਨ ਤੋਂ ਪਹਿਲਾਂ ਬੋਲਣਾ ਵੀ ਸਿਖਾਉਣਾ ਪੈਂਦਾ ਹੈ। ਜਦ ਉਨ੍ਹਾਂ ਨੂੰ ਚੁੱਪ ਕਰਨ ਲਈ ਕਹੀਦਾ ਤਾਂ ਉਹ ਬੋਲਣ ਲੱਗ ਜਾਂਦੇ ਹਨ; ਬੋਲਣ ਨੂੰ ਕਹੀਦਾ ਤਾਂ ਚੁੱਪ ਕਰ ਜਾਂਦੇ। ਮੈਂ ਵਿਦਿਆਰਥੀਆਂ ਨੂੰ ਪਹਿਲਾਂ ਸਮਝਾਉਂਦਾ ਸੀ, ਫਿਰ ਕਹਿੰਦਾ ਸੀ- ਜੋ ਕੁਝ ਉਨ੍ਹਾਂ ਨੂੰ ਸਮਝ ਆਇਆ ਹੈ, ਉਹ ਬੋਲ ਕੇ ਦੱਸਣ। ਕੁਝ ਵਿਦਿਆਰਥੀ ਇੰਨਬਿੰਨ ਉਹੀ ਕੁਝ ਦੱਸਦੇ ਜੋ ਉਨ੍ਹਾਂ ਨੂੰ ਸਮਝਾਇਆ ਹੁੰਦਾ। ਕਈ ਵਿਦਿਆਰਥੀ ਦੱਸੀ ਹੋਈ ਗੱਲ ਦਾ ਹੋਰ ਦਾ ਹੋਰ ਹੀ ਕੁਝ ਬਣਾ ਦਿੰਦੇ। ਇਸ ਦੌਰਾਨ ਕਲਾਸ ਵਿਚ ਹਾਸਾ ਠੱਠਾ ਵੀ ਚੱਲਦਾ ਰਹਿੰਦਾ ਜਿਹੜਾ ਪੜ੍ਹਾਈ ਲਿਖਾਈ ਲਈ ਏਨਾ ਜ਼ਰੂਰੀ ਹੁੰਦਾ ਹੈ ਜਿਸ ਦਾ ਕੋਈ ਤੋੜ ਨਹੀਂ।
ਇਹ ਸਮਾਂ ਮੇਰੇ ਲਈ ਮੁਸ਼ਕਿਲ ਘੜੀ ਹੁੰਦਾ ਸੀ; ਇਹੀ ਮੌਕਾ ਹੁੰਦਾ ਸੀ ਜਦ ਕੁਝ ਵਿਦਿਆਰਥੀ ਖੁੱਲ੍ਹ ਲੈ ਲੈਂਦੇ ਸਨ, ਉਸ ਖੁੱਲ੍ਹ ਵਿਚ ਕੁੜੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰਦੇ ਸਨ ਪਰ ਉਨ੍ਹਾਂ ਨੂੰ ਏਨਾ ਨਹੀਂ ਸੀ ਪਤਾ ਹੁੰਦਾ ਕਿ ਉਨ੍ਹਾਂ ਦੀ ਇਹ ਹਰਕਤ ਪ੍ਰਭਾਵਿਤ ਕਰਨ ਦੀ ਬਜਾਇ ਪਰੇਸ਼ਾਨ ਕਰਦੀ ਹੈ ਤੇ ਉਨ੍ਹਾਂ ਲਈ ਘਿਰਣਾ ਦੇ ਸੱਦੇ ਦਿੰਦੀ ਹੈ। ਕਈ ਮੁੰਡੇ ਤਾਂ ਉਸ ਖੁੱਲ੍ਹ ਵਿਚ ਬਦਤਮੀਜ਼ੀ ’ਤੇ ਉੱਤਰ ਆਉਂਦੇ ਜਿਨ੍ਹਾਂ ਨੂੰ ਕਾਬੂ ਕਰਨ ਲਈ ਕਾਫ਼ੀ ਸਮਾਂ ਨਸ਼ਟ ਹੋ ਜਾਂਦਾ। ਫਿਰ ਵੀ ਮੈਂ ਆਪਣੇ ਯਤਨ ਹਮੇਸ਼ਾ ਜਾਰੀ ਰੱਖਦਾ। ਕਾਲਜ ਦੇ ਹਰ ਸੈਸ਼ਨ ਦੇ ਆਰੰਭ ਵਿਚ ਨਵੇਂ ਆਏ ਵਿਦਿਆਰਥੀਆਂ ਨੂੰ ਸਬਕ ਦਿੰਦਾ ਕਿ ਮੇਰਾ ਵਿਸ਼ੇਸ਼ ਪਿਛੋਕੜ ਹੈ, ਜਾਤ ਬਰਾਦਰੀ ਹੈ, ਧਰਮ, ਸੱਭਿਆਚਾਰ, ਬੋਲੀ, ਰੰਗ, ਕਿੱਤਾ ਅਤੇ ਖਿੱਤਾ ਹੈ ਪਰ ਕਲਾਸ ਵਿਚ ਆਉਣ ਸਾਰ ਮੈਂ ਸਿਰਫ ਅਧਿਆਪਕ ਹੁੰਦਾ ਹਾਂ; ਇਸੇ ਤਰ੍ਹਾਂ ਉਨ੍ਹਾਂ ਦਾ ਵੀ ਵਿਸ਼ੇਸ਼ ਪਿਛੋਕੜ, ਜਾਤ, ਬਰਾਦਰੀ, ਧਰਮ, ਸੱਭਿਆਚਾਰ, ਬੋਲੀ, ਰੰਗ, ਕਿੱਤਾ ਅਤੇ ਖਿੱਤਾ ਹੋਵੇਗਾ ਪਰ ਕਲਾਸ ਵਿਚ ਉਹ ਸਿਰਫ ਵਿਦਿਆਰਥੀ ਹਨ। ਇਹ ਵੀ ਕਹਿ ਦਿੰਦਾ ਸੀ ਕਿ ਅਸੀਂ ਬੇਸ਼ਕ ਸਭ ਕਾਸੇ ਦੀ ਵਿਚਾਰ ਕਰਾਂਗੇ ਪਰ ਕਿਸੇ ਨੇ ਕਿਸੇ ਵੀ ਗੱਲ ਨੂੰ ਆਪਣੇ ਜਾਂ ਮੇਰੇ ਨਿੱਜ ਨਾਲ ਜੋੜ ਕੇ ਨਹੀਂ ਦੇਖਣਾ।
ਫਿਰ ਵੀ ਵਿਚਾਰ ਕਰਦਿਆਂ ਕਿਸੇ-ਕਿਸੇ ਗੱਲ ’ਤੇ ਕਿਸੇ ਨੂੰ ਦਿੱਕਤ ਹੋ ਜਾਂਦੀ ਜੋ ਬੜੀ ਇਮਾਨਦਾਰੀ ਨਾਲ ਨਜਿੱਠਣੀ ਪੈਂਦੀ। ਮੈਨੂੰ ਪਤਾ ਸੀ, ਅਜਿਹੇ ਸਮੇਂ ਭੋਰਾ ਜਿੰਨੀ ਚਲਾਕੀ ਵੀ ਅੱਗ ਦੇ ਭਾਂਬੜ ਬਾਲ ਸਕਦੀ ਹੁੰਦੀ ਹੈ। ਮੈਂ ਅਜਿਹੀ ਚੁਸਤੀ ਤੋਂ ਕੋਹਾਂ ਦੂਰ ਰਹਿੰਦਾ ਤੇ ਇਮਾਨ ਦਾ ਪੱਲਾ ਕਦੇ ਨਾ ਛੱਡਦਾ। ਮੇਰੀ ਨੌਕਰੀ ਦੇ ਆਖਿ਼ਰੀ ਸਾਲਾਂ ਵਿਚ ਪਰਵਾਸੀ ਮਜ਼ਦੂਰਾਂ ਦੇ ਬੱਚੇ ਵੀ ਕਾਲਜ ਆਉਣ ਲੱਗ ਪਏ ਸਨ ਜਿਨ੍ਹਾਂ ਦਾ ਪਤਾ ਵੀ ਨਹੀਂ ਸੀ ਲਗਦਾ ਕਿ ਉਹ ਪਰਵਾਸੀ ਹਨ ਪਰ ਜਦ ਬੋਲਦੇ ਤਾਂ ਉਨ੍ਹਾਂ ਦੀ ਪੰਜਾਬੀ ਵਿਚ ਕੋਈ-ਕੋਈ ਨਿਸ਼ਾਨ ਰਹਿ ਜਾਂਦਾ ਜਿੱਥੋਂ ਪਤਾ ਲੱਗ ਜਾਂਦਾ ਕਿ ਉਹ ਕੌਣ ਹਨ। ਉਹ ਸਮਾਂ ਮੇਰੇ ਲਈ ਅਜ਼ਮਾਇਸ਼ ਵਾਲਾ ਹੁੰਦਾ ਕਿ ਬੱਚੇ ਨੂੰ ਮਜ਼ਾਕ ਦਾ ਪਾਤਰ ਬਣਨੋਂ ਕਿਸ ਤਰ੍ਹਾਂ ਬਚਾਉਣਾ ਹੈ ਤੇ ਹੀਣ ਭਾਵ ਵਿਚ ਡਿਗਣ ਤੋਂ ਉਸ ਦੀ ਰੱਖਿਆ ਕਿੱਦਾਂ ਕਰਨੀ ਹੈ। ਉਸ ਸਮੇਂ ਬਾਬਾ ਫ਼ਰੀਦ ਮੈਨੂੰ ਪਲੈਕਾਰਡ ਦਿਖਾਉਂਦੇ ਨਜ਼ਰ ਆਉਂਦੇ ਜਿਸ ’ਤੇ ਲਿਖਿਆ ਹੁੰਦਾ: ਮਾਣਕ ਸਭ ਅਮੋਲਵੇ॥
ਸੰਪਰਕ: 94185-18384