For the best experience, open
https://m.punjabitribuneonline.com
on your mobile browser.
Advertisement

ਅਲਬੇਲਾ ਗਾਇਕ, ਅਲਮਸਤ ਇਨਸਾਨ....

07:04 AM Jul 24, 2023 IST
ਅਲਬੇਲਾ ਗਾਇਕ  ਅਲਮਸਤ ਇਨਸਾਨ
Advertisement

Advertisement

ਸੁਰਿੰਦਰ ਸਿੰਘ ਤੇਜ

ਖੰਡਵਾ (ਮੱਧ ਪ੍ਰਦੇਸ਼) ਦੇ ਐਡਵੋਕੇਟ ਕੁੰਜੀ ਲਾਲ ਗੰਗੋਲੀ ਤੇ ਗੌਰੀ ਰਾਣੀ ਦੇ ਤਿੰਨ ਪੁੱਤਰ ਸਨ: ਕੁਮੁਦ ਲਾਲ, ਕਲਿਆਣ ਕੁਮਾਰ ਤੇ ਆਭਾਸ ਕੁਮਾਰ। ਕੁੰਜੀ ਲਾਲ ਤਿੰਨਾਂ ਨੂੰ ਵਕੀਲ ਬਣਾਉਣਾ ਲੋਚਦੇ ਸਨ, ਪਰ ਇਸ ਲੋਚਾ ਨੂੰ ਫਲ਼ ਨਾ ਪਿਆ। ਤਿੰਨੋਂ ਵਕੀਲ ਨਾ ਬਣੇ ਸਗੋਂ ਫਿਲਮ ਜਗਤ ਵਿਚ ਜਾ ਵੜੇ। ਮਸ਼ਹੂਰ ਵੀ ਖ਼ੂਬ ਹੋਏ। ਸਭ ਤੋਂ ਵੱਡਾ ਕੁਮੁਦ ਲਾਲ ਉਰਫ਼ ਅਸ਼ੋਕ ਕੁਮਾਰ ਅਤੇ ਸਭ ਤੋਂ ਛੋਟਾ ਆਭਾਸ ਕੁਮਾਰ ਉਰਫ਼ ਕਿਸ਼ੋਰ ਕੁਮਾਰ ਵੱਧ, ਮਝਲਾ ਕਲਿਆਣ ਕੁਮਾਰ ਭਾਵ ਅਨੂਪ ਕੁਮਾਰ ਘੱਟ। ਅਸ਼ੋਕ ਕੁਮਾਰ ਅਦਾਕਾਰੀ ਦੇ ਖੇਤਰ ਵਿਚ ਛਾਇਆ ਰਿਹਾ, ਕਿਸ਼ੋਰ ਕੁਮਾਰ ਪਹਿਲਾਂ ਗਾਇਕ ਬਣਦਿਆਂ ਅਦਾਕਾਰ ਬਣ ਬੈਠਾ ਅਤੇ ਫਿਰ ਗਾਇਕੀ ਵੱਲ ਅਜਿਹਾ ਪਰਤਿਆ ਕਿ ਸਾਡੇ ਸੰਗੀਤ ਜਗਤ ਦਾ ਚਹੇਤਾ ਸਾਬਤ ਹੋਇਆ। ਇਸੇ ਅਮਰ ਗਾਇਕ ਦੀ ਅਮਰਤਾ ਨੂੰ ਸਿਜਦਾ ਹੈ ਅਨੀਰੁੱਧ ਭੱਟਾਚਾਰਜੀ ਤੇ ਪਾਰਥਿਵ ਧਰ ਦੀ ਕਿਤਾਬ ‘ਕਿਸ਼ੋਰ ਕੁਮਾਰ: ਦਿ ਅਲਟੀਮੇਟ ਬਾਇਗ੍ਰੈਫੀ’ (ਹਾਰਪਰ ਕੌਲਨਿਜ਼; 556 ਪੰਨੇ; 699 ਰੁਪਏ)।
ਦੋਵੇਂ ਲੇਖਕ ਕਾਰਪੋਰੇਟ ਜਗਤ ਨਾਲ ਜੁੜੇ ਹੋਏ ਹਨ। ਦੋਵੇਂ ਫਿਲਮ ਸੰਗੀਤ, ਖ਼ਾਸ ਕਰਕੇ ਸੁਨਹਿਰੇ ਯੁੱਗ (1950-75) ਦੇ ਸੰਗੀਤ ਦੇ ਸ਼ੈਦਾਈ ਹਨ। ਅਨੀਰੁੱਧ, ਸ਼ਿਵਾਜੀ ਵਿੱਠਲ ਨਾਲ ਮਿਲ ਕੇ ਪਹਿਲਾਂ ਵੀ ਤਿੰਨ ਕਿਤਾਬਾਂ ਲਿਖ ਚੁੱਕਾ ਹੈ ਜਨਿ੍ਹਾਂ ਵਿੱਚੋਂ ਦੋ ਨੂੰ ਕੌਮੀ ਫਿਲਮ ਐਵਾਰਡ ਹਾਸਿਲ ਹੋਏ। ਪਾਰਥਿਵ ਧਰ ਦਾ ਇਹ ਪਹਿਲਾ ਉੱਦਮ ਹੈ। ਕਿਤਾਬ 10 ਵਰ੍ਹਿਆਂ ਦੇ ਫੀਲਡ ਵਰਕ ਤੇ ਦੋ ਵਰ੍ਹਿਆਂ ਦੇ ਲੇਖਣ-ਸੰਪਾਦਨ ਤੋਂ ਬਾਅਦ ਵਜੂਦ ਵਿਚ ਆਈ। ਇਹ ਮੁਸ਼ੱਕਤ ਦਾ ਆਭਾਸ ਪੂਰੀ ਕਿਤਾਬ ਵਿਚੋਂ ਹੁੰਦਾ ਹੈ। ਕਿਸ਼ੋਰ ਦੇ ਜੀਵਨ ਦੇ ਹਰ ਪੱਖ ਨੂੰ ਛੋਹਿਆ ਗਿਆ ਹੈ। ਉਸ ਦੀ ਅਲਮਸਤੀ ਦੇ ਆਦਿ-ਜੁਗਾਦਿ ਨੂੰ ਸ਼ਬਦਾਂ ਰਾਹੀਂ ਰੂਪਮਾਨ ਕੀਤਾ ਗਿਆ ਹੈ। ਉਸ ਦੀ ਗਾਇਕੀ ਦੇ ਹਰ ਰੰਗ ਦੀ ਪੂਰੀ ਸੁਦਿਕਸ਼ਤਾ ਨਾਲ ਸ਼ਨਾਖ਼ਤ ਕੀਤੀ ਗਈ ਹੈ। ਉਸ ਦੇ ਕਰੀਬੀਆਂ, ਹਮਰਾਹਾਂ, ਹਮਰਾਜ਼ਾਂ, ਸਨੇਹੀਆਂ ਅਤੇ ਉਸ ਦੇ ਪੁਰਾਣੇ ਨੌਕਰਾਂ ਦੇ ਪਰਿਵਾਰਾਂ ਵਿਚੋਂ ਜੋ ਕੋਈ ਵੀ ਜ਼ਿੰਦਾ ਮਿਲਿਆ, ਲੇਖਕਾਂ ਨੇ ਉਸ ਤੱਕ ਪਹੁੰਚ ਕੀਤੀ। ਅਜਿਹੀ ਮਿਹਨਤ ਨੇ ਕਿਸ਼ੋਰ ਦੀਆਂ ਸ਼ਖ਼ਸੀ ਖ਼ੂਬੀਆਂ ਖ਼ਾਮੀਆਂ ਤੱਕ ਪੁੱਜਣ ਅਤੇ ਬੇਲੋੜੀ ਸਾਖ਼ੀਕਾਰੀ ਤੋਂ ਬਚਣ ਵਿਚ ਲੇਖਕਾਂ ਦੀ ਮਦਦ ਕੀਤੀ। ਕਿਸ਼ੋਰ ਵੱਲੋਂ ਗਾਏ 2678 ਗੀਤਾਂ ਵਿਚੋਂ ਘੱਟੋ-ਘੱਟ 500 ਦੇ ਪਿਛੋਕੜ, ਲੇਖਣ, ਸੁਰਾਂ ਵਿਚ ਢਲਣ ਆਦਿ ਦੇ ਅਮਲ ਨਾਲ ਜੁੜੀਆਂ ਕਥਾਵਾਂ-ਵਾਰਤਾਵਾਂ ਵੀ ਇਸ ਕਿਤਾਬ ਦੀ ਜਿੰਦ-ਜਾਨ ਹਨ।
ਕਿਸ਼ੋਰ ਕੁਮਾਰ ਬਾਰੇ ਬਹੁਤ ਕੁਝ ਪੜ੍ਹਨ-ਸੁਣਨ ਨੂੰ ਮਿਲਦਾ ਹੈ। ਤਿੰਨ ਦਰਜਨ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ ਉਸ ਬਾਰੇ। ਸੈਂਕੜੇ ਬਲੌਗ ਵੀ ਮੌਜੂਦ ਹਨ ਇੰਟਰਨੈੱਟ ’ਤੇ, ਪਰ ਇਸ ਕਿਤਾਬ ਵਿਚ ਬਹੁਤ ਸਾਰੇ ਤੱਥ ਨਵੇਂ ਹਨ। ਜਿਵੇਂ ਕਿ:
* ਉਸ ਦਾ ਪਹਿਲਾ ਗੀਤ 1936 ਵਿਚ ਰਿਕਾਰਡ ਹੋਇਆ ਸੀ, ਉਹ ਵੀ ਸਰਸਵਤੀ ਦੇਵੀ (ਅਸਲ ਨਾਮ: ਖੁਰਸ਼ੀਦ ਮਨਿੋਸ਼ੇਰ ਹੋਮਜੀ) ਦੇ ਸੰਗੀਤ ਨਿਰਦੇਸ਼ਨ ਹੇਠ। ਕਿਸ਼ੋਰ ਆਪਣੇ 18 ਸਾਲ ਵੱਡੇ ਭਰਾ ਅਸ਼ੋਕ ਕੁਮਾਰ ਕੋਲ ਬਾਂਬੇ ਟਾਕੀਜ਼ ਸਟੂਡੀਓ ਵਿਚ ਆਇਆ ਹੋਇਆ ਸੀ। ਸੱਤ ਵਰ੍ਹਿਆਂ ਦਾ ਸੀ ਉਹ ਉਦੋਂ। ਸਹਿਗਲ ਦਾ ਇਕ ਗੀਤ ਗੁਣਗੁਣਾ ਰਿਹਾ ਸੀ ਕਿ ਸਰਸਵਤੀ ਦੇਵੀ ਉਸ ਨੂੰ ਉਂਗਲ ਨਾਲ ਲਾ ਕੇ ਉਸ ਥਾਂ ਲੈ ਗਏ ਜਿੱਥੇ ਮਹਿਲਾਵਾਂ ਦੇ ਇਕ ਕੋਰਸ ਦੀ ਰਿਕਾਰਡਿੰਗ ਹੋਣੀ ਸੀ। ਉਸ ਨੂੰ ਬਾਕੀ ਲਾਈਨਾਂ ਕੋਰਸ ਗਾਇਕਾਂ ਦੇ ਨਾਲ ਗਾਉਣ, ਪਰ ਇਕ ਸਤਰ ਆਜ਼ਾਦਾਨਾ ਤੌਰ ’ਤੇ ਗਾਉਣ ਲਈ ਕਿਹਾ ਗਿਆ। ਕਿਸ਼ੋਰ ਨੂੰ ਨਹੀਂ ਸੀ ਪਤਾ ਕਿ ਸੰਗੀਤ ਨਿਰਦੇਸ਼ਕ ਕੌਣ ਹੁੰਦਾ ਹੈ। ਉਸ ਨੂੰ ਸਰਸਵਤੀ ਦੇਵੀ ਸੰਗੀਤ ਅਧਿਆਪਕਾ ਜਾਪੀ ਤੇ ਉਸ ਤੋਂ ਡਰਦਿਆਂ ਜਿਵੇਂ ਕਿਹਾ ਗਿਆ, ਉਸ ਨੇ ਗਾ ਦਿੱਤਾ। ਇਹ ਰਿਕਾਰਡ ਹੁਣ ਉਪਬਲਧ ਨਹੀਂ ਹੈ। ਆਮ ਪ੍ਰਭਾਵ ਇਹ ਹੈ ਕਿ ਕਿਸ਼ੋਰ ਨੇ ਪਹਿਲਾ ਗੀਤ, ਰੈਪ ਦੇ ਇਕ ਪੈਰੇ ਦੇ ਰੂਪ ਵਿਚ ਫਿਲਮ ‘ਆਠ ਦਨਿ’ (1946) ਵਿਚ ਗਾਇਆ। ਉਹ ਵੀ ਆਪਣੇ ‘ਗੁਰੂ’ ਸਚਨਿ ਦੇਵ ਬਰਮਨ ਦੇ ਬੈਟਨ ਹੇਠ। ਇਹ ਰੈਪ ਫਿਲਮ ਦੇ ਸਾਊਂਡ ਟਰੈਕ ਦਾ ਹਿੱਸਾ ਹੈ, ਵੱਖਰਾ ਰਿਕਾਰਡ ਨਹੀਂ।
* ਗਾਇਕ ਵਜੋਂ ਕਿਸ਼ੋਰ ਦੇ ਮੁੱਖ ਸੇਧਗਾਰ ਦਾਦਾ ਬਰਮਨ ਮੰਨੇ ਜਾਂਦੇ ਹਨ, ਪਰ ਕਿਸ਼ੋਰ ਲਈ ਪਹਿਲੇ ਸੰਗੀਤਕ ਮੁਰਸ਼ਦ ਖੇਮ ਚੰਦ ਪ੍ਰਕਾਸ਼ ਸਨ। ਸ਼ਾਸਤਰੀ ਸੰਗੀਤ ਦੇ ਕੱਟੜ ਸਾਧਕ ਖੇਮ ਚੰਦ ਪ੍ਰਕਾਸ਼ ਨੇ ਕਿਸ਼ੋਰ ਦੀ ਆਵਾਜ਼ ਅੰਦਰਲੇ ਸੁਰ ਤੇ ਸੋਜ਼ ਨੂੰ ਪਛਾਣਿਆ, ਚੰਗਾ ਸੰਗੀਤ (ਖ਼ਾਸਕਰ ਸ਼ਾਸਤਰੀ ਸੰਗੀਤ) ਸੁਣਨ ਦੀ ਸਲਾਹ ਵੀ ਦਿੱਤੀ, ਪਰ ਦਾਦਾ ਬਰਮਨ ਵਾਂਗ ਉਨ੍ਹਾਂ ਨੇ ਵੀ ਕਿਸ਼ੋਰ ਨੂੰ ਸ਼ਾਸਤਰੀ ਸੰਗੀਤ ਦੀ ਰਸਮੀ ਤਾਲੀਮ ਤੋਂ ਦੂਰ ਰਹਿਣ ਦਾ ਮਸ਼ਵਰਾ ਦਿੱਤਾ। ਉਹ ਵੀ ਨਹੀਂ ਸੀ ਚਾਹੁੰਦੇ ਕਿ ਕਿਸ਼ੋਰ ਆਪਣੀ ਗਾਇਕੀ ਅੰਦਰਲੀ ਸੁਭਾਵਿਕਤਾ ਗੁਆ ਬੈਠੇ। ਉਨ੍ਹਾਂ ਨੇ ‘ਜ਼ਿੱਦੀ’ (1948) ਲਈ ਕਿਸ਼ੋਰ ਤੋਂ ਦੋ ਸੋਲੋ ਤੇ ਇਕ ਦੋਗਾਣਾ (ਰਾਜਕੁਮਾਰੀ ਨਾਲ) ਗਵਾਇਆ। ਇਹ ਵੱਖਰੀ ਗੱਲ ਹੈ ਕਿ ਕਿਸ਼ੋਰ ਨੇ ਸਾਰੇ ਗੀਤ ਸਹਿਗਲਨੁਮਾ ਅੰਦਾਜ਼ ਵਿਚ ਗਾਏ। ਇਸੇ ਫਿ਼ਲਮ ਰਾਹੀਂ ਕਿਸ਼ੋਰ, ਦੇਵ ਆਨੰਦ ਦੀ ‘ਆਵਾਜ਼’ ਦੇ ਰੂਪ ਵਿਚ ਸਾਹਮਣੇ ਆਇਆ।
* ਦਾਦਾ ਬਰਮਨ ਨੇ ਕਿਸ਼ੋਰ ਦੀ ਗਾਇਕੀ ਵਿਚੋਂ ਸਹਿਗਲ ਦਾ ਪ੍ਰੇਤ ‘ਬਹਾਰ’ (1950) ਦੇ ਗੀਤ ‘ਕਸੂਰ ਆਪ ਕਾ, ਹਜ਼ੂਰ ਆਪ ਕਾ’ ਰਾਹੀਂ ਕੱਢਿਆ। ਇਹ ਗੀਤ ਹੀਰੋ ਕਰਨ ਦੀਵਾਨ ’ਤੇ ਫਿਲਮਾਇਆ ਗਿਆ (ਅਦਾਕਾਰਾ ਵੈਜੰਤੀਮਾਲਾ ਦੀ ਇਹ ਪਹਿਲੀ ਹਿੰਦੀ ਫਿਲਮ ਸੀ)। ਗੀਤ ਬੇਹੱਦ ਮਕਬੂਲ ਹੋਇਆ ਅਤੇ ਹੁਣ ਵੀ ਰੇਡੀਓ ’ਤੇ ਸੁਣਨ ਨੂੰ ਅਕਸਰ ਮਿਲ ਜਾਂਦਾ ਹੈ। ਇਸ ਮਕਬੂਲੀਅਤ ਦੇ ਬਾਵਜੂਦ ਅਨਿਲ ਬਿਸਵਾਸ ਤੇ ਹੁਸਨ ਲਾਲ-ਭਗਤ ਰਾਮ ਵਰਗੇ ਦਿੱਗਜ ਸੰਗੀਤਕਾਰਾਂ ਨੇ ਕਿਸ਼ੋਰ ਦਾ ਗਾਇਕੀ ਦਾ ‘ਸਹਿਗਲੀ ਅੰਗ’ ਤਿਆਗਣ ਵਿਚ ਦੋ ਵਰ੍ਹੇ ਲਾ ਦਿੱਤੇ।
* ਦਾਦਾ ਬਰਮਨ ਨੇ ‘ਪਿਆਰ’ (1950) ਵਿਚ ਕਿਸ਼ੋਰ ਨੂੰ ਰਾਜ ਕਪੂਰ ਦੀ ਆਵਾਜ਼ ਵਜੋਂ ਉਭਾਰਨ ਦਾ ਯਤਨ ਕੀਤਾ, ਪਰ ਫਿਲਮ ਫਲਾਪ ਹੋਣ ਮਗਰੋਂ ਇਹ ਯਤਨ ਤਿਆਗ ਦਿੱਤਾ ਗਿਆ। ਕਿਸ਼ੋਰ ਨੇ ਵੀ ਇਸ ਤੋਂ ਬਾਅਦ ਰਾਜ ਕਪੂਰ ਦੀ ‘ਆਵਾਜ਼’ ਬਣਨ ਦਾ ਕੋਈ ਯਤਨ ਨਹੀਂ ਕੀਤਾ।
* ਬਿਮਲ ਰਾਏ ਦੀ ਫਿਲਮ ‘ਨੌਕਰੀ’ (1954) ਵਿਚ ਕਿਸ਼ੋਰ ਹੀਰੋ ਸੀ, ਪਰ ਸੰਗੀਤਕਾਰ ਸਲਿਲ ਚੌਧਰੀ ਨੇ ਉਸ ਤੋਂ ਗੀਤ ਗਵਾਉਣ ਤੋਂ ਕੋਰਾ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਤਰਕ ਸੀ ਕਿ ਸ਼ਾਸਤਰੀ ਸੰਗੀਤ ਤੋਂ ਅਣਭਿੱਜ ਬੰਦਾ, ਗਾਇਕ ਹੋ ਹੀ ਨਹੀਂ ਸਕਦਾ। ਕਿਸ਼ੋਰ ਨੂੰ ਆਪਣੇ ਗੀਤ ਆਪ ਗਾਉਣ ਦੀ ਖ਼ਾਤਿਰ ਬੜੀਆਂ ਸਿਫ਼ਾਰਸ਼ਾਂ ਲਵਾਉਣੀਆਂ ਪਈਆਂ। ਸਲਿਲ ਚੌਧਰੀ, ਬਿਮਲ ਰਾਏ ਅੱਗੇ ਵੀ ਅੜੇ ਰਹੇ। ਅੰਤ ਕਿਸ਼ੋਰ ਦੀ ਆਵਾਜ਼ ਵਜੋਂ ਚੁਣੇ ਹੇਮੰਤ ਕੁਮਾਰ ਦੀ ਸਪਸ਼ਟ ਨਾਂਹ ਕਾਰਗਰ ਸਾਬਤ ਹੋਈ। ਉਨ੍ਹਾਂ ਨੇ ਸਲਿਲ ਚੌਧਰੀ ਨੂੰ ਕਿਹਾ ਕਿ ਉਹ ਕਿਸ਼ੋਰ ਨੂੰ ਆਪਣੇ ਹਾਣ ਦਾ ਗਾਇਕ ਮੰਨਦੇ ਹਨ ਅਤੇ ਉਸ ਨਾਲ ਨਾਇਨਸਾਫ਼ੀ ਨਹੀਂ ਹੋਣ ਦੇਣਗੇ। ਸਲਿਲ ਚੌਧਰੀ ਬੜੇ ਅਣਮੰਨੇ ਮਨ ਨਾਲ ਰਾਜ਼ੀ ਹੋਏ, ਪਰ ਰਿਕਾਰਡਿੰਗ ਸਮੇਂ ਉਨ੍ਹਾਂ ਦੇ ਭੁਲੇਖੇ ਦੂਰ ਹੋ ਗਏ। ਇਸ ਫਿਲਮ ਦਾ ਗੀਤ ‘ਛੋਟਾ ਸਾ ਘਰ ਹੋਗਾ’ ਅੱਜ ਵੀ 1954 ਜਿੰਨਾ ਹੀ ਮਕਬੂਲ ਹੈ।
* ਕਿਸ਼ੋਰ ਨੂੰ ਸ਼ਾਸਤਰੀ ਸੰਗੀਤ ਵਾਲੀ ਦਿੱਕਤ ‘ਮਹਬਿੂਬਾ’ (1975) ਦੇ ਗੀਤ ‘ਮੇਰੇ ਨੈਨਾ ਸਾਵਨ ਭਾਦੋਂ, ਫਿਰ ਭੀ ਮੇਰਾ ਮਨ ਪਿਆਸਾ’ ਵੇਲੇ ਵੀ ਆਈ। ਰਾਗ ਸ਼ਿਵਰੰਜਨੀ ’ਤੇ ਆਧਾਰਿਤ ਇਸ ਪੇਚੀਦਾ ਧੁਨ ਨੂੰ ਸੁਣ ਕੇ ਫਿਲਮ ਨਿਰਦੇਸ਼ਕ ਸ਼ਕਤੀ ਸਾਮੰਤ ਅਤੇ ਨਿਰਮਾਤਾ ਜੋੜੀ ਮੁਸ਼ੀਰ-ਰਿਆਜ਼ (ਮੁਸ਼ੀਰ ਆਲਮ ਤੇ ਰਿਆਜ਼ ਅਹਿਮਦ) ਨੇ ਕਿਹਾ ਕਿ ਕਿਸ਼ੋਰ ਇਹ ਗੀਤ ਨਹੀਂ ਗਾ ਸਕੇਗਾ। ਉਨ੍ਹਾਂ ਨੇ ਗੀਤ ਮੰਨਾ ਡੇਅ ਜਾਂ ਮੁਹੰਮਦ ਰਫ਼ੀ ਦੀ ਆਵਾਜ਼ ਵਿਚ ਰਿਕਾਰਡ ਕਰਵਾਉਣ ’ਤੇ ਜ਼ੋਰ ਦਿੱਤਾ, ਪਰ ਸੰਗੀਤਕਾਰ ਰਾਹੁਲ ਦੇਵ ਬਰਮਨ (ਪੰਚਮ) ਰਾਜ਼ੀ ਨਹੀਂ ਹੋਇਆ। ਉਸ ਦਾ ਕਹਿਣਾ ਸੀ ਕਿ ਉਸ ਨੇ ਧੁਨ ਹੀ ਕਿਸ਼ੋਰ ਦੀ ਆਵਾਜ਼ ਮੁਤਾਬਿਕ ਬਣਾਈ ਹੈ। ਉਸ ਨੇ ਧੁਨ ਦੀ ਟੇਪ ਕਿਸ਼ੋਰ ਦੇ ਘਰ ਭੇਜ ਦਿੱਤੀ। ਟੇਪ ਲਤਾ ਮੰਗੇਸ਼ਕਰ ਦੀ ਆਵਾਜ਼ ਵਿਚ ਸੀ ਜੋ ਕਿ ਗੀਤ ਪਹਿਲਾਂ ਰਿਕਾਰਡ ਕਰਵਾ ਚੁੱਕੀ ਸੀ। ਅਗਲੇ ਦਨਿ ਗੀਤ ਦੀ ਰਿਕਾਰਡਿੰਗ ਨੇ ਸਿਰਫ਼ 20 ਮਿੰਟ ਲਏ। ਇਹ ਗੀਤ ਹੁਣ ਕਿਸ਼ੋਰ ਦੇ 10 ਬਿਹਤਰੀਨ ਗੀਤਾਂ ਵਿਚ ਸ਼ੁਮਾਰ ਹੈ। ਫਿਲਮ ਸੰਗੀਤ ਵਿਚ ਸ਼ਾਸਤਰੀ ਸੰਗੀਤ ਦੇ ਪ੍ਰਚਲਣ ਨੂੰ ਉਤਸ਼ਾਹਿਤ ਕਰਨ ਵਾਲੀ ਪੁਣੇ ਦੀ ਸੰਸਥਾ- ਸੁਰ ਸ਼ਿੰਗਾਰ ਸੰਸਦ ਨੇ ਕਿਸ਼ੋਰ ਵਾਲੇ ਗੀਤ ਨੂੰ ਉਸ ਸਾਲ (1975) ਦਾ ਬਿਹਤਰੀਨ ਗੀਤ ਚੁਣਿਆ ਸੀ।
* ਕਿਸ਼ੋਰ ਨੂੰ ਸ਼ਾਸਤਰੀ ਸੰਗੀਤ ਸੁਣਨ ਦਾ ਬੇਹੱਦ ਸ਼ੌਕ ਸੀ। ਉਹ ਉਸਤਾਦਾਂ ਦੀਆਂ ਮਹਿਫ਼ਿਲਾਂ ਵਿਚ ਹਾਜ਼ਰੀ ਭਰਨ ਦਾ ਕੋਈ ਮੌਕਾ ਨਹੀਂ ਸੀ ਖੁੰਝਾਉਂਦਾ। ਪਰ ਸ਼ਾਸਤਰੀ ਸੰਗੀਤ ਗਾਉਣ ਤੋਂ ਹਮੇਸ਼ਾਂ ਝਿਜਕਦਾ ਸੀ। ਇਸੇ ਝਿਜਕ ਕਾਰਨ ਮੁਹੰਮਦ ਰਫ਼ੀ ਤੇ ਮੰਨਾ ਡੇਅ ਨੂੰ ਉਸ ਵਾਸਤੇ ਗਾਉਣ ਦੇ ਮੌਕੇ ਮਿਲੇ। ਇਹ ਝਿਜਕ ਸੰਗੀਤਕਾਰ ਚਿਤ੍ਰਗੁਪਤ ਨੇ ਫਿਲਮ ‘ਏਕ ਰਾਜ਼’ (1963) ਦੇ ਗੀਤ ‘ਪਾਇਲ ਵਾਲੀ ਦੇਖਨਾ...’ ਰਾਹੀਂ ਦੂਰ ਕੀਤੀ। ਅਗਲੇ ਸਾਲ ਲਕਸ਼ਮੀਕਾਂਤ-ਪਿਆਰੇਲਾਲ ਨੇ ‘ਚਲੀ ਰੇ ਚਲੀ ਰੇ ਗੋਰੀ ਪਨੀਆ ਭਰਨ ਕੋ’ (ਮਿਸਟਰ ਐਕਸ ਇਨ ਬਾਂਬੇ; 1964) ਗੀਤ ਗਵਾ ਕੇ ਸ਼ਾਸਤਰੀ ਸੰਗੀਤ ਉੱਤੇ ਕਿਸ਼ੋਰ ਦੀ ਪਕੜ ਦੀ ਮੋਹਰ ਲੁਆ ਦਿੱਤੀ।
* ਕਿਸ਼ੋਰ ਨੇ ਚਾਰ ਵਿਆਹ ਕਰਵਾਏ। ਪਹਿਲਾ ਰੁਮਾ ਦੇਵੀ (1950-58), ਦੂਜਾ ਮਧੂ ਬਾਲਾ (1960-69), ਤੀਜਾ ਯੋਗਿਤਾ ਬਾਲੀ (1976-78) ਅਤੇ ਚੌਥਾ ਲੀਨਾ ਚੰਦਾਵਰਕਰ (1980-87) ਨਾਲ। ਮਧੂ ਬਾਲਾ ਨਾਲ ਉਸ ਦੇ ਸਰੀਰਿਕ ਸਬੰਧ ਨਹੀਂ ਰਹੇ ਕਿਉਂਕਿ ਮਧੂ ਦੇ ਦਿਲ ਵਿਚ ਛੇਦ ਸੀ। ਇਸ ਅਸਲੀਅਤ ਤੋਂ ਵਾਕਫ਼ ਹੋਣ ਦੇ ਬਾਵਜੂਦ ਉਸ ਨੇ ਮਧੂ ਬਾਲਾ ਨਾਲ ਵਿਆਹ ਕੀਤਾ ਅਤੇ ਮਧੂ ਦੀ ਮੌਤ ਤੱਕ ਰਿਸ਼ਤਾ ਨਿਭਾਇਆ। ਉਸ ਨੂੰ ਕੰਜੂਸ ਮੰਨਿਆ ਜਾਂਦਾ ਸੀ, ਪਰ ਮਧੂ ਬਾਲਾ ਦੇ ਇਲਾਜ ਦਾ ਸਾਰਾ ਖ਼ਰਚ ਉਸ ਨੇ ਅਦਾ ਕੀਤਾ। ਆਪਣੀ ਸੱਸ ਗੌਰੀ ਰਾਣੀ ਨਾਲ ਮੱਤਭੇਦਾਂ ਕਰਕੇ ਮਧੂ ਬਾਲਾ ਵਿਆਹ ਤੋਂ ਇਕ ਮਹੀਨਾ ਬਾਅਦ ਹੀ ਪੇਕੇ ਘਰ ਪਰਤ ਗਈ ਸੀ, ਪਰ ਕਿਸ਼ੋਰ ਹਰ ਰਾਤ ਖਾਣਾ ਖਾਣ ਵਾਸਤੇ ਉਸ ਦੇ ਘਰ ਜਾਂਦਾ ਰਿਹਾ।
* ਕੋਈ ਵੀ ਗੀਤ ਗਾਉਣ ਲਈ ਕਿਸ਼ੋਰ ਨੂੰ ਲੰਬੇ-ਚੌੜੇ ਅਭਿਆਸ ਦੀ ਲੋੜ ਨਹੀਂ ਸੀ ਪੈਂਦੀ। ਉਹ ਹਰ ਤਰਜ਼ ਦੀਆਂ ਬਾਰੀਕੀਆਂ ਨੂੰ ਆਸਾਨੀ ਨਾਲ ਆਪਣੇ ਅੰਦਰ ਜਜ਼ਬ ਕਰ ਲੈਂਦਾ ਸੀ। ਦਾਦਾ ਬਰਮਨ ਨੇ ਉਸ ਤੋਂ ਬਿਹਤਰੀਨ ਗੀਤ ਗਵਾਏ। ਢੰਗ ਇਕੋ ਹੀ ਹੁੰਦਾ ਸੀ: ਮੁੱਢਲੇ ਅਭਿਆਸ ਮਗਰੋਂ ਧੁਨ ਦੀ ਟੇਪ ਕਿਸ਼ੋਰ ਦੇ ਘਰ ਪਹੁੰਚ ਜਾਂਦੀ ਸੀ। ਉਹ ਧੁਨ ਵਿਚ ‘ਅਦਾਕਾਰੀ’ ਦੇ ਰੰਗ ਭਰਦਾ। ਅਗਲੇ ਦਨਿ ਗੀਤ ਦੀ ਰਿਕਾਰਡਿੰਗ ਅੱਧਾ ਘੰਟਾ ਵੀ ਨਾ ਲੈਂਦੀ। ਇਹੋ ਵਿਧੀ ਬਾਅਦ ਵਿਚ ਚਿਤ੍ਰਗੁਪਤ, ਸੀ. ਰਾਮਚੰਦਰ ਤੇ ਰਾਹੁਲ ਦੇਵ ਬਰਮਨ ਨੇ ਵੀ ਅਪਣਾਈ।
* ਸੰਜੀਦਾ ਗੀਤ ਰਿਕਾਰਡ ਕਰਵਾਉਣ ਸਮੇਂ ਕਿਸ਼ੋਰ ਮੂੰਹ ਵਿਚ ਬਰਫ਼ ਦੀ ਡਲੀ ਰੱਖ ਲੈਂਦਾ ਸੀ। ਉਸ ਨੂੰ ਇਹ ‘ਫਾਰਮੂਲਾ’ ਦਾਦਾ ਬਰਮਨ ਨੇ ਸਿਖਾਇਆ ਸੀ, ਫਿਲਮ ‘ਫੰਟੂਸ਼’ (1956) ਦੇ ਗੀਤ ‘ਦੁਖੀ ਮਨ ਮੇਰੇ...’ ਦੀ ਰਿਕਾਰਡਿੰਗ ਵੇਲੇ। ਕਿਸ਼ੋਰ ਦਾ ਇਹ ਪਹਿਲਾ ਸੰਜੀਦਾ ਸੋਲੋ ਗੀਤ ਸੀ।
* ਬੰਗਾਲੀ ਹੋਣ ਦੇ ਬਾਵਜੂਦ ਕਿਸ਼ੋਰ ਬੰਗਾਲੀਆਂ ਦੀ ਹਾਜ਼ਰੀ ਵਿਚ ਬੰਗਲਾ ਬੋਲਣ ਤੋਂ ਕਤਰਾਉਂਦਾ ਸੀ। ਉਸ ਦੇ ਅੰਦਰ ਇਹ ਅਹਿਸਾਸ ਹਾਵੀ ਸੀ ਕਿ ਉਸ ਦਾ ਬੰਗਲਾ ਉਚਾਰਣ ਸਹੀ ਨਹੀਂ। ਇਸੇ ਕਾਰਨ ਉਸ ਨੇ ਬੰਗਲਾ ਭਾਸ਼ਾ ਵਿਚ ਗੀਤ ਵੀ 1956 ਤੋਂ ਬਾਅਦ ਰਿਕਾਰਡ ਕਰਵਾਏ। ਹਿੰਦੀ ਉੱਤੇ ਉਸ ਦੀ ਪੂਰੀ ਪਕੜ ਸੀ। ਲਿਖਾਈ ਵੀ ਬੜੀ ਖ਼ੂਬਸੂਰਤ ਸੀ। ਬੰਗਲਾ ਗੀਤਾਂ ਦੇ ਬੋਲ ਉਹ ਦੇਵਨਾਗਰੀ ਲਿੱਪੀ ’ਚ ਹੀ ਲਿਖਦਾ ਸੀ ਤਾਂ ਜੋ ਰਿਕਾਰਡਿੰਗ ਸਮੇਂ ਆਸਾਨੀ ਰਹੇ।
* ਸਿਰਮੌਰ ਫਿਲਮਸਾਜ਼ ਸੱਤਿਆਜੀਤ ਰੇਅ ਨਾਲ ਕਿਸ਼ੋਰ ਦੀ ਬਹੁਤ ਨੇੜਤਾ ਸੀ। ਉਹ ਰੇਅ ਬਾਬੂ ਨੂੰ ‘ਮਾਣਿਕ ਮਾਮੂ’ ਕਹਿ ਕੇ ਬੁਲਾਉਂਦਾ ਸੀ। ਰੇਅ ਦੀ ਪਹਿਲੀ ਫਿਲਮ ‘ਪਾਥੇਰ ਪੰਚਾਲੀ’ ਦਾ ਨਿਰਮਾਣ ਜਦੋਂ ਮਾਇਕ ਸਾਧਨਾਂ ਦੀ ਕਮੀ ਕਾਰਨ ਅਟਕ ਗਿਆ ਸੀ ਤਾਂ ਕਿਸ਼ੋਰ, ਬੰਬਈ ਫਿਲਮ ਜਗਤ ਦੀ ਪਹਿਲੀ ਹਸਤੀ ਸੀ ਜਿਸ ਨੇ ਪੰਜ ਹਜ਼ਾਰ ਰੁਪਏ ਦਾ ਚੈੱਕ (1954 ’ਚ) ਕੱਟ ਕੇ ਰੇਅ ਦੇ ਹਵਾਲੇ ਕਰ ਦਿੱਤਾ ਸੀ। ਦੋ ਸਾਲ ਬਾਅਦ ਜਦੋਂ ਰੇਅ ਨੇ ਇਹ ਰਕਮ ਮੋੜੀ ਤਾਂ ਕਿਸ਼ੋਰ ਨੇ ਚੈੱਕ, ਬੈਂਕ ’ਚ ਜਮ੍ਹਾਂ ਨਹੀਂ ਕਰਵਾਇਆ। ਫੋਟੋ ਫਰੇਮ ਕਰਵਾ ਕੇ ਆਪਣੇ ਬੰਗਲੇ ਦੇ ਡਰਾਇੰਗ ਰੂਮ ਵਿਚ ਸਜਾ ਦਿੱਤਾ। ਰੇਅ ਬਾਬੂ ਮਜ਼ਾਕ ਕੀਤਾ ਕਰਦੇ ਸਨ ਕਿ ਕਿਸ਼ੋਰ ਨੇ ਉਨ੍ਹਾਂ ਨੂੰ ਸਥਾਈ ਤੌਰ ’ਤੇ ਕਰਜ਼ਾਈ ਬਣਾ ਦਿੱਤਾ ਹੈ।
* ਕਿਸ਼ੋਰ ਉਹ ਗਾਇਕ ਸੀ ਜਿਸ ਨੂੰ ਆਕਾਸ਼ਵਾਣੀ ’ਤੇ ਤਿੰਨ ਵਾਰ ਬੈਨ ਕੀਤਾ ਗਿਆ। ਪਹਿਲਾਂ 1958 ਵਿਚ ਨਹਿਰੂ ਯੁੱਗ ਵੇਲੇ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਜੀ.ਵੀ. ਕੇਸਕਰ ਵੱਲੋਂ ਅਤੇ ਫਿਰ 1976 ਤੇ 1981 ਵਿਚ ਇੰਦਿਰਾ ਗਾਂਧੀ ਦੇ ਰਾਜ ਕਾਲ ਸਮੇਂ। ਕੇਸਕਰ ਵੇਲੇ ਤਾਂ ਬੈਨ ਅਸਿੱਧੇ ਤੌਰ  ’ਤੇ ਸੀ ਅਤੇ ਤਿੰਨ ਸਾਲ ਚੱਲਿਆ। ਇੰਦਿਰਾ ਯੁੱਗ ਦੌਰਾਨ ਇਹ ਕੁਝ ਕੁ ਮਹੀਨਿਆਂ ਤੀਕ ਸੀਮਤ ਰਿਹਾ। ਕਾਰਨ ਇਕੋ ਸੀ: ਕਿਸ਼ੋਰ ਸਰਕਾਰੀ ਧੌਂਸ ਨਹੀਂ ਸੀ ਮੰਨਦਾ। ਉਹ ਹਾਕਮਾਂ ਨੂੰ ਖ਼ੁਸ਼ ਕਰਨ ਖ਼ਾਤਿਰ ਸਰਕਾਰੀ ਸਮਾਗਮਾਂ ਵਿਚ ਹਿੱਸਾ ਲੈਣ ਤੋਂ ਨਾਬਰ ਸੀ।
* ਉਸ ਨੂੰ ਗਾਇਕੀ ਲਈ ਇਕ ਵੀ ਕੌਮੀ ਐਵਾਰਡ ਨਹੀਂ ਮਿਲਿਆ। ਨਾ ਹੀ ਕਦੇ ‘ਪਦਮ ਸ੍ਰੀ’ ਜਾਂ ‘ਪਦਮ ਭੂਸ਼ਨ’ ਲਈ ਉਸ ਦਾ ਨਾਮ ਵਿਚਾਰਿਆ ਗਿਆ। ਹਾਂ, ਉਸ ਦੀ ਆਵਾਜ਼ ਦੀ ਨਕਲ ਕਰਕੇ ਗਾਉਣ ਵਾਲੇ ਗਾਇਕ (ਕੁਮਾਰ ਸਾਨੂ/ਅਭਿਜੀਤ) ਇਸੇ ਨਕਲ ਦੇ ਸਹਾਰੇ ਉਪਰੋਕਤ ਉਪਾਧੀਆਂ ਬੜੀ ਆਸਾਨੀ ਨਾਲ ਪ੍ਰਾਪਤ ਕਰ ਗਏ।
ਸੱਚਮੁੱਚ ਹੀ ਜਾਨਦਾਰ ਤੇ ਸ਼ਾਨਦਾਰ ਹੈ ‘ਦਿ ਅਲਟੀਮੇਟ ਬਾਇਗ੍ਰੈਫੀ’।
* * *

ਮੁਲਾਕਾਤਾਂ ਵਾਲੀਆਂ ਕਿਤਾਬਾਂ ਨੂੰ ਹੱਥ ਪਾਉਣ ਤੋਂ ਮੈਨੂੰ ਅਕਸਰ ਭੈਅ ਆਉਂਦਾ ਹੈ। ਬਹੁਤੀ ਵਾਰ ਇਨ੍ਹਾਂ ਅੰਦਰਲੇ ਸਵਾਲ-ਜਵਾਬ ਬਹੁਤ ਸਤਹੀ ਕਿਸਮ ਦੇ ਹੁੰਦੇ ਹਨ। ਇਹ ਨਾ ਤਾਂ ਮੁਲਾਕਾਤ ਵਾਸਤੇ ਚੁਣੀ ਹਸਤੀ ਦੇ ਸਮਾਜਿਕ-ਸਾਹਿਤਕ ਕੱਦ ਨਾਲ ਨਿਆਂ ਕਰਦੇ ਹਨ ਅਤੇ ਨਾ ਹੀ ਪਾਠਕਾਂ ਦੀ ਜਿਗਿਆਸਾ ਸ਼ਾਂਤ ਕਰਦੇ ਹਨ। ਪਰ ਸਤਨਾਮ ਸਿੰਘ ਢਾਅ ਦੀ ਕਿਤਾਬ ‘ਰੰਗ ਆਪੋ ਆਪਣੇ’ (ਸਪਤਰਿਸ਼ੀ ਪ੍ਰਕਾਸ਼ਨ; 394 ਪੰਨੇ; 550 ਰੁਪਏ) ਉਪਰੋਕਤ ਢੱਰੇ ਤੋਂ ਵੱਖਰੀ ਹੈ। 10 ਮੁਲਾਕਾਤਾਂ ਉੱਤੇ ਆਧਾਰਿਤ ਇਹ ਕਿਤਾਬ ਸਬੰਧਿਤ ਹਸਤੀਆਂ ਦੀਆਂ ਸ਼ਖ਼ਸੀ ਖ਼ੂਬੀਆਂ ਅਤੇ ਸਮਾਜਿਕ-ਸਾਹਿਤਕ-ਸੱਭਿਆਚਾਰਕ ਯੋਗਦਾਨ ਨੂੰ ਗੁੰਦਵੇਂ ਰੂਪ ਵਿਚ ਪੇਸ਼ ਕਰਦੀ ਹੈ (ਜਾਂ ਡਾ. ਸੁਖਦੇਵ ਸਿੰਘ ਸਿਰਸਾ ਦੇ ਸ਼ਬਦਾਂ ਮੁਤਾਬਿਕ ‘ਬੰਦਿਆਂ ਵਿਚਲੇ ਬੰਦੇ ਦੇ ਦਰਸ਼ਨ’ ਕਰਵਾਉਂਦੀ ਹੈ, ਉਹ ਵੀ ਸੁਚੱਜੇ ਤੌਰ-ਤਰੀਕੇ ਨਾਲ)।
ਸ੍ਰੀ ਢਾਅ ਪਰਵਾਸੀ ਸਾਿਹਤਕਾਰ ਹਨ। ਇਸੇ ਤਰਜ਼ ਦੀਆਂ ਦੋ ਕਿਤਾਬਾਂ ਪਹਿਲਾਂ ਵੀ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਹੁਣ ਤੀਜੀ ਕਿਤਾਬ ਲਈ ਜਨਿ੍ਹਾਂ 10 ਸ਼ਖ਼ਸੀਅਤਾਂ ਦੀ ਉਨ੍ਹਾਂ ਨੇ ‘ਜਵਾਬ-ਤਲਬੀ’ ਕੀਤੀ, ਉਨ੍ਹਾਂ ਵਿਚ ਹਾਕੀ ਓਲੰਪੀਅਨ (ਸਵਰਗੀ) ਬਲਬੀਰ ਸਿੰਘ ਸੀਨੀਅਰ, ਬਹੁਪੱਖੀ ਲੇਖਕ ਸੂਫ਼ੀ ਅਮਰਜੀਤ, ਤਿੰਨ ਕਵੀ- ਜੁਗਿੰਦਰ ਅਮਰ, ਸੰਤੋਖ ਸਿੰਘ ਸੰਤੋਖ ਤੇ ਗੁਰਨਾਮ ਢਿੱਲੋਂ, ਕਹਾਣੀਕਾਰ ਜਰਨੈਲ ਸਿੰਘ, ਖੋਜਕਾਰ ਤੇ ਸਮੀਖਿਅਕ ਡਾ. ਪ੍ਰੀਤਮ ਸਿੰਘ ਕੈਂਬੋ, ਨਾਮਵਰ ਕੀਟ ਵਿਗਿਆਨੀ (ਸਵਰਗੀ) ਡਾ. ਪੁਸ਼ਪਿੰਦਰ ਜੈ ਰੂਪ, ਪੰਥ ਦਰਦੀ ਚਿੰਤਕ (ਸਵਰਗੀ) ਡਾ. ਇਕਬਾਲ ਸਿੰਘ ਪੰਨੂੰ ਅਤੇ ਪ੍ਰਬੁੱਧ ਪੱਤਰਕਾਰ ਜਤਿੰਦਰ ਪਨੂੰ ਸ਼ਾਮਲ ਹਨ। ਮੁਲਾਕਾਤਾਂ ਵਿਸਥਾਰਤ ਤੇ ਬਹੁਪਰਤੀ ਹਨ। ਮੈਨੂੰ ਡਾ. ਪੁਸ਼ਪਿੰਦਰ ਜੈ ਰੂਪ ਤੇ ਸੂਫ਼ੀ ਅਮਰਜੀਤ ਵਾਲੇ ਅੰਗ ਖ਼ਾਸ ਤੌਰ ’ਤੇ ਚੰਗੇ ਲੱਗੇ।

Advertisement
Author Image

Advertisement
Advertisement
×