ਅਕਸ਼ੈ ਕੁਮਾਰ ਨੇ ਪਤਨੀ ਟਵਿੰਕਲ ਨੂੰ ਦਿੱਤੀ ਜਨਮ ਦਿਨ ਦੀ ਵਧਾਈ
ਮੁੰਬਈ: ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਪਤਨੀ ਟਵਿੰਕਲ ਖੰਨਾ ਨੂੰ ਉਸ ਦੇ ਜਨਮ ਦਿਨ ’ਤੇ ਵਧਾਈਆਂ ਦਿੱਤੀਆਂ ਹਨ। ਉਹ ਹਾਲ ਹੀ ਵਿੱਚ ਫਿਲਮ ‘ਸਿੰਘਮ ਅਗੇਨ’ ਵਿੱਚ ਨਜ਼ਰ ਆਏ ਸਨ। ਇਸ ਸਬੰਧੀ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਨੇ ਟਵਿੰਕਲ ਦੀ ਜ਼ਿੰਦਗੀ ਬਾਰੇ ਲੋਕਾਂ ਦੀ ਸੋਚ ਅਤੇ ਉਸ ਦੀ ਅਸਲੀ ਜ਼ਿੰਦਗੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਵੀਡੀਓ ਵਿੱਚ ਪਹਿਲਾਂ ਉਹ ਧੁੱਪ ਸੇਕਦੀ ਦਿਖਾਈ ਦਿੰਦੀ ਹੈ ਅਤੇ ਦੂਜੇ ਹਿੱਸੇ ਵਿੱਚ ਘਰ ਵਿੱਚ ਕੁਝ ਗੁਣਗੁਣਾਉਂਦਿਆਂ ਤੇ ਨੱਚਦੀ ਦਿਖਾਈ ਦਿੰਦੀ ਹੈ। ਇਸ ਪੋਸਟ ਵਿੱਚ ਅਦਾਕਾਰ ਨੇ ਇੱਕ ਲੰਬੀ ਕੈਪਸ਼ਨ ਵੀ ਲਿਖੀ ਹੈ। ਉਸ ਨੇ ਲਿਖਿਆ ਕਿ ਉਹ ਆਪਣੀ ਪਤਨੀ ਤੋਂ ਕਾਫ਼ੀ ਕੁਝ ਸਿੱਖਦਾ ਹੈ। ਉਸ ਨੇ ਟਵਿੰਕਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਲਿਖਿਆ ਹੈ ਕਿ ਉਸ ਨੇ ਆਪਣੀ ਪਤਨੀ ਤੋਂ ਹੱਸਣਾ, ਗਾਉਣਾ ਅਤੇ ਨੱਚਣਾ ਸਿੱਖਿਆ ਹੈ। ਉਸ ਨੇ ਪੋਸਟ ਵਿੱਚ ਲਿਖਿਆ, ‘‘ਤੇਰੇ ਵਰਗਾ ਸਚ ਮੇਂ ਹੋਰ ਕੋਈ ਨਾ।’’ ਇਸ ਤੋਂ ਪਹਿਲਾਂ ਦੋਵੇਂ ਜਣੇ ਆਪਣੇ ਪੁੱਤਰ ਆਰਵ ਦਾ ਜਨਮ ਦਿਨ ਮਨਾਉਂਦੇ ਦਿਖਾਈ ਦਿੱਤੇ ਸਨ। ਦੋਵਾਂ ਜਣਿਆਂ ਨੇ ਆਪੋ-ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਪੋਸਟਾਂ ਸਾਂਝੀਆਂ ਕੀਤੀਆਂ ਸਨ ਜਿਨ੍ਹਾਂ ਵਿੱਚ ਉਨ੍ਹਾਂ ਆਪਣੇ ਪੁੱਤਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਸਨ। ਅਕਸ਼ੈ ਕੁਮਾਰ ਵੱਲੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਉਹ ਕਿਤੇ ਬਾਹਰ ਘੁੰਮਦੇ ਨਜ਼ਰ ਆ ਰਹੇ ਸਨ। -ਆਈਏਐੱਨਐੱਸ