ਅਕਸ਼ੈ ਕੁਮਾਰ ਵੱਲੋਂ ਪਰੇਸ਼ ਰਾਵਲ ਨਾਲ ਫਿਲਮ ‘ਭੂਤ ਬੰਗਲਾ’ ਦੀ ਸ਼ੂਟਿੰਗ ਸ਼ੁਰੂ
ਮੁੰਬਈ: ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ‘ਭੂਤ ਬੰਗਲਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੀ ਤਸਵੀਰ ਅਦਾਕਾਰ ਪਰੇਸ਼ ਰਾਵਲ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ਵਿਚ ਅਕਸ਼ੈ ਕੁਮਾਰ ਬਿਨਾਂ ਕਮੀਜ਼ ਤੋਂ ਬਾਹਾਂ ਫੈਲਾ ਕੇ ਕੁਰਸੀ ’ਤੇ ਬੈਠਾ ਹੈ ਤੇ ਉਸ ਦੇ ਨਾਲ ਪਰੇਸ਼ ਰਾਵਲ ਵੀ ਨਜ਼ਰ ਆ ਰਿਹਾ ਹੈ। ਪਰੇਸ਼ ਰਾਵਲ ਨੇ ਐਕਸ ’ਤੇ ਇਹ ਪੋਸਟ ਪਾਈ ਹੈ, ਜਿਸ ਵਿਚ ਅਕਸ਼ੈ ਸਰਦੀਆਂ ਦੀ ਧੁੱਪ ਸੇਕਦਾ ਨਜ਼ਰ ਆ ਰਿਹਾ ਹੈ। ਉਸ ਨੇ ਇਸ ਦੀ ਕੈਪਸ਼ਨ ਵਿਚ ਲਿਖਿਆ, ‘ਇਕ ਚਮਕਦਾ ਸਿਤਾਰਾ ਜੈਪੁਰ ’ਚ ਮਿਸਟਰ ਫਿੱਟ ਨਾਲ ਧੁੱਪ ਦਾ ਆਨੰਦ ਮਾਣਦਾ ਹੋਇਆ @ਅਕਸ਼ੈ ਕੁਮਾਰ ਨਾਲ ਫਿਲਮ ਭੂਤ ਬੰਗਲਾ ਦੇ ਸ਼ੂਟ ’ਤੇ।’ ਇਸ ਤੋਂ ਬਾਅਦ ਅਕਸ਼ੈ ਕੁਮਾਰ ਨੇ ਇਸ ਫੋਟੋ ਨੂੰ ਰਿਟਵੀਟ ਕਰਦਿਆਂ ਲਿਖਿਆ, ‘ਸੈੱਟ ’ਤੇ ਸ਼ਾਨਦਾਰ ਦਿਨ, ਚੰਗਾ ਮੌਸਮ ਤੇ ਵਧੀਆ ਸਾਥ।’ ਇਸ ਤੋਂ ਬਾਅਦ ਉਨ੍ਹਾਂ ਦੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਹਾਂਪੱਖੀ ਟਿੱਪਣੀਆਂ ਕੀਤੀਆਂ ਹਨ। ਪ੍ਰਸ਼ੰਸਕ ਨੇ ਲਿਖਿਆ, ‘ਸਾਨੂੰ ਇਸ ਦੀ ਬੇਸਬਰੀ ਨਾਲ ਉਡੀਕ ਹੈ ਸਰ! ਮੈਨੂੰ ਇਸ ਵਾਰ ਤੁਹਾਡੇ ਤੋਂ ਬਹੁਤ ਉਮੀਦ ਹੈ, ਸਰ, ਮੈਂ ਤੁਹਾਡੇ ਕੰਮ ਅਤੇ ਤੁਹਾਡੀ ਸਿਹਤ ਪ੍ਰਤੀ ਤੁਹਾਡੀ ਸਮਰਪਣ ਭਾਵਨਾ ਦੀ ਸੱਚਮੁੱਚ ਪ੍ਰਸ਼ੰਸਾ ਕਰਦਾ ਹਾਂ। ਤੁਹਾਡਾ ਧਿਆਨ ਅਤੇ ਅਨੁਸ਼ਾਸਨ ਉਹ ਗੁਣ ਹਨ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਚਾਹੁੰਦਾ ਹਾਂ ਅਤੇ ‘ਭੂਤ ਬੰਗਲਾ’ ਵਿੱਚ ਤੁਹਾਨੂੰ ਇਕੱਠਿਆਂ ਦੇਖਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ।’ ਇਹ ਫਿਲਮ 2 ਅਪਰੈਲ 2026 ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਅਕਸ਼ੈ ਦੀਆਂ ਇਸ ਸਾਲ ਕਈ ਫਿਲਮਾਂ ਰਿਲੀਜ਼ ਹੋਣਗੀਆਂ, ਜਿਨ੍ਹਾਂ ਵਿੱਚ ‘ਸਕਾਈ ਫੋਰਸ’, ‘ਜੌਲੀ ਐਲਐਲਬੀ 3’, ‘ਵੈਲਕਮ ਟੂ ਦਿ ਜੰਗਲ’, ‘ਹਾਊਸਫੁੱਲ 5’, ਅਤੇ ‘ਹੇਰਾ ਫੇਰੀ 3’ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ‘ਭੂਤ ਬੰਗਲਾ’ ਤੋਂ ਇਲਾਵਾ ਅਕਸ਼ੈ ਅਤੇ ਪਰੇਸ਼ ‘ਹੇਰਾ ਫੇਰੀ 3’ ਵਿਚ ਵੀ ਇਕੱਠੇ ਨਜ਼ਰ ਆਉਣਗੇ। -ਆਈਏਐੱਨਐੱਸ