ਨਿਮਰਤ ਆਹਲੂਵਾਲੀਆ ਦੀ ਪਹਿਲੀ ਫਿਲਮ ‘ਸ਼ੌਂਕੀ ਸਰਦਾਰ’ 16 ਮਈ ਨੂੰ ਹੋਵੇਗੀ ਰਿਲੀਜ਼
ਮੁੰਬਈ: ਨਿਮਰਤ ਕੌਰ ਆਹਲੂਵਾਲੀਆ ਦੀ ਪਹਿਲੀ ਪੰਜਾਬੀ ਫਿਲਮ ‘ਸ਼ੌਂਕੀ ਸਰਦਾਰ’ 16 ਮਈ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿਚ ਨਿਮਰਤ ਨਾਲ ਗੁਰੂ ਰੰਧਾਵਾ ਅਤੇ ਬੱਬੂ ਮਾਨ ਵੀ ਕਿਰਦਾਰ ਨਿਭਾਉਣਗੇ। ਇਸ ਫਿਲਮ ਬਾਰੇ ਉਤਸ਼ਾਹਿਤ ਨਿਮਰਤ ਨੇ ਕਿਹਾ, ‘ਇਹ ਮੇਰੇ ਲਈ ਬਹੁਤ ਹੀ ਖਾਸ ਪਲ ਹਨ ਕਿਉਂਕਿ ਮੈਂ ਆਪਣੀ ਪਹਿਲੀ ਫਿਲਮ ਪੰਜਾਬੀ ‘ਸ਼ੌਂਕੀ ਸਰਦਾਰ’ ਦੇ ਰਿਲੀਜ਼ ਹੋਣ ਦੀ ਮਿਤੀ ਦਾ ਐਲਾਨ ਕਰ ਰਹੀ ਹਾਂ, ਇਹ ਫਿਲਮ ਇਸ ਸਾਲ 16 ਮਈ ਨੂੰ ਰਿਲੀਜ਼ ਹੋ ਰਹੀ ਹੈ। ‘ਸ਼ੌਂਕੀ ਸਰਦਾਰ’ ਦਾ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਨੇ ਕੀਤਾ ਹੈ ਅਤੇ ਇਹ ਫਿਲਮ ਪੰਜਾਬ ਦੇ ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਭਾਵਨਾਵਾਂ ਦੇ ਵੇਗ ਨੂੰ ਦਰਸਾਉਂਦੀ ਹੈ। ਨਿਮਰਤ ਨੇ ਕਿਹਾ ਕਿ ਇਹ ਫਿਲਮ ਸਿੱਖਣ ਤੇ ਅੱਗੇ ਵਧਣ ਵਿਚ ਮਦਦ ਕਰੇਗੀ ਕਿਉਂਕਿ ਗੁਰੂ ਰੰਧਾਵਾ ਅਤੇ ਬੱਬੂ ਮਾਨ ਵਰਗੇ ਸਟਾਰ ਕਲਾਕਾਰਾਂ ਨਾਲ ਸਕਰੀਨ ਸਾਂਝਾ ਕਰਨ ਨਾਲ ਕਾਫੀ ਕੁਝ ਸਿੱਖਣ ਨੂੰ ਮਿਲੇਗਾ। ਜ਼ਿਕਰਯੋਗ ਹੈ ਕਿ ਨਿਮਰਤ ਨੇ ਹਾਲ ਹੀ ਵਿਚ ‘ਛੋਟੀ ਸਰਦਾਰਨੀ’ ਦੇ ਸ਼ੋਅ ਨਾਲ ਨਾਮਣਾ ਖੱਟਿਆ ਸੀ। ਨਿਮਰਤ ਨੇ ਕਿਹਾ ਕਿ ਇਹ ਫਿਲਮ ਉਸ ਲਈ ਹੋਰ ਵੀ ਸਾਰਥਕ ਹੈ ਕਿਉਂਕਿ ਇਹ ਪੰਜਾਬੀ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੁੜੀ ਹੋਈ ਹੈ। ਦੱਸਣਾ ਬਣਦਾ ਹੈ ਕਿ ਨਿਮਰਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਉਸ ਨੇ 2018 ਵਿੱਚ ਫੈਮਿਨਾ ਮਿਸ ਮਨੀਪੁਰ ਦਾ ਖ਼ਿਤਾਬ਼ ਜਿੱਤਿਆ ਸੀ। ਇਸ ਤੋਂ ਬਾਅਦ ਉਹ ਬੀ ਪਰਾਕ ਦੀ ਸੰਗੀਤਕ ਵੀਡੀਓ ‘ਮਸਤਾਨੀ’ ਵਿੱਚ ਆਈ। -ਆਈਏਐੱਨਐੱਸ